
ਪੁਲਿਸ ਇੰਸਪੈਕਟਰ ਦੇ 'ਵਾਅਦਾ ਮਾਫ਼ ਗਵਾਹ' ਬਣਨ ਨਾਲ ਮਾਮਲੇ 'ਚ ਆਇਆ ਨਵਾਂ ਮੋੜ
ਐਸਆਈਟੀ ਵਲੋਂ ਗੋਲੀਕਾਂਡ ਮਾਮਲੇ 'ਚ ਜਲਦ ਕੋਈ ਵੱਡਾ ਖੁਲਾਸਾ ਕਰਨ ਦੀ ਸੰਭਾਵਨਾ
ਕੋਟਕਪੂਰਾ, 4 ਸਤੰਬਰ (ਗੁਰਿੰਦਰ ਸਿੰਘ): ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਤੋਂ ਬਾਅਦ ਪੁਲਿਸ ਵਲੋਂ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ ਢਾਹੇ ਗਏ ਬਹੁਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਉਕਤ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ (ਸਿੱਟ) ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਅਦਾਲਤ ਨੇ ਵਾਅਦਾ ਮਾਫ਼ ਗਵਾਹ ਬਣਨ ਦੀ ਇੱਛਾ ਜਤਾਉਣ ਵਾਲੇ ਪੁਲਿਸ ਇੰਸ. ਪ੍ਰਦੀਪ ਸਿੰਘ ਦੇ ਬਿਆਨ ਸੀਆਰਪੀਸੀ ਦੀ ਧਾਰਾ 366 ਤਹਿਤ ਦਰਜ ਕਰ ਲਏ। ਭਾਵੇਂ ਅਦਾਲਤ ਨੇ ਉਕਤ ਬਿਆਨ ਦਰਜ ਕਰਨ ਤੋਂ ਬਾਅਦ ਅਪਣਾ ਫ਼ੈਸਲਾ ਅਜੇ ਸੁਣਾਉਣਾ ਹੈ ਪਰ ਬਹਿਬਲ ਕਲਾਂ ਗੋਲੀਕਾਂਡ 'ਚ ਮੁਲਜ਼ਮ ਵਜੋਂ ਸ਼ਾਮਲ ਇਕ ਪੁਲਿਸ ਇੰਸਪੈਕਟਰ ਦੇ ਵਾਅਦਾ ਮਾਫ਼ ਗਵਾਹ ਬਣਨ ਨਾਲ ਪੰਥਕ ਹਲਕਿਆਂ 'ਚ ਚਰਚਾ ਛਿੜਣੀ ਸੁਭਾਵਕ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਹਿਬਲ ਗੋਲੀਕਾਂਡ ਕੇਸ ਦੇ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਦਾ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਬੀਤੀ ਵੀਰਵਾਰ ਸ਼ਾਮ ਕਰੀਬ 4:00 ਵਜੇ ਸ਼ੁਰੂ ਕੀਤੀ ਗਈ ਤੇ ਕਰੀਬ 7:30 ਵਜੇ ਰਾਤ ਤਕ ਜਾਰੀ ਰਹੀ। ਮੁਲਜ਼ਮ ਨੇ ਅਦਾਲਤ ਕੋਲ ਕੀ
ਬਿਆਨ ਦਰਜ ਕਰਵਾਇਆ, ਫਿਲਹਾਲ ਉਸਦੀ ਜਾਣਕਾਰੀ ਕਿਸੇ ਕੋਲ ਵੀ ਨਹੀਂ ਹੈ ਪਰ ਸੂਤਰਾਂ ਦਾ ਦਾਅਵਾ ਹੈ ਕਿ ਉਕਤ ਮੁਲਜ਼ਮ ਇੰਸ. ਪ੍ਰਦੀਪ ਸਿੰਘ ਨੇ ਐਸਆਈਟੀ ਨੂੰ ਘਟਨਾ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਦਿਤੀਆਂ ਹਨ ਜਿਸ 'ਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਬਹਿਬਲ ਕਲਾਂ 'ਚ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸimage ਪਾਰਟੀ ਕਿਸ ਵੱਡੇ ਪੁਲਿਸ ਅਧਿਕਾਰੀ ਦੇ ਕਹਿਣ 'ਤੇ ਮੌਕੇ 'ਤੇ ਪੁੱਜੀ ਸੀ। ਕਾਨੂੰਨੀ ਮਾਹਿਰਾਂ ਅਨੁਸਾਰ ਬਿਆਨ ਦਰਜ ਕਰਨ ਤੋਂ ਬਾਅਦ ਅਦਾਲਤ ਵਲੋਂ ਅਪਣਾ ਫ਼ੈਸਲਾ ਵੀ ਦਿਤਾ ਜਾਵੇਗਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-4-5ਈ