200 ਕਰੋੜ ਦਾ ਟੈਂਡਰ ਰੱਦ
ਚੰਡੀਗੜ੍ਹ - ਚੰਡੀਗੜ੍ਹ 'ਚ ਮਕਾਨ ਲੈਣ ਦਾ ਸੁਪਨਾ ਇਕ ਵਾਰ ਫਿਰ ਅਟਕ ਗਿਆ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਦੀ 15 ਅਗਸਤ ਨੂੰ ਸ਼ੁਰੂ ਹੋਣ ਵਾਲੀ ਸਕੀਮ ਨੂੰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਰੋਕ ਦਿੱਤਾ ਹੈ। ਉਨ੍ਹਾਂ ਨੇ ਇੱਕ ਮੀਟਿੰਗ ਦੌਰਾਨ ਸੈਕਟਰ 53 ਵਿਚ ਬਣਨ ਵਾਲੇ ਇਨ੍ਹਾਂ ਫਲੈਟਾਂ ਦੀ ਸਕੀਮ ’ਤੇ ਇਤਰਾਜ਼ ਜਤਾਇਆ ਹੈ।
ਇਸ ਕਾਰਨ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਇਸ ਸਕੀਮ ਲਈ ਲਾਏ 200 ਕਰੋੜ ਰੁਪਏ ਦੇ ਟੈਂਡਰ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਸਕੀਮ ਦੀ ਕੋਈ ਲੋੜ ਨਹੀਂ ਹੈ। ਚੰਡੀਗੜ੍ਹ ਨੂੰ ਦੇਖਦੇ ਹੋਏ ਭਵਿੱਖ ਲਈ ਸਪੇਸ ਬਚਾਈ ਜਾਣੀ ਚਾਹੀਦੀ ਹੈ। ਤਾਂ ਜੋ ਆਉਣ ਵਾਲੇ ਸਮੇਂ ਵਿਚ ਚੰਡੀਗੜ੍ਹ ਵਾਸੀਆਂ ਦੀਆਂ ਹੋਰ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।
ਸੈਕਟਰ 53 ਵਿਚ ਮਕਾਨ ਬਣਾਉਣ ਦੀ ਇਹ ਸਕੀਮ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ 15 ਅਗਸਤ ਨੂੰ ਸ਼ੁਰੂ ਕੀਤੀ ਜਾਣੀ ਸੀ। ਇਸ ਵਿਚ ਲੋਕਾਂ ਨੂੰ 2026 ਤੱਕ ਫਲੈਟਾਂ ਦੀ ਅਲਾਟਮੈਂਟ ਦੇਣੀ ਸੀ। ਇਸ ਤੋਂ ਪਹਿਲਾਂ ਵੀ ਇਹ ਸਕੀਮ 2018 ਵਿਚ ਰੱਦ ਕਰ ਦਿੱਤੀ ਗਈ ਸੀ। ਹੁਣ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਦੀ ਸਹਿਮਤੀ ਨਾ ਮਿਲਣ ਤੋਂ ਬਾਅਦ ਇਹ ਸਕੀਮ ਅਣਮਿੱਥੇ ਸਮੇਂ ਲਈ ਠੱਪ ਹੋ ਗਈ ਹੈ।
ਇਸ ਸਕੀਮ ਤਹਿਤ ਕੁੱਲ 340 ਫਲੈਟਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਵਿਚ ਤਿੰਨ ਤਰ੍ਹਾਂ ਦੇ ਫਲੈਟ ਬਣਾਏ ਜਾਣੇ ਸਨ। 192 ਫਲੈਟ ਤਿੰਨ ਬੈੱਡਰੂਮ ਦੇ ਸਨ, 100 ਫਲੈਟ ਦੋ ਬੈੱਡਰੂਮਾਂ ਦੇ ਸਨ ਅਤੇ 48 ਫਲੈਟ EWS ਕੋਟੇ ਵਿਚ ਸ਼ਾਮਲ ਸਨ। 3 ਬੈੱਡਰੂਮ ਵਾਲੇ ਫਲੈਟ ਦੀ ਕੀਮਤ 1.65 ਕਰੋੜ ਰੁਪਏ, 2 ਬੈੱਡਰੂਮ ਦੀ 1.4 ਕਰੋੜ ਰੁਪਏ ਅਤੇ EWS ਦੀ ਕੀਮਤ 55 ਲੱਖ ਰੁਪਏ ਰੱਖੀ ਗਈ ਹੈ।