CM ਨੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਲਈ ਕਿਹਾ
Published : Sep 5, 2022, 6:06 pm IST
Updated : Sep 5, 2022, 6:06 pm IST
SHARE ARTICLE
CM Bhagwant Singh Mann
CM Bhagwant Singh Mann

ਮੁਹਾਲੀ ਵਿਖੇ ਇਨੋਵੇਸ਼ਨ ਪੰਜਾਬ ਮਿਸ਼ਨ ਦੇ ਸਮਾਗਮ ਦਾ ਉਦਘਾਟਨ

ਸਿੰਗਲ ਵਿੰਡੋ ਨੂੰ ਭ੍ਰਿਸ਼ਟਾਚਾਰ ਦੇ ਕੋਹੜ ਤੋਂ ਮੁਕਤ ਕਰਕੇ ਅਸਲ ਸੁਵਿਧਾ ਕੇਂਦਰਾਂ ਵਿੱਚ ਤਬਦੀਲ ਕੀਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਨਵੀਨਤਾਕਾਰੀ ਤੇ ਲੀਹੋਂ ਹਟਵੇਂ ਵਿਚਾਰਾਂ ਦੀ ਵਰਤੋਂ ਕਰਕੇ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਦਾ ਅਹਿਦ ਲਿਆ। ਇੱਥੇ ਕਾਲਕਟ ਭਵਨ ਵਿਖੇ ਇਨੋਵੇਸ਼ਨ ਮਿਸ਼ਨ ਪੰਜਾਬ ਐਸੀਲੇਟਰ ਦੇ ਨਾਮ ਹੇਠ ਕਰਵਾਏ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਮੇਰਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨਾਂ ਨੂੰ ‘ਉਦੇਸ਼ ਰਹਿਤ’ ਨਾ ਬਣਾਇਆ ਜਾਵੇ ਸਗੋਂ ਉਹ ਸੂਬੇ ਲਈ ਅਨਮੋਲ ਸਰਮਾਏ ਵਿਚ ਤਬਦੀਲ ਹੋਣ।”

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਨਵੇਂ ਅਤੇ ਨਿਵੇਕਲੇ ਵਿਚਾਰਾਂ ਨਾਲ ਲਬਰੇਜ਼ ਹਨ ਜੋ ਪੰਜਾਬ ਦੇ ਵਿਕਾਸ ਤੇ ਖੁਸ਼ਹਾਲੀ ਲਈ ਬਹੁਤ ਸਹਾਈ ਸਿੱਧ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚਾਰਾਂ ਨੂੰ ਉਸਾਰੂ ਦਿਸ਼ਾ ਵਿੱਚ ਲਿਜਾਣ ਦੀ ਲੋੜ ਹੈ ਤਾਂ ਜੋ ਪੰਜਾਬ, ਦੇਸ਼ ਵਿੱਚ ਇੱਕ ਮੋਹਰੀ ਰਾਜ ਵਜੋਂ ਉਭਰ ਸਕੇ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਕਿ ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਢੁਕਵੇਂ ਮੌਕੇ ਅਤੇ ਬਣਦਾ ਸਹਿਯੋਗ ਮਿਲੇ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੂੰ ਉੱਦਮੀ ਹੋਣ ਅਤੇ ਅਗਵਾਈ ਕਰਨ ਦੇ ਗੁਣਾਂ ਦੀ ਬਖਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੁਣਾਂ ਸਦਕਾ ਹੀ ਪੰਜਾਬੀਆਂ ਨੇ ਵਿਸ਼ਵ ਭਰ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਉੱਦਮੀਆਂ ਨੇ ਵਿਲੱਖਣ ਵਿਚਾਰਾਂ ਨਾਲ ਵੱਡੇ ਕਾਰੋਬਾਰ ਪੈਦਾ ਕੀਤੇ ਹਨ ਅਤੇ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਵਿਚ ਵੀ ਪੰਜਾਬੀ ਉੱਦਮੀਆਂ ਵੱਲੋਂ ਵੱਡੇ ਸਟਾਰਟ-ਅੱਪਜ਼ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਾਡੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਟਾਰਟਅੱਪ ਬਣਾਉਣ ਵਿੱਚ ਮਦਦ ਕਰਨ ਲਈ ਉਨ੍ਹਾਂ ਨੂੰ ਸਹੀ ਸੇਧ ਦੇਵੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਆਈ.ਐਮ. ਪੰਜਾਬ ਐਕਸਲੇਟਰ ਦੀਆਂ ਵਿਸ਼ਵ ਪੱਧਰੀ ਸਹੂਲਤਾਂ ਨੌਕਰੀਆਂ ਪੈਦਾ ਕਰਨ, ਨਿਵੇਸ਼ ਲਿਆਉਣ, ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਸੂਬੇ ਵਿੱਚ ਸਕਾਰਾਤਮਕ ਸਮਾਜਿਕ ਤਬਦੀਲੀ ਲਿਆਉਣ ਵਿੱਚ ਮਦਦ ਕਰਨਗੀਆਂ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਸੂਬੇ ਵਿੱਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਭਾਵੀ ਨਿਵੇਸ਼ਕਾਂ ਦੀ ਸਹੂਲਤ ਲਈ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਲਈ ਸਿੰਗਲ ਵਿੰਡੋ ਸਿਸਟਮ ਨੂੰ ਸਹੀ ਮਾਅਨਿਆਂ ਸਿੰਗਲ ਵਿੰਡੋ ਵਜੋਂ ਉਭਰਿਆ ਹੈ। ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ ਇਹ ਵਿੰਡੋ ਭ੍ਰਿਸ਼ਟਾਚਾਰ ਦਾ ਅੱਡਾ ਸੀ ਪਰ ਹੁਣ ਇਹ ਸਨਅਤਕਾਰਾਂ ਲਈ ਅਸਲ ਸੁਵਿਧਾ ਕੇਂਦਰਾਂ ਵਿੱਚ ਤਬਦੀਲ ਹੋ ਗਈ ਹੈ।

ਮੁੱਖ ਮੰਤਰੀ ਨੇ ਕਿਹਾ, “ਜਿਵੇਂ ਹਵਾਈ ਅੱਡਿਆਂ 'ਤੇ ਰਨਵੇਅ ਹਵਾਈ ਜਹਾਜ਼ ਨੂੰ ਸੁਚਾਰੂ ਢੰਗ ਨਾਲ ਉਡਾਨ ਭਰਨ ਦੀ ਸਹੂਲਤ ਮੁਹੱਈਆ ਕਰਦੇ ਹਨ, ਉਸੇ ਤਰ੍ਹਾਂ ਸੂਬਾ ਸਰਕਾਰ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗੀ।” ਉਨ੍ਹਾਂ ਨੇ ਭਰੋਸਾ ਦਿੱਤਾ ਕਿ ਨੌਜਵਾਨਾਂ ਦੇ ਵਿਚਾਰਾਂ ਦੀ ਉਡਾਰੀ ਲਈ ਖੰਭ ਦੇਣ ਵਾਸਤੇ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਹਰ ਸੰਭਵ ਯਤਨ ਕਰਨ।

ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮਾੜੇ ਰਵੱਈਏ ਕਾਰਨ ਦੇਸ਼ ਤਰੱਕੀ ਪੱਖੋਂ ਪਛੜ ਗਿਆ। ਉਨ੍ਹਾਂ ਕਿਹਾ ਕਿ ਕਿੰਨੀ ਵਿੰਡਬਨਾ ਹੈ ਕਿ ਸਾਡੇ ਨੌਜਵਾਨਾਂ ਨੂੰ ਸਿਰਫ 25 ਸਾਲ ਪਹਿਲਾਂ ਆਜ਼ਾਦੀ ਪ੍ਰਾਪਤ ਕਰਨ ਵਾਲੇ ਯੂਕਰੇਨ ਵਰਗੇ ਦੇਸ਼ਾਂ ਵਿੱਚ ਡਾਕਟਰੀ ਸਿੱਖਿਆ ਲਈ ਜਾਣਾ ਪੈਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਿੱਖਿਆ ਅਤੇ ਸਿਹਤ ਵਿੱਚ ਵਧੀਆ ਬੁਨਿਆਦੀ ਢਾਂਚਾ ਸਥਾਪਤ ਕਰਕੇ ਇਨ੍ਹਾਂ ਹਾਲਤਾਂ ਨੂੰ ਪੁੱਠਾ ਮੋੜਾ ਦਿੱਤਾ ਜਾਵੇ, ਜਿਸ ਲਈ ਉਨ੍ਹਾਂ ਦੀ ਸਰਕਾਰ ਯਤਨ ਕਰ ਰਹੀ ਹੈ।

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਕਰਨ ਦੀ ਬਜਾਏ ਰੁਜ਼ਗਾਰ ਦੇਣ ਵਾਲੇ ਬਣਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਨੋਵੇਸ਼ਨ ਮਿਸ਼ਨ ਪੰਜਾਬ ਦੀ ਵਿਲੱਖਣ ਨਿੱਜੀ-ਜਨਤਕ ਭਾਈਵਾਲੀ ਹੈ ਜਿਸ ਦਾ ਉਦੇਸ਼ ਸਟਾਰਟਅੱਪ ਵਾਲੇ ਭਾਈਵਾਲਾਂ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਸੇਧਗਾਰ ਵਜੋਂ ਕੰਮ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਲਈ ਰੁਜ਼ਗਾਰ ਅਤੇ ਖੁਸ਼ਹਾਲੀ ਦੇ ਨਵੇਂ ਦਿਸਹੱਦੇ ਕਾਇਮ ਹੋਣ ਦੇ ਨਾਲ-ਨਾਲ ਇਹ ਪੰਜਾਬ ਨੂੰ ਭਾਰਤ ਵਿੱਚ ਸਟਾਰਟਅੱਪ ਧੁਰੇ ਵਜੋਂ ਚੋਟੀ ਦੇ ਸੂਬਿਆਂ ਵਿਚ ਸ਼ਾਮਲ ਕਰਨ ਵਿਚ ਸਹਾਈ ਹੋਵੇਗਾ।

ਇਸ ਤੋਂ ਪਹਿਲਾਂ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬੇ ਨੂੰ ਪਹਿਲੀ ਵਾਰ ਨੌਜਵਾਨ ਮੁੱਖ ਮੰਤਰੀ ਮਿਲਿਆ ਹੈ ਜੋ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵਿਚਾਰਾਂ ਨਾਲ ਭਰਪੂਰ ਹਨ। ਉਨ੍ਹਾਂ ਨੇ ਪੰਜਾਬ ਨੂੰ ਵਿਕਾਸ ਦੇ ਰਾਹ ਉਤੇ ਪਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ 'ਤੇ ਵੀ ਚਾਨਣਾ ਪਾਇਆ।

ਇਸ ਮੌਕੇ 'ਤੇ ਆਈ.ਐਮ.ਪੀ.ਪੰਜਾਬ ਦੇ ਚੇਅਰਮੈਨ ਪ੍ਰਮੋਦ ਭਸੀਨ ਨੇ ਕਿਹਾ ਕਿ ਮਿਸ਼ਨ ਆਪਣੇ ਨੈਟਵਰਕ, ਐਕਸੀਲੇਟਰਾਂ ਦੇ ਨਾਲ ਵਿਸ਼ਵ ਪੱਧਰੀ ਸਲਾਹਕਾਰਾਂ ਅਤੇ ਆਲਮੀ ਨਿਵੇਸ਼ਕਾਂ ਨੂੰ ਲਿਆ ਰਿਹਾ ਹੈ ਤਾਂ ਜੋ ਸਟਾਰਟਅੱਪ ਨੂੰ ਲੋੜੀਂਦਾ ਸਹਿਯੋਗ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਨੇ ਸੂਬੇ ਵਿੱਚ ਸਟਾਰਟਅੱਪਜ਼ ਨੂੰ ਸਹਿਯੋਗ ਕਰਨਾ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤਾ ਹੈ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲੀਪ ਕੁਮਾਰ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਡਾਇਰੈਕਟਰ ਇੰਡਸਟਰੀਜ਼ ਸਿਬਿਨ.ਸੀ ਅਤੇ ਹੋਰ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement