ਗੰਨਮੈਨ ਦਾ ਖੋਹਿਆ ਰਿਵਾਲਵਰ, ਘਟਨਾ ਮਗਰੋ ਸ਼ਿਵ ਸੈਨਾ ਆਗੂਆਂ ਨੇ ਕੀਤਾ ਰੋਡ ਜਾਮ
Ludhiana News : ਲੁਧਿਆਣਾ 'ਚ ਅੱਜ ਸ਼ਿਵ ਸੈਨਾ ਟਕਸਾਲੀ ਆਗੂ ਅਤੇ ਸੁਖਦੇਵ ਥਾਪਰ ਦੇ ਵੰਸ਼ਜ ਸੰਦੀਪ ਥਾਪਰ 'ਤੇ ਸਿਵਲ ਹਸਪਤਾਲ ਦੇ ਬਾਹਰ ਨਿਹੰਗਾਂ ਦੇ ਭੇਸ 'ਚ ਆਏ ਕੁਝ ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਹੈ। ਇਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਸੀ.ਐਮ.ਸੀ. 'ਚ ਭਰਤੀ ਕਰਵਾਇਆ ਗਿਆ ਹੈ।
ਇਸ ਵਾਰਦਾਤ ਦੀ ਸੀ.ਸੀ.ਟੀ.ਵੀ. ਫੂਟੇਜ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੇ ਸਮੇਂ ਗੰਨਮੈਨ ਸੰਦੀਪ ਦੇ ਨਾਲ ਮੌਜੂਦ ਸੀ। ਉਸ ਕੋਲ ਰਿਵਾਲਵਰ ਸੀ ਪਰ ਨਿਹੰਗਾਂ ਨੇ ਖੋਹ ਲਿਆ ਸੀ। ਗੋਰਾ ਦੇ ਗੰਨਮੈਨ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਏ। ਹਮਲੇ ਤੋਂ ਬਾਅਦ ਹਮਲਾਵਰ ਸੰਦੀਪ ਦੀ ਸਕੂਟਰੀ ਲੈ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਗੋਰਾ ਥਾਪਰ ਅੱਜ 12 ਵਜੇ ਦੇ ਕਰੀਬ ਸਿਵਲ ਹਸਪਤਾਲ ਪਹੁੰਚੇ ਜਦੋਂ ਉਹ ਸਿਵਲ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਸਾਈਕਲ ਸਟੈਂਡ ਲਾਗੇ ਚਾਰ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਉਨ੍ਹਾਂ ਦੇ ਸਿਰ, ਬਾਹਾਂ ਤੇ ਸਰੀਰ ਦੇ ਹੋਰ ਅੰਗਾਂ 'ਤੇ ਗੰਭੀਰ ਸੱਟਾਂ ਮਾਰੀਆਂ। ਚਾਰ ਵਿਅਕਤੀ ਪਹਿਲਾਂ ਹੀ ਸਿਵਲ ਹਸਪਤਾਲ ਦੇ ਬਾਹਰ ਚੱਕਰ ਕੱਟ ਰਹੇ ਸਨ।
ਇਸ ਘਟਨਾ ਤੋਂ ਬਾਅਦ ਸ਼ਿਵ ਸੈਨਾ ਆਗੂਆਂ ਨੇ ਗੁੱਸੇ ਵਿੱਚ ਆ ਕੇ ਸੜਕ ਜਾਮ ਕਰ ਦਿੱਤੀ। ਇਸ ਦੇ ਮੱਦੇਨਜ਼ਰ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਮਾਹੌਲ ਤਣਾਅਪੂਰਨ ਹੈ। ਸ਼ਿਵ ਸੈਨਾ ਆਗੂਆਂ ਨੇ ਲੁਧਿਆਣਾ ਪੁਲਿਸ ਨੂੰ 12 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਰੋਪੀ ਨਾ ਫੜੇ ਗਏ ਤਾਂ ਉਹ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕਰਨਗੇ।
ਦੂਜੇ ਪਾਸੇ ਡੀਸੀਪੀ ਜਸਕਰਨ ਸਿੰਘ ਤੇਜਾ ਸੰਦੀਪ ਥਾਪਰ ਨੂੰ ਮਿਲਣ ਹਸਪਤਾਲ ਪੁੱਜੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।