ਟੋਰਾਂਟੋ ਵਿਖੇ ਜਾਨਲੇਵਾ ਸੜਕ ਹਾਦਸੇ ਮਗਰੋਂ ਫ਼ਰਾਰ ਹੋਇਆ ਭਾਰਤੀ
ਟੋਰਾਂਟੋ, 5 ਅਕਤੂਬਰ : ਗਾਰਡਨਰ ਐਕਸਪ੍ਰੈਸ ਵੇਅ ’ਤੇ ਐਤਵਾਰ ਵੱਡੇ ਤੜਕੇ ਵਾਪਰੇ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ਵਿਚ ਟੋਰਾਂਟੋ ਪੁਲਿਸ ਭਾਰਤੀ ਮੂਲ ਦੇ ਕਲਿਆਣ ਤ੍ਰਿਵੇਦੀ ਦੀ ਭਾਲ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਬੇਹੱਦ ਤੇਜ਼ ਰਫ਼ਤਾਰ ਨਾਲ ਜਾ ਰਹੀ ਚਿੱਟੇ ਰੰਗ ਦੀ ਔਡੀ ਆਰ-8 ਨੇ ਇਕ ਹੋਰ ਗੱਡੀ ਨੂੰ ਪਿੱਛੋਂ ਟੱਕਰ ਮਾਰ ਦਿਤੀ ਅਤੇ ਇਸ ਵਿਚ ਸਵਾਰ 58 ਸਾਲਾ ਔਰਤ ਦੀ ਮੌਤ ਹੋ ਗਈ ਪਰ ਔਡੀ ਦਾ ਡਰਾਈਵਰ ਮੌਕੇ ’ਤੇ ਰੁਕਣ ਦੀ ਬਜਾਏ ਫ਼ਰਾਰ ਹੋ ਗਿਆ।
ਟੋਰਾਂਟੋ ਪੁਲਿਸ ਮੁਤਾਬਕ ਇਸੱਲੰਗਟਨ ਐਵੇਨਿਊ ਦੇ ਪੂਰਬ ਵੱਲ ਵਾਪਰੇ ਹਾਦਸੇ ਦੌਰਾਨ ਗਰੇਅ ਕਲਰ ਦੀ ਨਿਸਾਨ ਗੱਡੀ ਮੂਧੀ ਵੱਜ ਗਈ ਅਤੇ ਇਸ ਵਿਚ ਸਵਾਰ 58 ਸਾਲ ਦੀ ਔਰਤ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦੀ ਹੋਈ ਦਮ ਤੋੜ ਗਈ।
ਨਿਸਾਨ ਗੱਡੀ ਚਲਾ ਰਿਹਾ 61 ਸਾਲ ਦਾ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹੁਣ ਤੱਕ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸੀ.ਟੀ.ਪੀ.ਵੀ.-512 ਲਾਇਸੰਸ ਪਲੇਟ ਵਾਲੀ ਔਡੀ ਹਾਈਵੇਅ 427 ’ਤੇ ਦੱਖਣ ਵੱਲ ਜਾ ਰਹੀ ਸੀ ਅਤੇ ਹਾਦਸੇ ਤੋਂ ਪਹਿਲਾਂ ਗਾਰਡਨਰ ਐਕਸਪ੍ਰੈਸ ਵੇਅ ’ਤੇ ਪੂਰਬ ਵੱਲ ਜਾਂਦੀ ਨਜ਼ਰ ਆਈ। ਹਾਦਸੇ ਮਗਰੋਂ ਔਡੀ ਦੀ ਡਰਾਈਵਰ ਕਿਸੇ ਤਰੀਕੇ ਨਾਲ ਗੱਡੀ ਵਿਚ ਬਾਹਰ ਨਿਕਲਿਆ ਅਤੇ ਪੈਦਲ ਹੀ ਫ਼ਰਾਰ ਹੋ ਗਿਆ।
ਮੌਕੇ ਤੋਂ ਲੰਘ ਰਹੇ ਕੁਝ ਲੋਕਾਂ ਨੇ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਦਾ ਯਤਨ ਕੀਤਾ ਅਤੇ ਕਈਆਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਬਾਰੇ ਕੋਈ ਜਾਣਕਾਰੀ ਹੈ ਤਾਂ 416-808-1900 ’ਤੇ ਸੰਪਰਕ ਕੀਤਾ ਜਾਵੇ। ਪੁਲਿਸ ਨੇ 30 ਸਾਲ ਦੇ ਕਲਿਆਣ ਤ੍ਰਿਵੇਦੀ ਨੂੰ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। (ਏਜੰਸੀ)