
ਮੁਜ਼ੱਫ਼ਰਨਗਰ ਮਹਾਂ ਰੈਲੀ ਵਿਚ ਪਹੁੰਚਣ ਲਈ ਭਾਕਿਯੂ (ਏਕਤਾ ਉਗਰਾਹਾਂ) ਵਲੋਂ ਕਾਫ਼ਲੇ ਰਵਾਨਾ
ਚੰਡੀਗੜ੍ਹ, 4 ਸਤੰਬਰ (ਭੁੱਲਰ): ਮੁਲਕ ਭਰ ਦੇ 22 ਸੂਬਿਆਂ ਦੇ ਕਿਸਾਨਾਂ ਵਲੋਂ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਲਕੇ ਮੁਜ਼ੱਫ਼ਰਨਗਰ ਵਿਚ ਕੀਤੀ ਜਾ ਰਹੀ ਮਹਾਂਰੈਲੀ ਵਿਚ ਪਹੁੰਚਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਅੱਜ ਵੱਖ-ਵੱਖ ਜ਼ਿਲਿ੍ਹਆਂ ਤੋਂ ਕੁਲ 80 ਵੱਡੀਆਂ ਬਸਾਂ, 22 ਮਿਨੀ ਬਸਾਂ ਅਤੇ 21 ਦਰਮਿਆਨੇ ਛੋਟੇ ਹੋਰ ਵਹੀਕਲਾਂ ਸਮੇਤ 123 ਗੱਡੀਆਂ ਦੇ ਕਾਫ਼ਲੇ ਰਵਾਨਾ ਹੋ ਗਏ ਹਨ | ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਇਨ੍ਹਾਂ ਕਾਫ਼ਲਿਆਂ ਵਿਚ ਕੁਲ ਮਿਲਾ ਕੇ 5850 ਕਿਸਾਨ ਮਜ਼ਦੂਰ ਸ਼ਾਮਲ ਹਨ, ਜਿਨ੍ਹਾਂ ਵਿਚ 1050 ਔਰਤਾਂ ਅਤੇ ਸੈਂਕੜਿਆਂ ਦੀ ਤਾਦਾਦ ਵਿਚ ਨੌਜਵਾਨ ਸ਼ਾਮਲ ਹਨ | ਇਹ ਸਾਰੇ ਕਾਫ਼ਲੇ ਸ਼ਾਮ ਨੂੰ ਹਰਿਆਣੇ ਦੇ ਸ਼ਹਿਰ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ਵਿਚ ਇਕੱਠੇ ਹੋ ਜਾਣਗੇ ਅਤੇ ਰਾਤ ਉਥੇ ਠਹਿਰਣ ਮਗਰੋਂ ਪੂਰਾ ਕਾਫ਼ਲਾ ਤੜਕੇ ਸੂਬਾ ਆਗੂਆਂ ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ ਅਤੇ ਕੋਕਰੀ ਕਲਾਂ ਦੀ ਅਗਵਾਈ ਹੇਠ ਮੁਜ਼ੱਫ਼ਰਨਗਰ ਵਲ ਕੂਚ ਕਰੇਗਾ |