ਕੇਂਦਰ ਸਰਕਾਰ ਨੂੰ ਤਾੜਨਾ, ਖੇਤੀ ਕਾਨੂੰਨ ਰੱਦ ਕਰੋ
ਚੰਡੀਗੜ੍ਹ, 5 ਅਕਤੂਬਰ (ਜੀ.ਸੀ.ਭਾਰਦਵਾਜ): ਯੂ.ਪੀ. ਦੇ ਲਖੀਮਪੁਰ ਖੇੜੀ ਵਿਚ ਵਾਪਰੀ ਹਿੰਸਕ ਘਟਨਾ ਨੂੰ ਅੱਤ ਗੰਭੀਰ ਮਸਲਾ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਅਪਣੀ ਹੰਗਾਮੀ ਬੈਠਕ ਕਰ ਕੇ ਕੋਰ ਕਮੇਟੀ ਵਿਚ ਫ਼ੈਸਲਾ ਕਰ ਕੇ ਕੇਂਦਰ ਤੇ ਯੂ.ਪੀ. ਸਰਕਾਰ ਨੂੰ ਤਾੜਨਾ ਕੀਤਾ ਕਿ ਕਿਸਾਨੀ ਸੰਘਰਸ਼ ਵਿਚ ਹੋਈਆਂ 600 ਸ਼ਹਾਦਤਾਂ ਅਤੇ ਹੁਣ ਇਕ ਕੇਂਦਰੀ ਮੰਤਰੀ ਦੇ ਲੜਕੇ ਵਲੋਂ 4 ਕਿਸਾਨਾਂ ਨੂੰ ਗੱਡੀ ਥੱਲੇ ਦੜਰਨ ਨਾਲ ਸਾਰੇ ਦੇਸ਼ ਵਿਚ ਹਾਲਤ ਸੰਕਟਮਈ ਹੋ ਗਈ ਹੈ ਅਤੇ ਤਿੰਨੋਂ ਕਾਲੇ ਕਾਨੂੰਨ ਵਾਪਸ ਤੁਰਤ ਲਏ ਜਾਣ।
ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਇਥੇ ਕੀਤੀ ਕੋਰ ਕਮੇਟੀ ਦੀ ਬੈਠਕ ਵਿਚ ਦੋ ਘੰਟੇ ਇਸੇ ਮੁੱਦੇ ’ਤੇ ਚਰਚਾ ਕੀਤੀ ਤੇ ਗੰਭੀਰਤਾ ਨਾਲ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਕਿ ਦਿਨ ਬ ਦਿਨ ਹਾਲਤ ਨਾਜ਼ੁਕ ਹੋਣ ਕਰ ਕੇ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਅਤੇ ਖੇਤੀ ਕਾਨੂੰਨ ਰੱਦ ਕਰ ਕੇ ਅੰਨਦਾਤਾ ਦਾ ਸਨਮਾਨ ਕਰਨਾ ਬਣਦਾ ਹੈ। ਕੋਰ ਕਮੇਟੀ ਦੀ ਬੈਠਕ ਮਗਰੋਂ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖਚਾਖਚ ਭਰੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਕੇਂਦਰ ਨੇ ਹਾਲਾਤ ’ਤੇ ਕਾਬੂ ਨਾ ਪਾਇਆ ਤਾਂ ਇਹ ਗੰਭੀਰ ਮਸਲਾ ਦੇਸ਼ ਵਿਚ ਤਰਥੱਲੀ ਮਚਾਏਗਾ। ਪ੍ਰਧਾਨ ਨੇ ‘ਆਪ’, ਕਾਂਗਰਸ ਤੇ ਹੋਰ ਦਲਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਨੇਤਾ, ਪਾਰਟੀ ਪੱਧਰ ਤੋਂ ਉਪਰ ਉਠ ਕੇ ਕਿਸਾਨੀ ਨਾਲ ਖੜਨ ਅਤੇ ਕੇਂਦਰ ’ਤੇ ਦਬਾਅ ਪਾਉਣ ਤਾਕਿ ਤਿੰਨੋਂ ਕਾਨੂੰਨ ਵਾਪਸ ਲੈ ਲਏ ਜਾਣ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਹੋਰ ਦੇਰੀ ਨਾ ਕਰਨ ਤੇ ਮਸਲੇ ਨੂੰ ਹੱਲ ਕਰਨ।ਪਿਛਲੇ ਮਹੀਨੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਜਿੱਤ ’ਤੇ ਸਿੱਖ ਪੰਥ ਨੂੰ ਵਧਾਈ ਦਿੰਦਿਆਂ ਸੁਖਬੀਰ ਬਾਦਲ ਨੇ ‘ਆਪ’ ਸਰਕਾਰ ਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਸਖ਼ਤ ਤਾੜਨਾ ਕੀਤੀ ਕਿ ਸਿੱਖ ਧਰਮ ਤੇ ਸਿੱਖਾਂ ਦੀ ਚੁਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਵਿਚ ਦਖ਼ਲ ਅੰਦਾਜ਼ੀ ਨਾ ਕਰਨ ਨਹੀਂ ਤਾਂ ਸਿੱਖ ਪੰਥ ਦਾ ਗੁੱਸਾ, ਜੇ ਕੰਟਰੋਲ ਨਾ ਹੋਇਆ, ਤਾਂ ਰਾਜਧਾਨੀ ਵਿਚ ਗੰਭੀਰ ਹਲਚਲ ਪੈਦਾ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਤਾਂ ਬਹੁਮਤ ਮਿਲ ਗਿਆ ਪਰ ਖ਼ੁਦ ਸਿਰਸਾ ਅਪਣੀ ਸੀਟ ਹਾਰ ਗਏ। ਉਨ੍ਹਾਂ ਦੀ ਨਾਮਜ਼ਦਗੀ ਉਪਰੰਤ ਮਨਜਿੰਦਰ ਸਿੰਘ ਸਿਰਸਾ ਨੂੰ ਪੰਜਾਬੀ ਭਾਸ਼ਾ ਲਿਖਣ ਦੇ ਟੈਸਟ ਵਿਚ ਫ਼ੇਲ੍ਹ ਕਰ ਦਿਤਾ ਗਿਆ ਜਿਸ ’ਤੇ ਦੁਖੀ ਹੋਏ ਸੁਖਬੀਰ ਬਾਦਲ ਨੇ ਕੇਜਰੀਵਾਲ ਸਰਕਾਰ ਵਿਰੁਧ ਇਲਜ਼ਾਮ ਲਾਇਆ ਕਿ ‘ਆਪ’ ਬੇਵਜਾ ਸਿੱਖਾਂ ਦੇ ਧਾਰਮਕ ਮਸਲਿਆਂ ਵਿਚ ਦਖ਼ਲਅੰਦਾਜ਼ੀ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਇਸ ਪ੍ਰੈਸ ਕਾਨਫ਼ਰੰਸ ਮੌਕੇ ਸੁਲਤਾਨਪੁਰ ਲੋਧੀ ਹਲਕੇ ਤੋਂ ਵੱਡੀ ਸ਼ਖ਼ਸੀਅਤ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਮਿਲਕਫ਼ੈੱਡ ਦੇ ਚੇਅਰਮੈਨ ਰਹੇ ਕੈਪਟਨ ਹਰਮਿੰਦਰ ਸਿੰਘ ਨੂੰ ਦਲ ਵਿਚ ਸ਼ਮੂਲੀਅਤ ਕਰਵਾਈ ਤੇ ਜੈਕਾਰਿਆਂ ਦੀ ਗੂੰਜ ਵਿਚ ਉਸ ਨੂੰ ਇਸੇ ਹਲਕੇ ਤੋਂ ਆਉਂਦੀਆਂ ਚੋਣਾਂ ਵਿਚ ਉਮੀਦਵਾਰ ਵੀ ਐਲਾਨ ਦਿਤਾ ਹੈ। ਇਥੇ ਦਸਣਾ ਬਣਦਾ ਹੈ ਕਿ ਸੁਲਤਾਨਪੁਰ ਲੋਧੀ ਤੋਂ ਤਿੰਨ ਵਾਰ ਵਿਧਾਇਕ ਤੇ ਮਗਰੋਂ ਮੰਤਰੀ ਰਹੀ ਡਾ. ਉਪਿੰਦਰਜੀਤ ਕੌਰ ਕਾਫ਼ੀ ਬੀਮਾਰ ਰਹਿਣ ਕਰ ਕੇ ਅਗਲੀਆਂ ਚੋਣਾਂ ਲੜਨਾ ਨਹੀਂ ਚਾਹੁੰਦੀ। ਕੈਪਟਨ ਹਰਮਿੰਦਰ ਸਿੰਘ ਦੇ ਨਾਲ ਅੱਜ ਸੈਂਕੜੇ ਕਾਂਗਰਸੀ ਸਰਪੰਚਾ, ਲੰਬੜਦਾਰਾਂ, ਅਹੁਦੇਦਾਰਾਂ, ਵੱਖ ਵੱਖ ਪਿੰਡਾਂ ਤੋਂ ਆਏ ਸਿਆਸੀ ਵਰਕਰਾਂ ਨੇ ਵੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਹਰਮਿੰਦਰ ਸਿੰਘ ਦੇ ਅਕਾਲੀ ਦਲ ਵਿਚ ਆਉਣ ਨਾਲ ਪਾਰਟੀ ਨੂੰ ਕਪੂਰਥਲਾ ਜ਼ਿਲ੍ਹਾ ਤੇ ਦੋਆਬਾ ਵਿਚ ਕਾਫ਼ੀ ਤਾਕਤ ਮਿਲੀ ਹੈ। ਇਸ ਉਮੀਦਵਾਰੀ ਐਲਾਨਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਐਲਾਨ ਗਏ ਕੁਲ ਉਮੀਦਵਾਰ 70 ਹੋ ਗਏ ਹਨ।