
ਸੱਤਾਧਾਰੀ ਲੀਡਰਸ਼ਿਪ ਨੇ ਨਫ਼ਰਤ ਫੈਲਾ ਕੇ ਭਾਰਤ ਨੂੰ ਕੀਤਾ ਕਮਜ਼ੋਰ, ਚੀਨ ਅਤੇ ਪਾਕਿਸਤਾਨ ਨੂੰ ਹੋਵੇਗਾ ਫ਼ਾਇਦਾ : ਰਾਹੁਲ
ਕਿਹਾ, ਦੋ ਉਦਯੋਗਪਤੀਆਂ ਅਤੇ ਮੀਡੀਆ ਦੇ ਸਮਰਥਨ ਤੋਂ ਬਿਨਾਂ ਮੋਦੀ ਕਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ
ਨਵੀਂ ਦਿੱਲੀ, 4 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਐਸ.ਐਸ.ਐਸ.) 'ਤੇ ਦੇਸ਼ ਵਿਚ ਨਫ਼ਰਤ ਫੈਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਨਫ਼ਰਤ ਅਤੇ ਗੁੱਸੇ ਦੇ ਮਾਹੌਲ ਦਾ ਫਾਇਦਾ ਚੀਨ, ਪਾਕਿਸਤਾਨ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਹੋਵੇਗਾ ਜੋ ਭਾਰਤ ਦੇ ਦੁਸ਼ਮਣ ਹਨ | ਉਨ੍ਹਾਂ ਨੇ ਕਾਂਗਰਸ ਦੀ ਮਹਿੰਗਾਈ 'ਤੇ 'ਹੱਲਾ-ਬੋਲ' ਰੈਲੀ ਵਿਚ ਇਹ ਵੀ ਕਿਹਾ ਕਿ ਹੁਣ ਵਿਰੋਧੀ ਧਿਰ ਕੋਲ ਜਨਤਾ 'ਚ ਜਾ ਕੇ ਸਿੱਧੀ ਗੱਲਬਾਤ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਹੈ, ਇਸੇ ਲਈ ਕਾਂਗਰਸ ਸੱਤ ਸਤੰਬਰ ਤੋਂ 'ਭਾਰਤ ਜੋੜੋ' ਯਾਤਰਾ ਕੱਢਣ ਜਾ ਰਹੀ ਹੈ |
ਨੈਸ਼ਨਲ ਹੈਰਾਲਡ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਮਝਣਾ ਚਾਹੀਦਾ ਹੈ ਕਿ ਉਹ (ਰਾਹੁਲ) ਈਡੀ ਤੋਂ ਡਰਨ ਵਾਲੇ ਨਹੀਂ ਹਨ | ਉਨ੍ਹਾਂ ਅਨੁਸਾਰ, Tਜਿਸ ਦੇ ਮਨ ਵਿਚ ਡਰ ਹੁੰਦਾ ਹੈ, ਉਸ ਦੇ ਦਿਲ ਵਿਚ ਨਫ਼ਰਤ ਪੈਦਾ ਹੁੰਦੀ ਹੈ | ਜਿਸ ਦੇ ਮਨ ਵਿਚ ਕੋਈ ਡਰ ਨਹੀਂ, ਉਸ ਦੇ ਦਿਲ ਵਿਚ ਨਫ਼ਰਤ ਨਹੀਂ ਪੈਦਾ ਹੁੰਦੀ |
ਉਨ੍ਹਾਂ ਦਾਅਵਾ ਕੀਤਾ, Tਦੇਸ਼ ਵਿਚ ਭਵਿੱਖ ਦਾ ਡਰ, ਮਹਿੰਗਾਈ ਦਾ ਡਰ ਅਤੇ ਬੇਰੁਜ਼ਗਾਰੀ ਦਾ ਡਰ ਵਧਦਾ ਜਾ ਰਿਹਾ ਹੈ | ਇਸ ਕਾਰਨ ਨਫ਼ਰਤ ਵਧ ਰਹੀ ਹੈ | ਨਫ਼ਰਤ ਨਾਲ ਲੋਕ ਵੰਡੇ ਜਾਂਦੇ ਹਨ ਅਤੇ ਦੇਸ਼ ਕਮਜ਼ੋਰ ਹੋ ਜਾਂਦਾ ਹੈ | ਭਾਜਪਾ ਅਤੇ ਆਰਐਸਐਸ ਦੇ ਆਗੂ ਦੇਸ਼ ਨੂੰ ਵੰਡਦੇ ਹਨ ਅਤੇ ਜਾਣਬੁੱਝ ਕੇ ਦੇਸ਼ ਵਿਚ ਡਰ ਅਤੇ ਨਫਰਤ ਪੈਦਾ ਕਰਦੇ ਹਨ |''
ਗਾਂਧੀ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ''ਇਸ ਡਰ ਅਤੇ ਨਫ਼ਰਤ ਦਾ ਫ਼ਾਇਦਾ ਕਿਸ ਨੂੰ ਹੋ ਰਿਹਾ ਹੈ? ਕੀ ਗ਼ਰੀਬ ਆਦਮੀ ਨੂੰ ਲਾਭ ਮਿਲ ਰਿਹਾ ਹੈ? ਭਾਰਤ ਦੇ ਦੋ ਉਦਯੋਗਪਤੀ ਇਸ ਦਾ ਪੂਰਾ ਫ਼ਾਇਦਾ ਉਠਾ ਰਹੇ ਹਨ |
ਬਾਕੀ ਸਨਅਤਕਾਰਾਂ ਨੂੰ ਪੁੱਛੋ ਤਾਂ ਉਹ ਵੀ ਦਸ ਦੇਣਗੇ ਕਿ ਸਿਰਫ਼ ਦੋ ਵਿਅਕਤੀਆਂ ਨੂੰ ਹੀ ਫਾਇਦਾ ਹੋਇਆ ਹੈ | ਸੱਭ ਕੁੱਝ ਇਨ੍ਹਾਂ ਦੋ ਲੋਕਾਂ ਦੇ ਹੱਥਾਂ ਵਿਚ ਜਾ ਰਿਹਾ ਹੈ |''
ਉਨ੍ਹਾਂ ਪਟਰੌਲ, ਡੀਜ਼ਲ, ਰਸੋਈ ਗੈਸ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਵਾਧੇ ਦਾ ਜ਼ਿਕਰ ਕਰਦਿਆਂ ਕਿਹਾ ਕਿ ''ਮੋਦੀ ਜੀ ਕਹਿੰਦੇ ਹਨ ਕਿ ਕਾਂਗਰਸ ਨੇ 70 ਸਾਲਾਂ ਵਿਚ ਕੀ ਕੀਤਾ, ਫਿਰ ਅਸੀਂ ਦਸਣਾ ਚਾਹੁੰਦੇ ਹਾਂ ਕਿ ਕਾਂਗਰਸ ਨੇ ਕਦੇ ਵੀ ਇੰਨੀ ਮਹਿੰਗਾਈ ਨਹੀਂ ਵਧਾਈ |'' ਕਾਂਗਰਸ ਨੇਤਾ ਨੇ ਕਿਹਾ, Tਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਹਨ, ਪਰ ਦੋ ਉਦਯੋਗਪਤੀਆਂ ਦੇ ਸਮਰਥਨ ਤੋਂ ਬਿਨਾਂ ਉਹ ਪ੍ਰਧਾਨ ਮੰਤਰੀ ਨਹੀਂ ਹੋ ਸਕਦੇ, ਮੀਡੀਆ ਦੇ ਸਮਰਥਨ ਤੋਂ ਬਿਨਾਂ ਉਹ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ |''
ਰਾਹੁਲ ਗਾਂਧੀ ਦਾ ਕਹਿਣਾ ਸੀ ਕਿ, ''ਮੀਡੀਆ 'ਤੇ ਦੋ ਉਦਯੋਗਪਤੀਆਂ ਦਾ ਕੰਟਰੋਲ ਹੈ, ਸਾਡੇ ਲਈ ਸਾਰੇ ਰਸਤੇ ਬੰਦ ਹਨ, ਸਾਡੇ ਲਈ ਇਕ ਹੀ ਰਸਤਾ ਬਚਿਆ ਹੈ, ਉਹ ਹੈ ਲੋਕਾਂ ਵਿਚ ਜਾ ਕੇ ਦੇਸ਼ ਦਾ ਸੱਚ ਦੱਸਣਾ ਅਤੇ ਜਨਤਾ ਦੀਆਂ ਗੱਲਾਂ ਨੂੰ ਸੁਣਨਾ ਅਤੇ ਸਮਝਣਾ |'' ਉਨ੍ਹਾਂ ਕਿਹਾ,Tਈਡੀ ਅਤੇ ਸੀਬੀਆਈ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਵਰਕਰਾਂ ਦੇ ਖ਼ਿਲਾਫ਼ ਲਗਾਇਆ ਜਾਂਦਾ ਹੈ... ਮੈਂ ਨਰਿੰਦਰ ਮੋਦੀ ਜੀ ਨੂੰ ਦਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਈਡੀ ਤੋਂ ਨਹੀਂ ਡਰਦਾ | ਤੁਸੀਂ 55 ਘੰਟੇ ਰੱਖੋ, 100 ਘੰਟੇ ਰੱਖੋ, 200 ਘੰਟੇ ਰੱਖੋ, ਪੰਜ ਸਾਲ ਰੱਖੋ, ਮੈਨੂੰ ਕੋਈ ਪਰਵਾਹ ਨਹੀਂ |'' ਉਨ੍ਹਾਂ ਵਰਕਰਾਂ ਨੂੰ ਸੱਦਾ ਦਿਤਾ ਕਿ ਸਾਡਾ ਸੰਵਿਧਾਨ ਦੇਸ਼ ਦੀ ਆਤਮਾ ਹੈ, ਇਸ ਨੂੰ ਬਚਾਉਣ ਦਾ ਕੰਮ ਹਰ ਭਾਰਤੀ ਨੂੰ ਕਰਨਾ ਹੋਵੇਗਾ | ਜੇਕਰ ਅਸੀਂ ਇਹ ਕੰਮ ਨਾ ਕੀਤਾ ਤਾਂ ਇਹ ਦੇਸ਼ ਨਹੀਂ ਬਚੇਗਾ |
ਰਾਹੁਲ ਗਾਂਧੀ ਨੇ ਦਾਅਵਾ ਕੀਤਾ, ''ਨਰਿੰਦਰ ਮੋਦੀ ਜੀ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਦੇਸ਼ ਨੂੰ ਵੰਡਣਾ ਹੈ ਅਤੇ ਇਸ ਦਾ ਫਾਇਦਾ ਕੁਝ ਚੋਣਵੇਂ ਲੋਕਾਂ ਨੂੰ ਦੇਣਾ ਹੈ | ਸਾਡੀ ਵਿਚਾਰਧਾਰਾ ਕਹਿੰਦੀ ਹੈ ਕਿ ਇਹ ਦੇਸ਼ ਸਭ ਦਾ ਹੈ ਅਤੇ ਇਸ ਦਾ ਲਾਭ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਮਿਲਣਾ ਚਾਹੀਦਾ ਹੈ |'' ਉਨ੍ਹਾਂ ਮੁਤਾਬਕ ਯੂਪੀਏ ਸਰਕਾਰ ਨੇ 10 ਸਾਲਾਂ ਵਿਚ 27 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਸੀ ਪਰ ਨਰਿੰਦਰ ਮੋਦੀ ਸਰਕਾਰ ਨੇ 23 ਕਰੋੜ ਲੋਕਾਂ ਨੂੰ ਵਾਪਸ ਗ਼ਰੀਬੀ ਵਲ ਧੱਕ ਦਿਤਾ |
ਰਾਹੁਲ ਗਾਂਧੀ ਨੇ ਕਿਹਾ, ''ਖੇਤੀ ਨਾਲ ਜੁੜੇ ਤਿੰਨ ਕਾਲੇ ਕਾਨੂੰਨ ਕਿਸਾਨਾਂ ਲਈ ਨਹੀਂ ਸਨ, ਇਹ ਤਿੰਨ ਕਾਲੇ ਕਾਨੂੰਨ ਦੋ ਉਦਯੋਗਪਤੀਆਂ ਲਈ ਸਨ | ਕਿਸਾਨਾਂ ਨੂੰ ਇਹ ਗੱਲ ਸਮਝ ਆ ਗਈ ਸੀ, ਇਸ ਲਈ ਭਾਰਤ ਦੇ ਕਿਸਾਨ ਸੜਕਾਂ 'ਤੇ ਆ ਗਏ ਅਤੇ ਨਰਿੰਦਰ ਮੋਦੀ ਨੂੰ ਕਿਸਾਨਾਂ ਦੀ ਤਾਕਤ ਵਿਖਾ ਦਿਤੀ |'' ਕਾਂਗਰਸ ਨੇ ਦਾਅਵਾ ਕੀਤਾ ਕਿ ਅੱਜ ਸਥਿਤੀ ਇਹ ਹੈ ਕਿ ਦੇਸ਼ ਚਾਹੇ ਵੀ ਤਾਂ ਅਪਣੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੇਗਾ |