ਇਨ੍ਹਾਂ ਸਿਖਲਾਈ ਕੇਂਦਰਾਂ ’ਤੇ 18 ਫ਼ੀਸਦੀ ਜੀਐੱਸਟੀ ਲਗਿਆ ਹੋਇਆ ਹੈ।
ਚੰਡੀਗੜ੍ਹ : ਪੰਜਾਬ ਦੀ ‘ਆਈਲੈਟਸ ਮਾਰਕੀਟ’ ’ਚ ਕਰੋੜਾਂ ਰੁਪਏ ਦੀ ਟੈਕਸ ਚੋਰੀ ਹੋਣ ਦੇ ਮਾਮਲੇ ਚ ਸੀਐਮ ਮਾਨ ਨੇ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਹਨ। 21 ਆਈਲੈਟਸ ਕੇਂਦਰਾਂ ਵਲੋਂ ਕਰੀਬ ਚਾਰ ਕਰੋੜ ਦੀ ਟੈਕਸ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਜ਼ਿਆਦਾਤਰ ਆਈਲੈਟਸ ਕੇਂਦਰ ਨਕਦ ਵਿਚ ਫ਼ੀਸ ਵਸੂਲਦੇ ਹਨ ਤਾਂ ਜੋ ਟੈਕਸਾਂ ਤੋਂ ਬਚਿਆ ਜਾ ਸਕੇ। ਵੇਰਵਿਆਂ ਅਨੁਸਾਰ ਪੰਜਾਬ ਵਿਚ ਕਰੀਬ 1 ਹਜ਼ਾਰ ਆਈਲੈਟਸ ਸਿਖਲਾਈ ਕੇਂਦਰ ਹਨ ਜਿਨ੍ਹਾਂ ਦਾ ਜੀਐੱਸਟੀ ਵਿਚ ਕਰੀਬ ਇੱਕ ਹਜ਼ਾਰ ਕਰੋੜ ਦਾ ਯੋਗਦਾਨ ਹੈ।
ਪੰਜਾਬ ਦੇ ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦਸਿਆ ਕਿ ਵਿਭਾਗ ਨੇ ਹੁਣ ਤੱਕ ਮੁਹਾਲੀ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਬਰਨਾਲਾ, ਰਾਜਪੁਰਾ, ਮੋਗਾ ਅਤੇ ਮਾਲੇਰਕੋਟਲਾ ਦੇ ਟੈਕਸ ਚੋਰੀ ਕਰਨ ਵਾਲੇ 21 ਆਈਲੈਟਸ ਕੇਂਦਰ ਸ਼ਨਾਖ਼ਤ ਕੀਤੇ ਹਨ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਇੱਕ ਕੇਂਦਰ ਵਲੋਂ ਘੱਟੋ ਘੱਟ ਤਿੰਨ ਲੱਖ ਰੁਪਏ ਦੇ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਆਈਲੈਟਸ ਕੇਂਦਰ ਅਤੇ ਇਮੀਗਰੇਸ਼ਨ ਕੇਂਦਰ ਗੈਰਕਾਨੂੰਨੀ ਤੌਰ ’ਤੇ ਚੱਲ ਰਹੇ ਸਨ ਜਿਨ੍ਹਾਂ ਦੀ ਜਾਂਚ ਕੀਤੀ ਗਈ ਹੈ ਅਤੇ ਅਜਿਹੇ ਕੇਂਦਰਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਬਹੁਤੇ ਆਈਲੈਟਸ ਕੇਂਦਰਾਂ ਵਾਲੇ ਇੱਕ ਸ਼ਹਿਰ ਵਿਚ ਲਾਇਸੈਂਸ ਲੈਣ ਮਗਰੋਂ ਦੂਸਰੇ ਸ਼ਹਿਰਾਂ ਵਿਚ ਬਰਾਂਚ ਖੋਲ੍ਹ ਲੈਂਦੇ ਸਨ ਪਰ ਹੁਣ ਉਨ੍ਹਾਂ ਨੂੰ ਹਰ ਸ਼ਹਿਰ ਵਾਸਤੇ ਵੱਖਰਾ ਲਾਇਸੈਂਸ ਲੈਣਾ ਹੋਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਜ਼ਰੀਏ ਸੂਚਨਾ ਮਿਲੀ ਸੀ ਕਿ ਆਈਲੈਟਸ ਕੇਂਦਰਾਂ ਵਿਚ ਟੈਕਸ ਚੋਰੀ ਹੋ ਰਹੀ ਹੈ। ਉਨ੍ਹਾਂ ਦੇਖਿਆ ਕਿ ਭਾਵੇਂ ਸੂਬੇ ਵਿਚ ਇਨ੍ਹਾਂ ਕੇਂਦਰਾਂ ਦਾ ਕਾਰੋਬਾਰ ਤਾਂ ਵਧ ਰਿਹਾ ਸੀ ਪਰ ਉਸ ਦੇ ਮੁਕਾਬਲੇ ਟੈਕਸ ਵਸੂਲੀ ਵਿਚ ਕੋਈ ਵਾਧਾ ਨਹੀਂ ਹੋ ਰਿਹਾ ਸੀ। ਇਨ੍ਹਾਂ ਸਿਖਲਾਈ ਕੇਂਦਰਾਂ ’ਤੇ 18 ਫ਼ੀਸਦੀ ਜੀਐੱਸਟੀ ਲਗਿਆ ਹੋਇਆ ਹੈ।