
ਮੇਰਾ ਵਾਅਦਾ, ਕਿਸਾਨੀ ਡੁਬਣ ਨਹੀਂ ਦੇਵਾਂਗਾ : ਕੈਪਟਨ
ਮੋਦੀ ਸਰਕਾਰ ਵਲੋਂ ਬਣਾਏ ਨਵੇਂ ਕਾਨੂੰਨ ਭਾਰਤ ਦੀ ਰੂਹ 'ਤੇ ਹਮਲਾ : ਰਾਹੁਲ ਗਾਂਧੀ
to
ਸੰਗਰੂਰ, 5 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਭਾਰਤ ਦੀ ਰੂਹ 'ਤੇ ਕੀਤਾ ਗਿਆ ਹਮਲਾ ਕਰਾਰ ਦਿਤਾ ਹੈ। ਇਸ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਮੁਲਕ 'ਤੇ ਮਾਰੂ ਅਸਰ ਪਾਉਣ ਵਾਲੇ ਇਨ੍ਹਾਂ ਕਾਨੂੰਨਾਂ ਦਾ ਰਾਹ ਰੋਕਣ ਲਈ ਜੋ ਵੀ ਮਤਾ ਜਾਂ ਬਿਲ ਪਾਸ ਕਰਨ ਦੀ ਲੋੜ ਪਈ ਤਾਂ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਵਿਚ ਪਾਸ ਕਰੇਗੀ।
ਤਿੰਨ ਦਿਨਾ 'ਖੇਤੀ ਬਚਾਉ ਯਾਤਰਾ' ਦੇ ਦੂਜੇ ਦਿਨ ਭਵਾਨੀਗੜ੍ਹ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਨ ਮੌਕੇ ਮੁੱਖ ਮੰਤਰੀ ਨੇ ਅਹਿਦ ਲੈਂਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਦੇ ਤਬਾਹ ਕਰਨ ਦੇਣ ਵਾਲੇ ਪ੍ਰਭਾਵ ਤੋਂ ਕਿਸਾਨਾਂ ਦੇ ਹਿਤ ਮਹਿਫ਼ੂਜ਼ ਰੱਖਣ ਲਈ ਜੋ ਕੁੱਝ ਵੀ ਕਰਨਾ ਪਿਆ, ਉਹ ਕਰਾਂਗੇ। ਮੰਡੀਕਰਨ ਢਾਂਚਾ ਅਤੇ ਘੱਟੋ-ਘੱਟ ਸਮਰਥਨ ਪ੍ਰਣਾਲੀ ਨੂੰ ਖ਼ਤਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਦੋਵੇਂ ਪ੍ਰਣਾਲੀਆਂ ਨੂੰ ਭਾਰਤ ਦੇ ਖੇਤੀਬਾੜੀ ਸੈਕਟਰ ਦੀ ਦੀਵਾਰ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਦਾ ਲੱਕ ਤੋੜਨ ਵਿਚ ਸਫ਼ਲ ਹੋ ਜਾਂਦੀ ਹੈ ਤਾਂ ਸਮੁੱਚਾ ਮੁਲਕ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀਆਂ ਦਾ ਗ਼ੁਲਾਮ ਹੋ ਜਾਵੇਗਾ।
ਉਨ੍ਹਾਂ ਸਾਵਧਾਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਰਤ ਨਾਲ ਉਹੋ ਕੁੱਝ ਕਰ ਰਹੀ ਹੈ ਜੋ ਕੁੱਝ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਹੜੀ ਵਸਤ ਲਈ ਲੋਕ ਹੁਣ 10 ਰੁਪਏ ਅਦਾ ਕਰ ਰਹੇ ਹਨ, ਉਹੀ ਵਸਤ ਕਾਰਪੋਰੇਟ ਰਾਜ ਵਿਚ 50 ਰੁਪਏ ਦੀ ਮਿਲਿਆ ਕਰੇਗੀ। ਇਹ ਪੈਸਾ ਕਿਸਾਨਾਂ ਜਾਂ ਮਜ਼ਦੂਰਾਂ ਦੀ ਜੇਬ ਵਿਚ ਨਹੀਂ ਜਾਵੇਗਾ ਸਗੋਂ ਕਾਰਪੋਰੇਟ ਘਰਾਣਿਆਂ ਦੀਆਂ ਜੇਬਾਂ ਭਰੇਗਾ। ਰਾਹੁਲ ਗਾਂਧੀ ਨੇ ਅੱਗੇ ਸਾਵਧਾਨ ਕਰਦਿਆਂ ਕਿਹਾ ਕਿ ਅੰਬਾਨੀ ਅਤੇ ਅਡਾਨੀ ਖੇਤੀ ਸੈਕਟਰ ਦੇ ਕਾਰਜਾਂ ਲਈ ਮਜ਼ਦੂਰਾਂ ਦੀ ਵਰਤੋਂ ਨਹੀਂ ਕਰਨਗੇ ਸਗੋਂ ਇਸ ਦੀ ਬਜਾਏ ਮਸ਼ੀਨਾਂ ਤੋਂ ਕੰਮ ਲੈਣਗੇ ਜਿਸ ਨਾਲ ਲੱਖਾਂ ਲੋਕ ਰੋਜ਼ਗਾਰ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਕਿਸਾਨਾਂ ਨੂੰ ਇਨ੍ਹਾਂ ਉਦਯੋਗਪਤੀਆਂ ਨਾਲ ਸੌਦੇਬਾਜ਼ੀ ਕਰਨ ਲਈ ਮਜਬੂਰ ਕਰ ਦਿਤਾ ਜਾਵੇਗਾ ਅਤੇ ਇਥੋਂ ਤਕ ਕਿ ਸੂਬੇ ਦਾ ਪ੍ਰਸ਼ਾਸਨ ਅਤੇ ਪੁਲਿਸ ਵੀ ਇਨ੍ਹਾਂ ਦੀ ਮਦਦ ਕਰਨ ਦੇ ਯੋਗ ਨਹੀਂ ਰਹੇਗਾ।
ਟਰੈਕਟਰ ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਸੰਗਰੂਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਚਿਤਾਵਨੀ ਦਿਤੀ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਉਪਰ ਮਾਰੂ ਹਮਲੇ ਨਾਲ ਸਮੁੱਚਾ ਮੁਲਕ ਤਬਾਹੀ ਦੇ ਕੰਢੇ 'ਤੇ ਪਹੁੰਚ ਜਾਵੇਗਾ। ਇਹ ਟਰੈਕਟਰ ਰੈਲੀ ਭਵਾਨੀਗੜ੍ਹ, ਫ਼ਤਿਹਗੜ੍ਹ ਛੰਨਾ, ਬਾਹਮਣਾ ਰਾਹੀਂ ਹੁੰਦੀ ਹੋਈ ਪਟਿਆਲਾ ਜ਼ਿਲ੍ਹੇ ਵਿਚ ਸਮਾਣਾ ਦੀ ਅਨਾਜ ਮੰਡੀ ਵਿਚ ਇਕ ਹੋਰ ਰੈਲੀ ਨਾਲ ਸਮਾਪਤ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਸਨ ਜਿਨ੍ਹਾਂ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਹ ਸਰਕਾਰ ਕਿਸਾਨ-ਆੜ੍ਹਤੀ ਦਰਮਿਆਨ ਪਰਖੇ ਹੋਏ ਰਿਸ਼ਤੇ ਨੂੰ ਖੇਰੂ-ਖੇਰੂ ਕਰ ਕੇ ਖੇਤੀਬਾੜੀ ਨੂੰ ਅਡਾਨੀ ਅਤੇ ਅੰਬਾਨੀ ਵਰਗੇ ਵੱਡੇ ਕਾਰਪੋਰੇਟਾਂ ਦੇ ਹੱਥਾਂ ਵਿਚ ਦੇਣ 'ਤੇ ਤੁਲੀ ਹੋਈ ਹੈ। ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਤੋਂ ਪਿੱਛੇ ਨਹੀਂ ਹਟੇਗੀ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਕਿਸਾਨਾਂ ਨੂੰ ਵੱਡੇ ਉਦਯੋਗਪਤੀਆਂ ਦੇ ਰਹਿਮੋ-ਕਰਮ 'ਤੇ ਛੱਡ ਦੇਣਗੇ ਅਤੇ ਕਿਸਾਨ ਨਾ ਤਾਂ ਲੜਾਈ ਲੜਨ ਦੇ ਸਮਰਥ ਰਹਿਣਗੇ ਅਤੇ ਨਾ ਹੀ ਕਿਸੇ ਕੋਲ ਸਹਾਇਤ ਲਈ ਜਾ ਸਕਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਆਖ਼ਰੀ ਦਮ ਤਕ ਕਿਸਾਨਾਂ ਦੀ ਲੜਾਈ ਲੜੇਗੀ। ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਬਣਨ 'ਤੇ ਤੁਰਤ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਥੇ ਕਿਸਾਨਾਂ ਦੀ ਸਾਰ ਲੈਣ ਲਈ ਆਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨ ਭਾਈਚਾਰੇ ਨਾਲ ਘੋਰ ਬੇਇਨਸਾਫ਼ੀ ਦਸਿਆ। ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਇਹ 'ਜ਼ਮੀਨ ਬਚਾਉ ਯਾਤਰਾ' ਭਾਜਪਾ ਸਰਕਾਰ ਦੇ ਪਤਨ ਦਾ ਕਾਰਨ ਬਣੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਆਉਣ ਵਾਲੀ ਕੇਂਦਰ ਵਿਚ ਸਰਕਾਰ ਕਾਂਗਰਸ ਦੀ ਹੋਵੇਗੀ। ਬੀਬੀ ਰਜਿੰਦਰ ਕੌਰ ਭੱਠਲ ਨੇ ਜੇਜੀ ਪੈਲਸ ਸੰਗਰੂਰ ਵਿਖੇ ਅਪਣੇ ਵਰਕਰਾਂ ਨਾਲ ਕੈਪਟਨ ਅਤੇ ਰਾਹੁਲ ਦਾ ਸਵਾਗਤ ਕੀਤਾ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਵਿਜੇ ਇੰਦਰ ਸਿੰਗਲਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਇਸ ਸਮਾਗਮ ਵਿਚ ਪੰਜਾਬ ਮਾਮਲਿਆਂ ਦੇ ਏ.ਆਈ.ਸੀ.ਸੀ ਜਨਰਲ ਸਕੱਤਰ ਇੰਚਾਰਜ ਹਰੀਸ਼ ਰਾਵਤ, ਹਰਿਆਣਾ ਕਾਂਗਰਸੀ ਆਗੂ ਦੀਪੇਂਦਰ ਹੁੱਡਾ, ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਅਵਤਾਰ ਸਿੰਘ ਸੇਰੋਂ ਪ੍ਰਧਾਨ ਕਿਸਾਨ ਸੈੱਲ ਕਾਂਗਰਸ ਕਮੇਟੀ ਸੰਗਰੂਰ, , ਚੇਅਰਪਰਸਨ ਜਸਬੀਰ ਕੌਰ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ, ਹਰਪ੍ਰੀਤ ਦਿਆਲਗੜ੍ਹ ਮੀਤ ਪ੍ਰਧਾਨ ਕਾਂਗਰਸ ਕਮੇਟੀ ਸੰਗਰੂਰ, ਸੁਖਵਿੰਦਰ ਸਿੰਘ ਸੇਰੋਂ ਮੀਤ ਪ੍ਰਧਾਨ ਕਿਸਾਨ ਸੈੱਲ ਸੰਗਰੂਰ ਆਦਿ ਹਾਜ਼ਰ ਸਨ।
ਫੋਟੋ ਨੰ. 5 ਐਸ ਐਨ ਜੀ 4
ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਪਹੁੰਚੀ ਭਵਾਨੀਗੜ੍ਹ ਤੋਂ ਹੁੰਦੀ ਹੋਈ ਸਮਾਣਾ ਪਹੁੰਚੀ
ਭਵਾਨੀਗੜ੍ਹ, 5 ਅਕਤੂਬਰ (ਜੀ ਐਸ ਐਸ): 'ਜ਼ਮੀਨ ਬਚਾਉ' ਮੁਹਿੰਮ ਤਹਿਤ ਕਾਂਗਰਸ ਪਾਰਟੀ ਵਲੋਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕੱਢੀ ਜਾ ਰਹੀ ਟਰੈਕਟਰ ਰੈਲੀ ਸੰਗਰੂਰ ਤੋਂ ਚਲ ਕੇ ਭਵਾਨੀਗੜ੍ਹ ਹੁੰਦੀ ਹੋਈ ਸਮਾਣਾ ਪਹੁੰਚੀ। ਭਵਾਨੀਗੜ੍ਹ ਪਹੁੰਚਣ 'ਤੇ ਭਾਰੀ ਗਿਣਤੀ 'ਚ ਕਾਂਗਰਸੀ ਵਰਕਰਾਂ ਤੇ ਕਿਸਾਨਾਂ ਨੇ ਰਾਹੁਲ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੀ ਲੀਡਰਸ਼ਿਪ ਹਾਜ਼ਰ ਸੀ।
.ਫੋਟੋ ਨੰ: 5 ਐਸਐਨਜੀ 14
ਦੂਜੇ ਦਿਨ ਨਵਜੋਤ ਸਿੰਘ ਸਿੱਧੂ ਗ਼ੈਰ ਹਾਜ਼ਰ
ਕਿਸਾਨੀ ਸੰਘਰਸ਼ 'ਚੋਂ ਸਿਆਸੀ ਰਾਹਾਂ ਭਾਲਣ ਵਾਲਿਆਂ ਲਈ ਔਖਾ ਪੈਡਾ ਸਾਬਤ ਹੋ ਰਿਹੈ ਕਿਸਾਨਾਂ ਦਾ ਘੋਲ
ਚੰਡੀਗੜ੍ਹ, 5 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਕਾਂਗਰਸ ਦੀ ਮੋਗਾ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬੀਤੇ ਕੱਲ੍ਹ ਧਮਾਕੇਦਾਰ ਵਾਪਸੀ ਕੀਤੀ। ਉਨ੍ਹਾਂ ਨੇ ਸਿਆਸੀ ਪਿੱਚ 'ਤੇ ਆਉਂਦਿਆਂ ਹੀ ਚੌਕੇ-ਛੱਕੇ ਮਾਰਨੇ ਸ਼ੁਰੂ ਕਰ ਦਿਤੇ। ਉਨ੍ਹਾਂ ਦੇ ਭਾਜਪਾ ਵੱਲ ਮਾਰੇ ਚੌਂਕੇ-ਛੱਕਿਆਂ ਦੀ ਮਾਰ ਤੋਂ ਉਨ੍ਹਾਂ ਦੀ ਖੁਦ ਦੀ ਪਾਰਟੀ ਵੀ ਬਚ ਨਹੀਂ ਸਕੀ। ਦਰਅਸਲ ਬੀਤੇ ਕੱਲ੍ਹ ਮੋਗਾ ਵਿਖੇ ਟਰੈਕਟਰ ਮਾਰਚ ਦੌਰਾਨ ਸਿੱਧੂ ਮੰਚ 'ਤੇ ਕੁੱਝ ਜ਼ਿਆਦਾ ਹੀ ਜ਼ਜਬਾਤੀ ਹੋ ਗਏ ਸਨ। ਸਟੇਜ ਦੀ ਕਾਰਵਾਈ ਸੰਭਾਲ ਰਹੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਉਨ੍ਹਾਂ ਅੱਗੇ ਇਕ ਪਰਚੀ ਰੱਖ ਜਿਉਂ ਹੀ ਵਾਪਸ ਮੁੜਨ ਲੱਗੇ, ਨਵਜੋਤ ਸਿੱਧੂ ਨੇ ਭਾਸ਼ਨ ਵਿਚੇ ਰੋਕਦਿਆਂ ਲਾਊਡ ਸਪੀਕਰ 'ਤੇ ਹੀ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾ ਦਿਤੀਆਂ। ਉਨ੍ਹਾਂ ਦੇ ਕਹੇ ਸ਼ਬਦ ਜਿੱਥੇ ਪੰਡਾਲ 'ਚ ਮੌਜੂਦ ਸਰੋਤਿਆਂ ਤਕ ਪਹੁੰਚ ਗਏ ਉਥੇ ਹੀ ਮੀਡੀਆ ਤੇ ਸੋਸ਼ਲ ਮੀਡੀਆ 'ਚ ਇਸ ਦੀ ਖ਼ੂਬ ਚਰਚਾ ਵੇਖਣ ਨੂੰ ਮਿਲੀ।
ਸਿੱਧੂ ਦੀ ਤੇਜ਼ੀ ਦਾ ਅਸਰ ਅੱਜ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੇ ਦੂਜੇ ਦਿਨ ਸੰਗਰੂਰ ਵਿਖੇ ਸਜਾਏ ਗਏ ਮੰਚ 'ਤੇ ਵੀ ਵੇਖਣ ਨੂੰ ਮਿਲਿਆ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਗ਼ੈਰ ਹਾਜ਼ਰੀ ਨੇ ਨਵੀਂ ਬਹਿਸ਼ ਛਿੜ ਦਿਤੀ ਹੈ। ਇਸ ਨੂੰ ਉਨ੍ਹਾਂ ਵਲੋਂ ਕੱਲ੍ਹ ਭਾਸ਼ਨ ਦੌਰਾਨ ਕੀਤੀ ਜ਼ੋਰਦਾਰ ਸ਼ਬਦੀ ਬੈਟਿੰਗ ਤੋਂ ਬਾਅਦ ਉਨ੍ਹਾਂ ਦੇ ਰਨ-ਆਊਟ ਨਾਲ ਜੋੜ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਮਾ. ਮੋਹਨ ਲਾਲ ਨੇ ਵੀ ਸਿੱਧੂ ਬਾਰੇ ਵਿਵਾਦਤ ਟਿੱਪਣੀ ਕਰ ਕੇ ਮਾਮਲੇ ਨੂੰ ਹੋਰ ਹਵਾ ਦੇ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸਿੱਧੂ ਦੀ ਮਾਂ ਪਾਰਟੀ ਹੈ, ਜਿੱਥੇ ਉਨ੍ਹਾਂ ਨੂੰ ਬਣਦਾ ਮਾਣ ਮਿਲ ਸਕਦਾ ਹੈ। ਕਾਂਗਰਸ ਦੇ ਕਲਚਰ ਨੂੰ ਸਿੱਧੂ ਦੀਆਂ ਇਛਾਵਾਂ ਦੇ ਉਲਟ ਦਸਦਿਆਂ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਸਿੱਧੂ ਨੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਭਾਜਪਾ ਤੋਂ ਕੀਤੀ ਸੀ। ਭਾਜਪਾ ਨੇ ਜਿੱਥੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿਤਾ ਉਥੇ ਹੀ ਸਿੱਧੂ ਨੂੰ ਵੀ ਹਮੇਸ਼ਾ ਬਣਦਾ ਮਾਣ-ਸਨਮਾਨ ਦਿਤਾ ਹੈ। ਇਸ ਲਈ ਸਿੱਧੂ ਨੂੰ ਮੁੜ ਅਪਣੀ ਮਾਂ-ਪਾਰਟੀ ਵੱਲ ਪਰਤ ਆਉਣਾ ਚਾਹੀਦਾ ਹੈ। ਸਿੱਧੂ ਦਾ ਅਗਲਾ ਕਦਮ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਕਿਸਾਨੀ ਸੰਘਰਸ਼ 'ਚੋਂ ਸਿਆਸੀ ਰਾਹਾਂ ਭਾਲਣ ਵਾਲਿਆਂ ਲਈ ਇਹimage ਰਸਤਾ ਸ਼ਾਇਦ ਇੰਨਾ ਅਸਾਨ ਨਹੀਂ, ਜਿਨ੍ਹਾਂ ਉਹ ਸਮਝ ਰਹੇ ਹਨ।