
ਸਾਧੂ ਸਿੰਘ ਧਰਮਸੋਤ ਅਤੇ ਦਲਜੀਤ ਗਿਲਜ਼ੀਆਂ ਇਸ ਸਮੇਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜੇਲ੍ਹ ਵਿਚ ਹਨ।
ਚੰਡੀਗੜ੍ਹ: ਜੰਗਲਾਤ ਘੁਟਾਲੇ ਵਿਚ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜ਼ਮਾਨਤ ਮਿਲ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਇਹ ਰਾਹਤ ਦਿੱਤੀ। ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਗਿਲਜ਼ੀਆਂ ਨੂੰ ਵੀ ਜ਼ਮਾਨਤ ਮਿਲ ਗਈ ਹੈ।
ਹਾਲਾਂਕਿ ਇਸ ਸਬੰਧੀ ਹਾਈ ਕੋਰਟ ਦਾ ਵਿਸਥਾਰਤ ਹੁਕਮ ਆਉਣਾ ਬਾਕੀ ਹੈ। ਧਰਮਸੋਤ ਅਤੇ ਦਲਜੀਤ ਗਿਲਜ਼ੀਆਂ ਇਸ ਸਮੇਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜੇਲ੍ਹ ਵਿਚ ਹਨ। ਪਿਛਲੀ ਸੁਣਵਾਈ ਦੌਰਾਨ ਸਰਕਾਰ ਅਤੇ ਸਾਬਕਾ ਮੰਤਰੀ ਦੇ ਵਕੀਲਾਂ ਵਿਚਾਲੇ ਬਹਿਸ ਹੋਈ ਸੀ। ਜਿਸ ਤੋਂ ਬਾਅਦ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਸਾਬਕਾ ਮੰਤਰੀ ਧਰਮਸੋਤ ਅਤੇ ਗਿਲਜ਼ੀਆਂ 'ਤੇ ਜੰਗਲ ਘੁਟਾਲੇ ਦੇ ਦੋਸ਼ ਹਨ। ਦੱਸ ਦਈਏ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਹੈ। ਉਦੋਂ ਤੋਂ ਉਹ ਜੇਲ੍ਹ ਵਿਚ ਹਨ। ਸੰਗਤ ਸਿੰਘ ਗਿਲਜ਼ੀਆਂ ਵੀ ਇਸੇ ਕੇਸ ਵਿਚ ਮੁਲਜ਼ਮ ਹਨ। ਜਿਸ ਨੂੰ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ ਪਰ ਉਸ ਦੇ ਭਤੀਜੇ ਦਲਜੀਤ ਗਿਲਜ਼ੀਆਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਉਹ ਜੇਲ੍ਹ ਵਿਚ ਵੀ ਬੰਦ ਹੈ।