
ਜਿਲ੍ਹਾ ਤਰਨ ਤਾਰਨ ਅਤੇ ਇਸ ਦੇ ਨੇੜਲੇ ਪਿੰਡਾਂ ਵਿੱਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਪੰਜਾਬ ਪ੍ਰਧਾਨ ਮਨਜਿੰਦਰ........
ਸ੍ਰੀ ਗੋਇੰਦਵਾਲ ਸਾਹਿਬ, 4 ਅਗੱਸਤ (ਅੰਤਰਪ੍ਰੀਤ ਸਿੰਘ ਖਹਿਰਾ): ਜਿਲ੍ਹਾ ਤਰਨ ਤਾਰਨ ਅਤੇ ਇਸ ਦੇ ਨੇੜਲੇ ਪਿੰਡਾਂ ਵਿੱਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਪੰਜਾਬ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਰੈਸ਼ੀਆਣੇ ਰਿਹਾਇਸ਼ ਦਾ ਘਿਰਾਉ ਕਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾਕਾਰੀ ਵਿਧਾਇਕ ਸਿੱਕੀ ਦੀ ਰਿਹਾਇਸ਼ ਦੇ ਬੰਦ ਗੇਟ ਨੂੰ ਧੱਕੇ ਨਾਲ ਖੋਲ੍ਹ ਕੇ ਅੰਦਰ ਵੜ ਗਏ ਅਤੇ ਵਿਧਾਇਕ ਅਤੇ ਉਸ ਦੇ ਪੀ.ਏ ਖਿਲਾਫ਼ ਜੰਮ੍ਹ ਕੇ ਭੜਾਸ ਕੱਢੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਹਲਕੇ ਅੰਦਰ ਇੰਨਾ ਵੱਡਾ ਦੁਖਾਂਤ ਵਾਪਰਿਆ ਹੋਵੇ ਅਤੇ ਹਲਕੇ ਦਾ ਵਿਧਾਇਕ ਜਿੰਨਾ ਲੋਕਾਂ ਦੀਆਂ ਵੋਟਾਂ ਦੀ ਬਦੌਲਤ ਵਿਧਾਇਕ ਬਣਿਆ ਹੋਵੇ ਉਨ੍ਹਾਂ ਦੀ ਸਾਰ ਨਾ ਲਵੇ ਕਿੰਨਾ ਮੰਦਭਾਗਾ ਹੈ।
ਉਹਨਾਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਪੀ.ਏ ਜਰਮਨ ਕੰਗ ਨੂੰ ਸਿੱਧੇ ਤੌਰ ਤੇ ਇਸ ਘਟਨਾ ਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਵਿਧਾਇਕ ਦੇ ਪੀ.ਏ ਦੇ ਸਬੰਧ ਨਜਾਇਜ਼ ਸ਼ਰਾਬ ਕਾਰੋਬਾਰੀਆਂ ਨਾਲ ਹਨ ਅਤੇ ਵਿਧਾਇਕ ਸਿੱਕੀ ਵਲੋਂ ਆਪਣੇ ਪੀ.ਏ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਗੋਇੰਦਵਾਲ ਸਾਹਿਬ ਦੇ ਸਬ ਡਵੀਜ਼ਨ ਦੇ ਡੀ.ਐਸ.ਪੀ ਕੰਵਲਪ੍ਰੀਤ ਸਿੰਘ ਮੰਡ ਵੀ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਦਾ ਭਰੋਸਾ ਦਿੰਦਿਆਂ ਧਰਨਾਕਾਰੀਆਂ ਨੂੰ ਸ਼ਾਤ ਕਰਵਾ ਕੇ ਕਾਰਵਾਈ ਦਾ ਭਰੋਸਾ ਦਿਤਾ।
File Photo
ਤਰਨ ਤਾਰਨ, 4 ਅਗੱਸਤ (ਅਜੀਤ ਘਰਿਆਲਾ) : ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੀ ਨਸ਼ਾਖੋਰੀ ਵਿਰੁੱਧ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਤਰਨ ਤਾਰਨ ਦੇ ਇੰਚਾਰਜ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਵਿਚ ਅਹੁਦੇਦਾਰਾਂ ਵੱਲੋਂ ਹੱਥਾਂ ਵਿੱਚ ਵੱਖ ਵੱਖ ਨਾਹਰਿਆਂ ਵਾਲੀਆਂ ਤਖ਼ਤੀਆਂ ਫੜ ਕੇ ਰੋਸ ਵਿਖਾਵਾ ਕੀਤਾ ਗਿਆ ਅਤੇ ਸਥਾਨਕ ਐਮ.ਐਲ.ਏ. ਡਾ. ਧਰਮਵੀਰ ਅਗਨੀਹੋਤਰੀ ਦੀ ਕੋਠੀ ਦਾ ਘਿਰਾਉ ਕੀਤਾ ਗਿਆ। ਪੁਲਿਸ ਵਲੋਂ ਰੋਕਣ ਤੋਂ ਬਾਅਦ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਉਥੇ ਹੀ ਧਰਨੇ 'ਤੇ ਬੈਠ ਗਏ। ਉਨ੍ਹਾਂ ਨੇ ਵਿਧਾਇਕ ਅਤੇ ਸਰਕਾਰ ਦੇ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ।
ਉਨ੍ਹਾਂ ਮੰਗ ਕੀਤੀ ਕਿ ਜਿਥੇ ਅਪਣੀ ਡਿਊਟੀ ਵਿਚ ਅਣਗਹਿਲੀ ਕਰਨ ਵਾਲੇ ਅਫਸਰਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ, ਉਥੇ ਇਸ ਘਟਨਾ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਪੜਤਾਲ ਕਰਵਾ ਕੇ ਇਸ ਧੰਦੇ ਦੀ ਸਰਪ੍ਰਸਤੀ ਕਰਨ ਵਾਲੇ ਰਾਜਨੀਤਕ ਲੋਕਾਂ ਤੇ ਵੀ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਡਾ. ਸੋਹਲ ਨੇ ਕਿਹਾ ਕਿ ਉਹ ਸਥਾਨਕ ਐੱਮ ਐੱਲ ਏ ਡਾ. ਅਗਨੀਹੋਤਰੀ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਆਏ ਹਨ ਤਾਕਿ ਪੀੜਤ ਲੋਕਾਂ ਨੂੰ ਇਨਸਾਫ਼ ਮਿਲ ਸਕੇ।
ਇਸ ਸਮੇਂ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਖਣਾ, ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕੋਆਰਡੀਨੇਟਰ ਬਲਜੀਤ ਸਿੰਘ ਖਹਿਰਾ, ਕੈਪਟਨ ਲਖਵਿੰਦਰ ਸਿੰਘ ਮੰਨਣ, ਮਾਸਟਰ ਸ਼ੰਗਾਰਾ ਸਿੰਘ, ਬਲਦੇਵ ਸਿੰਘ ਪੰਨੂੰ, ਮਾਸਟਰ ਤਸਵੀਰ ਸਿੰਘ, ਦਵਿੰਦਰ ਸਿੰਘ ਗਰੇਵਾਲ, ਸੂਬੇਦਾਰ ਗੁਰਮੇਜ ਸਿੰਘ ਗੱਗੋਬੂਹਾ ਅਤੇ ਹੋਰ ਬਹੁਤ ਸਾਰੇ ਵਲੰਟੀਅਰ ਹਾਜ਼ਰ ਸਨ।