
ਝੋਨਾ ਖ਼ਰੀਦ ਸੀਜ਼ਨ ਇਕ ਅਕਤੂਬਰ ਤੋਂ ਕੇਂਦਰ ਨੇ ਪੰਜਾਬ ਲਈ 188 ਲੱਖ ਟਨ ਦਾ ਟੀਚਾ ਮਿਥਿਆ
ਕੇਂਦਰ ਨੇ ਪੰਜਾਬ ਲਈ 188 ਲੱਖ ਟਨ ਦਾ ਟੀਚਾ ਮਿਥਿਆ
ਚੰਡੀਗੜ੍ਹ, 4 ਸਤੰਬਰ (ਜੀ.ਸੀ.ਭਾਰਦਵਾਜ) : ਪੰਜਾਬ ਵਿਚ 'ਆਪ' ਸਰਕਾਰ ਵਲੋਂ ਚਾਰਜ ਮਾਰਚ ਮਹੀਨੇ ਸੰਭਾਲਣ ਉਪਰੰਤ 130 ਲੱਖ ਟਨ ਕਣਕ ਖ਼ਰੀਦ ਦੇ ਸਫ਼ਲ ਪ੍ਰਬੰਧ ਮਗਰੋਂ ਅਨਾਜ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਲਈ 1 ਅਕਤੂਬਰ ਤੋਂ ਝੋਨਾ ਖ਼ਰੀਦ ਸੀਜ਼ਨ ਇਕ ਹੋਰ ਪਰਖ ਦੀ ਘੜੀ ਬਣ ਕੇ ਸਾਹਮਣੇ ਆ ਰਿਹਾ ਹੈ |
ਬੀਤੇ ਦਿਨ ਨਵੀਂ ਦਿੱਲੀ ਵਿਚ ਕੇਂਦਰੀ ਅਨਾਜ ਸਕੱਤਰ ਸਿਧਾਂਸ਼ੂ ਪਾਂਡੇ ਨੇ ਸੂਬਿਆਂ ਦੇ ਸਕੱਤਰਾਂ ਦੀ ਉਚ ਪਧਰੀ ਬੈਠਕ ਵਿਚ ਪੰਜਾਬ ਦੀਆਂ ਮੰਡੀਆਂ ਵਿਚੋਂ ਐਤਕੀ 188 ਲੱਖ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿਥਿਆ ਜੋ ਪਿਛਲੇ ਸਾਲ ਵਿਚ ਕੀਤੀ ਖ਼ਰੀਦ ਦਾ ਟੀਚਾ ਮਿਥਿਆ ਜੋ ਪਿਛਲੇ ਸਾਲ ਵਿਚ ਕੀਤੀ ਖ਼ਰੀਦ ਦੇ ਬਰਾਬਰ ਹੈ | ਪੰਜਾਬ ਵਿਚੋਂ ਅਨਾਜ ਸਕੱਤਰ ਸ. ਗੁਰਕੀਰਤ ਕ੍ਰਿਪਾਲ ਸਿੰਘ ਦੀ ਕਮਾਨ ਹੇਠ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਹਿੱਸਾ ਲਿਆ | ਅੱਜ ਇਥੇ ਅਨਾਜ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ 2040 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਨਾਲ ਖ਼ਰੀਦੀ ਜਾਣ ਵਾਲੀ ਝੋਨੇ ਦੀ ਫ਼ਸਲ ਬਦਲੇ ਕਿਸਾਨਾਂ, ਆੜ੍ਹਤੀਆਂ, ਠੇਕੇਦਾਰਾਂ, ਟਰਾਂਸਪੋਰਟਰਾਂ ਨੂੰ ਅਦਾਇਗੀ ਕਰਨ ਵਾਸਤੇ ਰਿਜ਼ਰਵ ਬੈਂਕ ਨੂੰ 45,000 ਕਰੋੜ ਦੀ ਕੈਸ਼ ਕੈ੍ਰਡਿਟ ਲਿਮਟ ਜਾਰੀ ਕਰਨ ਦੀ ਵਿੱਤ ਵਿਭਾਗ ਨੇ ਲਿਖਤੀ ਬੇਨਤੀ ਕਰ ਦਿਤੀ ਹੈ |
ਇਸ ਵੱਡੀ ਖ਼ਰੀਦ ਨੂੰ 50-50 ਕਿਲੋ ਦੀਆਂ ਬੋਰੀਆਂ ਵਿਚ ਭਰਨ ਵਾਸਤੇ ਕਲਕੱਤਾ ਤੋਂ ਰੇਲ ਰਾਹੀਂ ਸਪਲਾਈ ਵਿਚੋਂ ਕੁਲ 4,86,000 ਗੰਢਾਂ ਵਿਚੋਂ 4,25,000 ਗੰਢਾਂ ਪੰਜਾਬ ਪਹੁੰਚ ਗਈਆਂ ਹਨ | ਬਾਕੀ 60,000 ਆਉਂਦੇ ਦਿਨਾਂ ਵਿਚ ਮਿਲ ਜਾਣਗੀਆਂ | ਇਕ ਗੰਢ ਵਿਚ 500 ਬੋਰੀਆਂ ਪੈਕ ਹੁੰਦੀਆਂ ਹਨ | ਪਿਛਲੇ ਮਹੀਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰੀ ਅਨਾਜ ਮੰਤਰੀ ਪਿਊਸ਼ ਗੋਇਲ ਨਾਲ ਹੋਈ ਮੁਲਾਕਾਤ ਅਤੇ ਦਿਹਾਤੀ ਵਿਕਾਸ ਫ਼ੰਡ ਦੀ ਰਕਮ 1770 ਕਰੋੜ ਬਾਰੇ ਪੁਛੇ ਜਾਣ 'ਤੇ ਮਹਿਕਮੇ ਦੇ ਅਧਿਕਾਰੀ ਨੇ ਦਸਿਆ ਕਿ ਪਿਛਲੇ 2-3 ਸਾਲਾਂ ਦੀ ਬਕਾਇਆ ਰਕਮ ਅਜੇ ਤਕ ਪੰਜਾਬ ਸਰਕਾਰ ਕੋਲ ਨਹੀਂ ਪਹੁੰਚੀ ਹੈ | ਉਨ੍ਹਾਂ ਇਹ ਵੀ ਦਸਿਆ ਕਿ ਪੰਜਾਬ ਸਰਕਾਰ ਦੇ ਐਕਟ ਅਨੁਸਾਰ ਮੰਡੀ ਫ਼ੀਸ 3 ਫ਼ੀ ਸਦੀ ਅਤੇ ਦਿਹਾਤੀ ਵਿਕਾਸ ਫ਼ੰਡ ਵੀ 3 ਫ਼ੀਸਦੀ ਉਗਰਾਉਣ ਦੇ ਕਾਗ਼ਜ਼ ਕੇਂਦਰ ਨੂੰ ਹਰ ਵਾਰੀ ਭੇਜ ਦਿਤੇ ਜਾਂਦੇ ਹਨ | ਅਧਿਕਾਰੀ ਨੇ ਕਿਹਾ ਕਿ ਮੰਡੀ ਬੋਰਡ ਦੀਆਂ 1872 ਪੱਕੀਆਂ ਮੰਡੀਆਂ ਵਿਚੋਂ ਪਹਿਲਾਂ ਹੀ ਝੋਨੇ ਦੀ ਖ਼ਰੀਦ ਲਈ ਇੰਤਜ਼ਾਮ ਪੂਰੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਆਰਜ਼ੀ ਖ਼ਰੀਦ ਕੇਦਰਾਂ ਦਾ ਪ੍ਰਬੰਧ ਵੀ ਕਰ ਦਿਤਾ ਜਾਵੇਗਾ | ਅਨਾਜ ਸਪਲਾਈ ਵਿਭਾਗ ਨੇ ਨਵੀਂ ਨੀਤੀ ਤਹਿਤ ਝੋਨੇ ਦੀ ਖ਼ਰੀਦ ਉਪਰੰਤ ਟਰੱਕਾਂ ਰਾਹੀਂ ਢੋਆ ਢੁਆਈ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ ਜੀ.ਪੀ.ਐਸ. ਸਿਸਟਮ ਨਾਲ ਹਰ ਟਰੱਕ ਨੂੰ ਿਲੰਕ ਕੀਤਾ ਹੈ ਤਾਕਿ ਮਾਲ ਭਰੇ ਵਾਹਨ ਦਾ ਰਸਤਾ ਨਾਲੋਂ ਨਾਲ ਮਾਨੀਟਰ ਹੁੰਦਾ ਹੈ, ਹੇਰਾਫੇਰੀ ਨਾ ਹੋਵੇ | ਝੋਨੇ ਵਿਚੋਂ ਚਾਵਲ ਕੱਢਣ ਦੀ ਅਲਾਟਮੈਂਟ ਅਤੇ ਸ਼ੈਲਰਾਂ ਨਾਲ ਜੁੜੀਆਂ ਹੋਰ ਕ੍ਰਿਆਵਾਂ ਸੱਭ ਕੁੱਝ ਆਨਲਾਈਨ ਹੋ ਰਿਹਾ ਹੈ | ਜੋ ਅਗਲੇ 20 ਦਿਨਾਂ ਯਾਨੀ 15 ਸਤੰਬਰ ਤੋਂ ਸ਼ੁਰੂ ਕਰ ਦਿਤਾ ਜਾਵੇਗਾ | ਪੰਜਾਬ ਵਿਚ ਕੁਲ 4140 ਸ਼ੈਲਰ ਹਨ ਅਤੇ ਉਨ੍ਹਾਂ ਦੇ ਕਾਗ਼ਜ਼ ਪੱਤਰ, ਦਸਤਾਵੇਜ਼ ਰਾਹੀਂ ਅਲਾਟਮੈਂਟ ਤੇ ਮੰਡੀਆਂ ਵਿਚੋਂ ਖ਼ਰੀਦ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ |