
ਅਫ਼ਗ਼ਾਨਿਸਤਾਨ 'ਚ ਸਿਰਫ਼ ਹਿਜਾਬ ਪਾਉਣ ਵਾਲੀਆਂ ਔਰਤਾਂ ਨੂੰ ਹੀ ਮਿਲੇਗੀ ਨੌਕਰੀ
ਕਾਬੁਲ, 4 ਸਤੰਬਰ : ਅਫ਼ਗ਼ਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਨੇ ਸਰਕਾਰ ਬਣਾਉਣ ਦੀਆ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ | ਇਸੇ ਵਿਚਾਲੇ ਤਾਲਿਬਾਨ ਵਲੋਂ ਔਰਤਾਂ ਲਈ ਇਕ ਫ਼ੁਰਮਾਨ ਜਾਰੀ ਕੀਤਾ ਗਿਆ ਹੈ | ਜਿਸ ਵਿਚ ਤਾਲਿਬਾਨ ਨੇ ਕਿਹਾ ਹੈ ਕਿ ਦੇਸ਼ ਵਿਚ ਸਿਰਫ਼ ਹਿਜਾਬ ਪਾਉਣ ਵਾਲੀਆਂ ਔਰਤਾਂ ਨੂੰ ਹੀ ਸਿਖਿਆ ਤੇ ਕੰਮ ਦਾ ਅਧਿਕਾਰ ਮਿਲੇਗਾ | ਇਸਦੇ ਨਾਲ ਹੀ ਤਾਲਿਬਾਨੀ ਬੁਲਾਰੇ ਸੁਹੈਲ ਸ਼ਾਹੀਨ ਨੇ ਅਮਰੀਕਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਮਰੀਕਾ ਨੂੰ ਦੇਸ਼ ਦੀ ਸੰਸਕਿ੍ਤੀ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ |
ਉਨ੍ਹਾਂ ਔਰਤਾਂ ਦੇ ਹਿਜਾਬ ਪਾਉਣ ਸਬੰਧੀ ਪੱਛਮ ਦੇ ਨਜ਼ਰੀਏ ਦਾ ਸਖ਼ਤ ਵਿਰੋਧ ਕੀਤਾ ਹੈ | ਤਾਲਿਬਾਨ ਬੁਲਾਰੇ ਨੇ ਕਿਹਾ ਕਿ ਸਾਡੀ ਸੰਸਕਿ੍ਤੀ 'ਚ ਅਮਰੀਕਾ ਤੇ ਪੱਛਮੀ ਦੇਸ਼ ਦਖ਼ਲ ਨਾ ਦੇਣ | ਤਾਲਿਬਾਨ ਦੇ ਇਸ ਬਿਆਨ ਤੋਂ ਬਾਅਦ ਅਫ਼ਗ਼ਾਨਿਸਤਾਨ 'ਚ ਔਰਤਾਂ ਦੇ ਅਧਿਕਾਰਾਂ ਸਬੰਧੀ
ਕੌਮਾਂਤਰੀ ਭਾਈਚਾਰੇ ਦੀਆਂ ਚਿੰਤਾਵਾਂ ਵਧ ਗਈਆਂ ਹਨ | ਤਾਲਿਬਾਨ ਬੁਲਾਰੇ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਤੇ ਉਨ੍ਹਾਂ ਦੀ ਸੁਰੱਖਿਆ ਸਬੰਧੀ ਦੁਨੀਆਂ ਦੀ ਚਿੰਤਾ ਇਸ ਲਈ ਹੈ ਕਿਉਂਕਿ ਪਹਿਲਾਂ ਦੇ ਸ਼ਾਸਨ ਦੀਆਂ ਯਾਦਾਂ ਲੋਕਾਂ ਦੇ ਜ਼ਿਹਨ 'ਚ ਬਾਕੀ ਹਨ |
ਤਾਲਿਬਾਨ ਬੁਲਾਰੇ ਨੇ ਕਿਹਾ ਕਿ ਔਰਤਾਂ ਦੇ ਹੱਕ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੋਵੇਗੀ | ਅਫ਼ਗ਼ਾਨਿਸਤਾਨ 'ਚ ਔਰਤਾਂ ਦੀ ਸਿੱਖਿਆ ਜਾਂ ਉਨ੍ਹਾਂ ਦੇ ਕੰਮ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਨੂੰ ਇਕ-ਦੂਸਰੇ ਦੀ ਸੰਸਕਿ੍ਤੀ ਦਾ ਸਨਮਾਨ ਕਰਨਾ ਚਾਹੀਦਾ ਹੈ | ਬੁਲਾਰੇ ਨੇ ਕਿਹਾ ਕਿ ਸਾਨੂੰ ਇਕ-ਦੂਸਰੇ ਦੀ ਸੰਸਕਿ੍ਤੀ 'ਚ ਦਖ਼ਲ ਦੇਣ ਜਾਂ ਬਦਲਣ ਦਾ ਯਤਨ ਨਹੀਂ ਕਰਨਾ ਚਾਹੀਦਾ | ਸ਼ਾਹੀਨ ਨੇ ਕਿਹਾ ਕਿ ਅਸੀਂ ਅਪਣੀ ਸੰਸਕਿ੍ਤੀ ਬਦਲਣ ਦਾ ਕੋਈ ਇਰਾਦਾ ਨਹੀਂ ਰਖਦੇ | ਅਮਰੀਕਾ ਤੇ ਹੋਰਨਾ ਦੇਸ਼ਾਂ ਨੂੰ ਸਾਡੀ ਸੰਸਕਿ੍ਤੀ ਨਹੀਂ ਬਦਲਣੀ ਚਾਹੀਦੀ | ਬੁਲਾਰੇ ਨੇ ਅਮਰੀਕੀ ਫ਼ੌਜੀਆਂ ਦੀ ਵਾਪਸੀ ਨੂੰ ਦੇਸ਼ ਦੇ ਇਤਿਹਾਸ 'ਚ ਇਕ ਅਧਿਆਏ ਦਾ ਅੰਤ ਦਸਿਆ |
ਸ਼ਾਹੀਨ ਨੇ ਪਛਮੀ ਦੇਸ਼ਾਂ ਦੇ ਉਸ ਨਜ਼ਰੀਏ ਦਾ ਸਖ਼ਤ ਵਿਰੋਧ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਔਰਤਾਂ ਨੂੰ ਹਿਜਾਬ ਦੇ ਬਿਨਾਂ ਸਿਖਿਆ ਹਾਸਲ ਕਰਨੀ ਚਾਹੀਦੀ ਹੈ | ਫ਼ੌਕਸ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸੰਸਕਿ੍ਤੀ ਦਾ ਬਦਲਾਅ ਹੈ | ਉਨ੍ਹਾਂ ਕਿਹਾ ਕਿ ਇਹ ਸਾਡੀ ਸੰਸਕਿ੍ਤੀ ਹੈ ਕਿ ਉਹ ਹਿਜਾਬ ਪਹਿਨ ਕੇ ਵਿਦਿਆ ਗ੍ਰਹਿਣ ਕਰਨ | ਉਨ੍ਹਾਂ ਕਿਹਾ ਕਿ ਔਰਤਾਂ ਹਿਜਾਬ ਪਹਿਨ ਕੇ ਕੰਮ ਕਰ ਸਕਦੀਆਂ ਹਨ | ਅਮਰੀਕਾ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਸੁਹੈਲ ਨੇ ਕਿਹਾ ਕਿ ਸਾਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸਾਨੂੰ ਸਕਾਰਾਤਮਕ ਤੇ ਰਚਨਾਤਮਕ ਤਰੀਕੇ ਨਾਲ ਇਕੱਠੇ ਕਿਵੇਂ ਕੰਮ ਕਰ ਸਕਦੇ ਹਾਂ ਜਿਹੜੇ ਦੋਹਾਂ ਧਿਰਾਂ ਦੇ ਹਿੱਤ ਵਿਚ ਹੋਵੇ | (ਏਜੰਸੀ)