
ਰਾਜਾ ਵੜਿੰਗ ਤੇ ਖਹਿਰਾ ਨੇ ਉਨ੍ਹਾਂ ਵਿਰੁਧ ਦਰਜ ਕੇਸਾਂ ਨੂੰ ਲੈ ਕੇ ਸਰਕਾਰ 'ਤੇ ਚੁਕੇ ਸਵਾਲ
ਚੰਡੀਗੜ੍ਹ, 4 ਸਤੰਬਰ (ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਇਕ ਸੁਖਪਾਲ ਖਹਿਰਾ ਨੇ ਉਨ੍ਹਾਂ ਉਪਰ ਮੋਹਾਲੀ ਵਿਚ ਕੇਜਰੀਵਾਲ ਦੇ ਜਾਅਲੀ ਦਸਤਖਤਾਂ ਵਾਲਾ ਪੱਤਰ ਸੋਸ਼ਲ ਮੀਡੀਆ ਵਿਚ ਜਾਰੀ ਕਰਨ ਦੇ ਦੋਸ਼ਾਂ ਵਿਚ ਦਰਜ ਪੁਲਿਸ ਕੇਸ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਉਪਰ ਸਵਾਲ ਉਠਾਏ ਹਨ | ਉਨ੍ਹਾਂ ਅਜਿਹੇ ਮਾਮਲਿਆਂ ਵਿਚ ਕਾਰਵਾਈ ਵਿਚ ਵੀ ਪੱਖਪਾਤ ਦੇ ਦੋਸ਼ ਲਾਏ ਹਨ |
ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਇਕ 'ਆਪ' ਵਲੰਟੀਅਰ ਵਲੋਂ ਸੋਸ਼ਲ ਮੀਡੀਆ ਵਿਚ ਵਾਇਰਲ ਪੱਤਰ ਨੂੰ ਹੀ ਅੱਗੇ ਕੀਤਾ ਹੈ ਪਰ ਭਾਜਪਾ ਦੀ ਫ਼ੇਸਬੁੱਕ ਪੋਸਟ ਵਿਚ ਵੀ ਇਹੀ ਪੱਤਰ ਜਾਰੀ ਕੀਤਾ ਗਿਆ ਹੈ ਪਰ ਭਾਜਪਾ ਆਗੂਆਂ ਵਿਰੁਧ ਫਿਰ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਹ 'ਆਪ' ਸਰਕਾਰ ਦੀ ਕਾਂਗਰਸ ਆਗੂਆਂ ਵਿਰੁਧ ਬਦਲੇ ਦੀ ਕਾਰਵਾਈ ਹੈ ਪਰ ਉਹ ਅਜਿਹੇ ਕੇਸਾਂ ਤੋਂ ਨਹੀਂ ਡਰਦੇ | ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਦਰਜ ਮਾਮਲੇ 'ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਸਰਕਾਰ ਸਾਡੇ 'ਤੇ ਜਿੰਨੇ ਮਰਜ਼ੀ ਅਜਿਹੇ ਕੇਸ ਦਰਜ ਕਰ ਲਏ ਸਾਨੂੰ ਕੋਈ ਡਰ ਨਹੀਂ ਹੈ | ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿਚ ਭਗਵੰਤ ਸਰਕਾਰ ਭਾਜਪਾ ਦੀ ਬੀ ਟੀਮ ਬਣ ਕੇ ਹੀ ਕੰਮ ਕਰ ਰਹੀ ਹੈ | ਇਸ ਕਾਰਨ ਹੀ ਭਾਜਪਾ ਆਗੂਆਂ ਵਿਰੁਧ ਕੇਸ ਦਰਜ ਨਹੀਂ ਕਤਾ ਗਿਆ, ਜਿਨ੍ਹਾਂ ਨੇ ਉਹੀ ਪੱਤਰ ਸੋਸ਼ਲ ਮੀਡੀਆ 'ਤੇ ਪਾਇਹਆ ਹੈ ਜਿਸ ਨੂੰ ਲੈ ਕੇ ਸਾਡੇ 'ਤੇ ਕੇਸ ਦਰਜ ਕੀਤਾ ਗਿਆ | ਖਹਿਰਾ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਆਗੂਆਂ ਨੂੰ ਡਰਾਉਣ ਧਮਕਾਉਣ ਲਈ ਹੀ 'ਆਪ' ਸਰਕਾਰ ਅਜਿਹਾ ਕਰ ਰਹੀ ਹੈ ਤਾਂ ਜੋ ਉਹ ਦਬਾਅ ਵਿਚ ਆ ਕੇ ਭਾਜਪਾ ਵਿਚ ਸ਼ਾਮਲ ਹੋ ਜਾਣ |