
ਸੰਸਦ ਦੇ ਬਾਹਰ ਹਰਸਿਮਰਤ ਬਾਦਲ ਨਾਲ ਭਿੜੇ ਰਵਨੀਤ ਸਿੰਘ ਬਿੱਟੂ
‘ਜਦੋਂ ਖੇਤੀ ਬਿੱਲ ਪਾਸ ਹੋਏ ਤਾਂ ਤੁਸੀਂ ਮੰਤਰੀ ਸੀ, ਹੁਣ ਕਰ ਰਹੇ ਹੋ ਡਰਾਮਾ’
ਨਵੀਂ ਦਿੱਲੀ, 4 ਅਗੱਸਤ : ਨਵੇਂ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਹੰਗਾਮਾ ਲਗਾਤਾਰ ਜਾਰੀ ਹੈ। ਇਸ ਦਾ ਅਸਰ ਬੁਧਵਾਰ ਨੂੰ ਸੰਸਦ ਦੇ ਬਾਹਰ ਵੀ ਵੇਖਣ ਨੂੰ ਮਿਲਿਆ। ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਰਮਿਆਨ ਸ਼ਬਦੀ ਜੰਗ ਹੋਈ। ਬਿੱਟੂ ਨੇ ਤਖ਼ਤੀਆਂ ਲੈ ਕੇ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਬੀਬੀ ਬਾਦਲ ਅਤੇ ਅਕਾਲੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਤੁਹਾਡਾ ਇਹ ਪ੍ਰਦਰਸ਼ਨ ਨਕਲੀ ਹੈ।
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਜਿਸ ਸਮੇਂ ਸਰਕਾਰ ਸੰਸਦ ਵਿਚ ਖੇਤੀਬਾੜੀ ਕਾਨੂੂੰਨ ਪਾਸ ਕਰਵਾ ਰਹੀ ਸੀ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਨਾਲ ਸੀ। ਇਸ ਦੇ ਕਿਸੇ ਵੀ ਨੇਤਾ ਨੇ ਕੇਂਦਰ ਸਰਕਾਰ ਦੇ ਬਿੱਲ ’ਤੇ ਇਤਰਾਜ਼ ਨਾ ਕੀਤਾ। ਜਦੋਂ ਸੰਸਦ ਵਿਚ ਬਿੱਲ ਪਾਸ ਕੀਤਾ ਗਿਆ ਤਾਂ ਅਕਾਲੀ ਦਲ ਦੇ ਆਗੂਆਂ ਨੇ ਕਿਸਾਨਾਂ ਦੇ ਹਿਤੈਸ਼ੀ ਬਣਨ ਲਈ ਘਰ ਜਾ ਕੇ ਅਸਤੀਫ਼ਾ ਦੇ ਦਿਤਾ। ਇਹ ਲੋਕ ਹਰ ਰੋਜ਼ ਡਰਾਮਾ ਕਰਦੇ ਹਨ, ਜਦੋਂ ਕਿ ਇਨ੍ਹਾਂ ਲੋਕਾਂ ਦੇ ਕੈਬਨਿਟ ਵਿਚ ਰਹਿੰਦੇ ਹੋਏ ਬਿੱਲ ਪਾਸ ਹੋਇਆ।
ਉਨ੍ਹਾਂ ਕਿਹਾ ਕਿ ਤੁਸੀਂ ਮੰਤਰੀ ਰਹਿੰਦੇ ਕੋਈ ਵਿਰੋਧ ਨਹੀਂ ਕੀਤਾ, ਬਿੱਲ ਪਾਸ ਹੋ ਗਏ ਪਰ ਤੁਸੀਂ ਕੁੱਝ ਨਹੀਂ ਕਿਹਾ। ਬਿੱਟੂ ਨੇ ਕਿਹਾ ਕਿ ਬਿੱਲ ਪਾਸ ਹੋਣ ਤੋਂ 2 ਮਹੀਨੇ ਬਾਅਦ ਤਕ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਗ਼ਾਇਬ ਰਹੇ। ਇਹ ਕਹਿੰਦੇ ਨੇ ਕਿ ਇਕਜੁਟ ਹੋ ਕੇ ਸਰਕਾਰ ਵਿਰੁਧ ਵਿਰੋਧ ਕਰੋ। ਇਨ੍ਹਾਂ ਨਾਲ ਅਸੀਂ ਕਿਹੋ ਜਿਹੀ ਏਕਤਾ ਰੱਖੀਏ? ਇਨ੍ਹਾਂ ਨੇ ਆਪ ਹੀ ਬਿੱਲ ਪਾਸ ਕਰਵਾਏ ਤੇ ਹੁਣ ਰੋਜ਼ ਡਰਾਮਾ ਕਰ ਰਹੇ ਹਨ’’। (ਏਜੰਸੀ)