ਲੋਕਾਂ ਨੇ ਰਾਤ ਨੂੰ ਘਰੋਂ ਬਾਹਰ ਨਿਕਲਣਾ ਕੀਤਾ ਬੰਦ
Fazilka News : ਫਾਜ਼ਿਲਕਾ ਜ਼ਿਲੇ ਦੇ ਪਿੰਡ ਮਾਮੂਖੇੜਾ 'ਚ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਐਨਾ ਖੌਫ਼ ਪੈਦਾ ਹੋ ਗਿਆ ਹੈ ਕਿ ਪਿੰਡ ਦੇ ਲੋਕਾਂ ਨੇ ਹੁਣ ਰਾਤ ਨੂੰ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਲੁਟੇਰਿਆਂ ਨੇ ਫ਼ਰਮਾਨ ਜਾਰੀ ਕਰ ਦਿੱਤਾ ਹੈ। ਜੇਕਰ ਉਨ੍ਹਾਂ ਨੂੰ ਵਿਅਕਤੀ ਦੀ ਜੇਬ 'ਚੋਂ ਇੱਕ ਹਜ਼ਾਰ ਰੁਪਏ ਤੋਂ ਘੱਟ ਮਿਲੇ ਤਾਂ ਲੁੱਟਖੋਹ ਕਰਨ ਦੇ ਨਾਲ -ਨਾਲ ਮਾਰਕੁੱਟ ਵੀ ਕੀਤੀ ਜਾਵੇਗੀ।
ਪਿੰਡ ਵਿੱਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ
ਪਿੰਡ ਦੇ ਆਰ.ਐਮ.ਪੀ ਡਾਕਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਰਾਤ ਸਮੇਂ ਲੁਟੇਰਿਆਂ ਨੇ ਉਸ ਦਾ ਦੋ ਵਾਰ ਪਿੱਛਾ ਵੀ ਕੀਤਾ ਪਰ ਉਹ ਮੌਕੇ ਤੋਂ ਭੱਜ ਨਿਕਲਿਆ ਅਤੇ ਬਚਾਅ ਹੋ ਗਿਆ। ਸਾਬਕਾ ਫੌਜੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਪੰਜ ਲਿੰਕ ਸੜਕਾਂ ਲੱਗਦੀਆਂ ਹਨ ਅਤੇ ਹਰ ਸੜਕ 'ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਪਿੰਡ ਵਾਸੀ ਕੁਲਬੀਰ ਸਿੰਘ ਪੰਨੂ ਨੇ ਦੱਸਿਆ ਕਿ ਪਹਿਲਾਂ ਚੋਰੀ ਦੀ ਵਾਰਦਾਤ ਪਿੰਡ ਦੇ ਸਕੂਲ ਵਿੱਚ ਹੋਈ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਪਰ ਉਸ ਤੋਂ ਬਾਅਦ ਮੰਦਰ 'ਚ ਚੋਰੀ ਹੋ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ 26 ਵਾਰ ਬਿਜਲੀ ਦੇ ਟਰਾਂਸਫਾਰਮਰਾਂ ਦਾ ਤੇਲ ਵੀ ਚੋਰੀ ਹੋ ਚੁੱਕਾ ਹੈ।
ਖੇਤ ਗਏ ਕਿਸਾਨ ਨਾਲ ਕੀਤੀ ਲੁੱਟ
ਉਨ੍ਹਾਂ ਨੇ ਦੱਸਿਆ ਕਿ ਪਿੰਡ ਦਾ ਇੱਕ ਕਿਸਾਨ ਆਪਣੇ ਖੇਤ ਗਿਆ ਤਾਂ ਰਸਤੇ 'ਚ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ 800 ਰੁਪਏ ਦੀ ਨਕਦੀ, ਮੋਬਾਈਲ ਅਤੇ ਮੋਟਰਸਾਈਕਲ ਖੋਹ ਲਿਆ। ਲੁਟੇਰਿਆਂ ਨੇ ਫਰਮਾਨ ਜਾਰੀ ਕੀਤਾ ਕਿ ਜੇਕਰ ਉਸ ਦੀ ਜੇਬ ਵਿੱਚ ਇੱਕ ਹਜ਼ਾਰ ਰੁਪਏ ਹੁੰਦੇ ਤਾਂ ਉਸ ਨਾਲ ਕੁੱਟਮਾਰ ਨਹੀਂ ਕਰਨੀ ਸੀ। ਹਾਲਾਤ ਇਹ ਹਨ ਕਿ ਘਰਾਂ 'ਚੋਂ ਸੋਨਾ, ਨਕਦੀ, ਗੈਸ ਸਿਲੰਡਰ, ਮੱਝਾਂ ਅਤੇ ਬੱਕਰੀਆਂ ਤੱਕ ਚੋਰੀ ਹੋ ਚੁੱਕੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਦਾ ਦੋਸ਼ ਹੈ ਕਿ ਲੁਟੇਰਿਆਂ 'ਚ ਪੁਲਿਸ ਦਾ ਡਰ ਖ਼ਤਮ ਹੋ ਗਿਆ ਹੈ।
ਪੁਲਿਸ ਕੋਲ ਨਹੀਂ ਕੀਤੀ ਗਈ ਕੋਈ ਸ਼ਿਕਾਇਤ
ਇਸ ਮਾਮਲੇ ਸਬੰਧੀ ਜਦੋਂ ਫਾਜ਼ਿਲਕਾ ਦੇ ਡੀਐਸਪੀ ਸ਼ੁਬੇਗ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਨੇ ਕਿਹਾ ਕਿ ਅਜੇ ਵੀ ਅਸੀਂ ਮਾਮਲੇ ਸਬੰਧੀ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਾਂ।