
ਇਟਾਲੀਅਨ ਪੁਲਿਸ ਲਾਸ਼ ਕਬਜ਼ੇ ’ਚ ਲੈ ਘਟਨਾ ਦੇ ਕਾਰਨ ਪਤਾ ਕਰਨ ’ਚ ਡੂੰਘਾਈ ਨਾਲ ਜਾਂਚ ਕਰਨ ’ਚ ਜੁੱਟ ਗਈ
ਇਟਲੀ: ਬਹੁਤ ਨੌਜਵਾਨ ਕਰਜ਼ਾ ਚੁੱਕ ਪੰਜਾਬ ਤੋਂ ਭਵਿੱਖ ਨੂੰ ਸੁਨਹਿਰੀ ਬਣਾਉਣ ਆਉਂਦੇ ਹਨ ਤੇ ਬਹੁਤੇ ਇਸ ਮਕਸਦ ’ਚ ਕਾਮਯਾਬ ਵੀ ਹੁੰਦੇ ਹਨ ਪਰ ਕੁਝ ਅਜਿਹੇ ਵੀ ਹਨ, ਜਿਹੜੇ ਵਕਤ ਦੀ ਚੱਲ ਰਹੀ ਚੱਕੀ ’ਚ ਫਸ ਜਾਂਦੇ ਹਨ ਤੇ ਮਾਨਸਿਕ ਸੰਤੁਲਨ ਗੁਆ ਲਾਚਾਰੀ ’ਚ ਮੌਤ ਨੂੰ ਗਲੇ ਲਗਾ ਲੈਂਦੇ ਹਨ।
ਅਜਿਹਾ ਹੀ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਜਿੱਥੇ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਨੇ ਦਰੱਖਤ ਨਾਲ ਰੱਸੀ ਪਾ ਕੇ ਖੁਦਕੁਸ਼ੀ ਕਰ ਲਈ।
ਇਟਲੀ ’ਚ ਖੇਤੀਬਾੜੀ ਫਾਰਮ ਹਾਊਸ ਚ ਕੰਮ ਕਰਦੇ ਇੱਕ ਨੌਜਵਾਨ ਨੇ ਦਰੱਖਤ ਨਾਲ ਰੱਸੀ ਪਾ ਕੇ ਆਤਮ-ਹੱਤਿਆ ਕਰ ਲਈ, ਜਿਸ ਦੀ ਖ਼ਬਰ ਮਿਲਦਿਆਂ ਹੀ ਇਟਾਲੀਅਨ ਪੁਲਿਸ ਲਾਸ਼ ਕਬਜ਼ੇ ’ਚ ਲੈ ਘਟਨਾ ਦੇ ਕਾਰਨ ਪਤਾ ਕਰਨ ’ਚ ਡੂੰਘਾਈ ਨਾਲ ਜਾਂਚ ਕਰਨ ’ਚ ਜੁੱਟ ਗਈ। ਸੂਤਰਾਂ ਅਨੁਸਾਰ ਜਸਪ੍ਰੀਤ ਸਿੰਘ ਮੋਗਾ ਜ਼ਿਲ੍ਹੇ ਨਾਲ ਸਬੰਧਤ ਸੀ ਤੇ ਉਸ ਨੂੰ ਇਟਲੀ ਆਏ 4-5 ਸਾਲ ਹੋ ਗਏ ਸਨ। ਕੁਝ ਸਮਾਂ ਪਹਿਲਾਂ ਹੀ ਉਸ ਦੇ ਪੇਪਰ ਬਣੇ ਸਨ ਤੇ ਦਸੰਬਰ ’ਚ ਵਿਆਹ ਕਰਵਾਉਣ ਲਈ ਭਾਰਤ ਜਾਣ ਦੀ ਤਿਆਰੀ ਕਰ ਰਿਹਾ ਸੀ।
ਮ੍ਰਿਤਕ ਨੇ ਖ਼ੁਦਕੁਸ਼ੀ ਕਿਉਂ ਕੀਤੀ, ਇਸ ਦਾ ਕੋਈ ਠੋਸ ਕਾਰਨ ਖ਼ਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਦਿਨੀਂ ਜਿਸ ਘਰ ’ਚ ਰਹਿੰਦਾ ਸੀ, ਉਸ ਤੋਂ ਵੀ ਉਸ ਨੂੰ ਜਵਾਬ ਮਿਲ ਗਿਆ ਸੀ।