ਆਰੋਪੀਆਂ 'ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਆਰੋਪ
Barnala News : ਬਰਨਾਲਾ ਦੀ ਵਿਜੀਲੈਂਸ ਟੀਮ ਨੇ ਜ਼ਿਲ੍ਹੇ ਦੇ ਪਿੰਡ ਹਮੀਦੀ ਦੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ ਅਤੇ 2 ਮੈਂਬਰਾਂ ਨੂੰ ਸਭਾ ਦੇ ਸੈਕਟਰੀ ਖ਼ਿਲਾਫ਼ ਪਹਿਲਾਂ ਤੋਂ ਦਰਜ ਹੋਏ ਮੁਕੱਦਮੇ ਵਿੱਚ ਨਾਮਜ਼ਦ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਮੇਲ ਸਿੰਘ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੇ ਦੱਸਿਆ ਕਿ ਜਗਤਾਰ ਸਿੰਘ ਸੈਕਟਰੀ ਦੀ ਹਮੀਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਿਟਡ" ਦੇ ਖ਼ਿਲਾਫ਼ 1 ਜੂਨ 2021 ਨੂੰ ਦਰਜ ਹੋਏ ਮੁਕੱਦਮੇ ਦੀ ਅਗਲੇਰੀ ਤਫਤੀਸ਼ ਕਰਦੇ ਹੋਏ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਪੁੱਤਰ ਹਰਨੇਕ ਸਿੰਘ ਅਤੇ 2 ਮੈਂਬਰ ਕੇਵਲ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਸੁਰਜੀਤ ਸਿੰਘ ਪੁੱਤਰ ਨਾਹਰ ਸਿੰਘ ਵਾਸੀਆਨ ਪਿੰਡ ਹਮੀਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਦਰਸ਼ਨ ਸਿੰਘ ਪ੍ਰਧਾਨ ਤੇ ਕੇਵਲ ਸਿੰਘ, ਸੁਰਜੀਤ ਸਿੰਘ ਮੈਂਬਰਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਭਾ ਵਿੱਚ ਆਉਣ ਵਾਲੇ ਸਮਾਨ ਜਿਵੇਂ ਕਿ ਜ਼ਰੂਰੀ ਵਸਤੂਆਂ ਤੇ ਖਾਦਾਂ ਦੀਆਂ ਬਾਲਟੀਆਂ ਤੇ ਆਪਣੇ ਦਸਤਖ਼ਤ ਕੀਤੇ ਗਏ ਹਨ, ਜਦਕਿ ਸਭਾ ਵਿੱਚ ਕੋਈ ਵੀ ਸਮਾਨ ਹਾਸਲ ਕਰਨ ਦੀ ਡਿਊਟੀ ਸਿਰਫ ਸਭਾ ਦੇ ਸਕੱਤਰ ਦੀ ਹੀ ਬਣਦੀ ਹੈ।
ਜਿਸ ਕਰਕੇ ਪ੍ਰਧਾਨ ਅਤੇ ਉਕਤ ਦੋ ਮੈਂਬਰ ਵੀ ਦੋਸ਼ੀ ਸੈਕਟਰੀ ਜਗਤਾਰ ਸਿੰਘ ਵੱਲੋਂ ਕੀਤੇ ਗਏ ਜੁਰਮ ਦੇ ਬਰਾਬਰ ਦੇ ਭਾਗੀਦਾਰ ਹਨ। ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਮੁਕੱਦਮੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।