ਕੇਜਰੀਵਾਲ ਸਿਰਫ਼ ਦਿੱਲੀ ਤੇ ਪੰਜਾਬ ਦੇ ਰੋਲ ਮਾਡਲ ਨਹੀਂ, ਪੂਰੀ ਦੁਨੀਆਂ ਦੇ ਰੋਲ ਮਾਡਲ: ਅਮਨ ਅਰੋੜਾ
Published : Oct 5, 2022, 11:31 am IST
Updated : Oct 5, 2022, 11:31 am IST
SHARE ARTICLE
Aman Arora
Aman Arora

''ਨਾ ਪੰਜਾਬੀਅਤ ਨੂੰ ਖ਼ਤਰਾ ਹੈ ਨਾ ਹੀ ਦਿੱਲੀ ਦੀ ਦਖ਼ਲਅੰਦਾਜ਼ੀ ਹੈ। ਸਾਡੀ ਪਾਰਟੀ ਹੈ ਨੈਸ਼ਨਲ ਪਾਰਟੀ''

 

ਮੁਹਾਲੀ: ਪੰਜਾਬ ਦੀ ਆਪ ਸਰਕਾਰ ਬਣੀ ਨੂੰ 6 ਮਹੀਨੇ ਪੂਰੇ ਹੋ ਗਏ ਹਨ। 6 ਮਹੀਨੇ ਪੂਰੇ ਹੋਣ ਤੋਂ ਕੁੱਝ ਦਿਨ ਬਾਅਦ ਪੰਜਾਬ ਵਿਚ ਆਪਰੇਸ਼ਨ ਲੋਟਸ ਚਲਣ ਦੀਆਂ ਖ਼ਬਰਾਂ ਆਈਆਂ ਕਿ ਭਾਜਪਾ ਸਰਕਾਰ ਪੰਜਾਬ ਦੇ ਵਿਧਾਇਕਾਂ ਨੂੰ ਆਫ਼ਰ ਦੇ ਕੇ ਖ਼ਰੀਦ ਰਹੀ ਹੈ। ਇਸੇ ਵਿਚਕਾਰ ਸਰਕਾਰ ਨੇ ਅਪਣਾ ਭਰੋਸਗੀ ਮਤਾ ਪੇਸ਼ ਕਰਨ ਲਈ ਅਤੇ ਪੰਜਾਬ ਦੇ ਹੋਰ ਮੁੱਦਿਆਂ ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਿਸ ਵਿਚ ਵੀ ਕਾਫ਼ੀ ਹੰਗਾਮਾ ਹੋਇਆ।
ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਸਪੋਕਸਮੈਨ ਦੇ ਮੈਨਿਜਿੰਗ ਐਡੀਟਰ ਨਿਮਰਤ ਕੌਰ ਨੇ ਖ਼ਾਸ ਗੱਲਬਾਤ ਕੀਤੀ।
ਵਿਧਾਨ ਸਭਾ ਸੈਸ਼ਨ ਦੀ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਤੇ ਨਾਲ ਇਕ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਦੇ ਕੇ ਭੇਜਿਆ ਹੈ ਤੇ ਜਦੋਂ ਵਿਰੋਧੀ ਧਿਰ ਖ਼ਾਸ ਕਰ ਕੇ ਕਾਂਗਰਸ ਵਾਲੇ ਇਹ ਸਹੁੰ ਖਾ ਕੇ ਆਉਣਗੇ ਕਿ ਅਸੀਂ ਵਿਧਾਨ ਸਭਾ ਦੀ ਕਾਰਵਾਈ ਚਲਣ ਹੀ ਨਹੀਂ ਦੇਵਾਂਗੇ ਤੇ ਨਾ ਹੀ ਪੰਜਾਬ ਦਾ ਕੋਈ ਮੁੱਦਾ ਹੱਲ ਹੋਣ ਦੇਵਾਂਗੇ ਤਾਂ ਸਾਨੂੰ ਗਰਮੀ ਆਉਣੀ ਤਾਂ ਸੁਭਾਵਕ ਹੈ। ਸਾਨੂੰ ਲੋਕਾਂ ਨੇ ਏਨਾ ਵੱਡਾ ਫ਼ਤਵਾ ਦਿਤਾ ਹੈ ਤੇ ਅਸੀਂ ਵੀ ਦਿਤੇ ਹੋਏ ਸਮੇਂ ਵਿਚ ਜੋ ਵਧੀਆ ਹੋ ਸਕੇ, ਉਹ ਕਰਨਾ ਚਾਹੁੰਦੇ ਹਾਂ। ਵਿਰੋਧੀ ਧਿਰ ਨੂੰ ਚਾਹੀਦਾ ਸੀ ਕਿ ਜੇ ਉਨ੍ਹਾਂ ਕੋਲ ਪੰਜਾਬ ਦੇ ਮੁੱਦੇ ਨਹੀਂ ਹਨ ਤਾਂ ਉਹ ਚੁੱਪ ਕਰ ਕੇ ਸੁਣਨ ਤੇ ਉਨ੍ਹਾਂ ’ਤੇ ਚਰਚਾ ਕਰਨ। ਉਨ੍ਹਾਂ ਨੇ ਤਾਂ ਰੌਲਾ ਪਾ ਛਡਿਆ ਸੀ ਤਾਂ ਫਿਰ ਗੁੱਸਾ ਤਾਂ ਆਉਣਾ ਹੀ ਸੀ।

ਸਵਾਲ -92 ਸੀਟਾਂ ਤੁਹਾਨੂੰ ਜਿਤਾ ਕੇ ਪੰਜਾਬ ਦੇ ਵੋਟਰਾਂ ਨੇ ਜੋ ਭਰੋਸਾ ਤੁਹਾਡੇ ਤੇ ਪ੍ਰਗਟ ਕੀਤਾ ਹੈ, ਓਨਾ ਭਰੋਸਾ ਅੱਜ ਤਕ ਹੋਰ ਕਿਸੇ ਵੀ ਸਰਕਾਰ ਨੂੰ ਨਹੀਂ ਦਿਤਾ ਹੋਣਾ। ਫਿਰ ਤੁਹਾਨੂੰ ਭਰੋਸਗੀ ਮਤਾ ਲਿਆਉਣ ਦੀ ਕੀ ਲੋੜ ਪੈ ਗਈ ਸੀ? ਤੁਸੀਂ ਇਕ ਮੀਟਿੰਗ ਵੀ ਕਰ ਸਕਦੇ ਸੀ। ਕੋਈ ਹਿਲਾ ਤਾਂ ਤੁਹਾਨੂੰ ਸਕਦਾ ਨਹੀਂ ਸੀ। ਜੋ ਤੁਹਾਡੇ ਕੋਲ ਹੈ, ਉਹ ਕਿਸੇ ਹੋਰ ਕੋਲ ਤਾਂ ਹੈ ਨਹੀਂ?
ਜਵਾਬ - ਸਵਾਲ 92 ਜਾਂ 52 ਦਾ ਨਹੀਂ, ਸਵਾਲ ਤਾਂ ਇਹ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ? ਇਸ ਚੀਜ਼ ਤੋਂ ਕੀ ਤੁਸੀਂ ਮੁਨਕਰ ਹੋ ਸਕਦੇ ਹੋ ਕਿ ਭਾਜਪਾ ਨੇ 8 ਸਾਲਾਂ ਤੋਂ ਇਹ ਸਮਝਿਆ ਹੋਇਆ ਹੈ ਕਿ ਜੋ ਮਰਜ਼ੀ ਹੋ ਜਾਵੇ ਪੈਸਾ ਵਰਤੋ, ਈਡੀ ਵਰਤੋ ਜਾਂ ਕੁੱਝ ਹੋਰ, ਜਿਥੇ ਵੀ ਸਰਕਾਰ ਵਧੀਆ ਚਲਦੀ ਹੈ ਉਹ ਤੋੜੋ ਤੇ ਅਪਣੀ ਸਰਕਾਰ ਬਣਾਉ। ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਕੀਤਾ ਵੀ ਇਹੀ ਹੈ। ਕਾਂਗਰਸ ਦੇ 9 ਵਿਧਾਇਕ ਤੇ ਸਾਬਕਾ ਸੀਐਮ ਭਾਜਪਾ ਵਿਚ ਜਾ ਚੁੱਕੇ ਹਨ। ਪੌਣੇ 200 ਦੇ ਕਰੀਬ ਵਿਧਾਇਕ ਖ਼ਰੀਦ ਕੇ ਇਹ ਸਰਕਾਰਾਂ ਤੋੜ ਚੁੱਕੇ ਹਨ। ਆਪਰੇਸ਼ਨ ਲੋਟਸ ਦੇ ਨਾਲ ਇਹ ਹੁਣ ਫਿਰ ਵਿਧਾਇਕਾਂ ਨੂੰ ਖ਼ਰਦੀਣਾ ਚਾਹੁੰਦੇ ਹਨ ਤੇ ਪਹਿਲਾਂ ਦਿੱਲੀ ਵਿਚ ਵੀ ਇਹ ਸੱਭ ਕਰ ਚੁੱਕੇ ਹਨ। ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਨਾਲ ਸਾਡੀ ਜ਼ਿੰਮੇਵਾਰੀ ਇਹ ਵੀ ਹੈ ਕਿ ਸਾਨੂੰ ਕੋਈ ਢਾਹ ਨਾ ਲਾਵੇ। ਇਸ ਢਾਹ ਤੋਂ ਬਚਣ ਲਈ ਸਾਡੇ ਲਈ ਇਹ ਜ਼ਰੂਰੀ ਸੀ ਕਿ ਅਸੀਂ ਅਪਣੇ ਸਾਥੀਆਂ ਨੂੰ ਇਕੱਠੇ ਕਰੀਏ ਤੇ ਉਨ੍ਹਾਂ ਦੀ ਤਾਕਤ ਪੰਜਾਬ ਦੇ ਲੋਕਾਂ ਨੂੰ ਦਿਖਾਈਏ। ਸਾਨੂੰ ਇਹ ਗੱਲ ਸਮਝ ਨਹੀਂ ਆਈ ਕਿ ਲੜਾਈ ਤਾਂ ਸਾਡੀ ਭਾਜਪਾ ਵਾਲਿਆਂ ਨਾਲ ਹੈ ਕਿ ਉਹ ਇਹ ਕੰਮ ਕਰ ਰਹੇ ਸਨ ਤੇ ਜਿਸ ਦਿਨ ਤੋਂ ਆਪਰੇਸ਼ਨ ਲੋਟਸ ਸ਼ੁਰੂ ਹੋਇਆ, ਉਸ ਦਿਨ ਹੀ ਕਾਂਗਰਸ ਦੇ ਗੋਆ ਤੋਂ ਵਿਧਾਇਕ ਖ਼ਰੀਦ ਕੇ ਭਾਜਪਾ ਅਪਣੇ ਨਾਲ ਰਲਾ ਲੈਂਦੀ ਹੈ ਤੇ ਹਿਮਾਚਲ ਵਿਚ ਵੀ ਇਨ੍ਹਾਂ ਦੇ 2 ਵਿਧਾਇਕ ਹਨ ਜੋ ਕਹਿ ਰਹੇ ਨੇ ਕਿ ਸਾਨੂੰ ਖ਼ਰੀਦ ਰਹੇ ਨੇ। ਇਕ ਤਾਂ ਵਿਕਰਮ ਹੈ ਜੋ ਕਹਿ ਰਿਹਾ ਹੈ ਕਿ ਭਾਜਪਾ ਨੇ 500 ਕਰੋੜ ਕੱਢ ਰਖਿਆ ਹੈ। ਸੋ ਸਾਡਾ ਕਹਿਣਾ ਹੈ ਕਿ ਲੋਕਤੰਤਰ ਨੂੰ ਬਚਾ ਕੇ ਰਖਣਾ ਵੀ ਸਾਡਾ ਫ਼ਰਜ਼ ਹੈ ਤੇ ਇਸੇ ਕਰ ਕੇ ਹੀ ਅਸਲੀ ਭਰੋਸਗੀ ਮਤਾ ਲੈ ਕੇ ਆਉਣਾ ਸੀ।

ਸਵਾਲ - ਤੁਸੀ ਕਹਿੰਦੇ ਹੋ ਕਿ ਉਹ ਖ਼ਰੀਦ ਰਹੇ ਨੇ, ਜੇ ਵਿਕਣ ਵਾਲੇ ਤਿਆਰ ਮਿਲਦੇ ਹਨ ਤਾਂ ਹੀ ਉਹ ਖ਼ਰੀਦ ਰਹੇ ਹਨ। ਇਕ ਸਿਟਿੰਗ ਸੀਐਮ ਹਾਰਿਆ ਹੈ ਤੇ ਪੂਰੀ ਕੈਬਨਿਟ ਵੀ ਹਾਰੀ ਹੈ। ਲੋਕਾਂ ਨੇ ਬਹੁਤ ਸੋਹਣਾ ਜਵਾਬ ਦਿਤਾ ਹੈ। ਤੁਸੀ ਕਿਹਾ ਕਿ ਲੋਕਾਂ ਨੂੰ ਅਸੀ ਦਸਣਾ ਹੈ ਕਿ ਅਸੀ ਸਾਰੇ ਇਕੱਠੇ ਹਾਂ। ਤੁਸੀਂ ਇਕ ਪਾਰਟੀ ਮੀਟਿੰਗ ਕਰ ਲੈਂਦੇ। ਪੰਜਾਬ ਦਾ ਖ਼ਜ਼ਾਨਾ ਪਹਿਲਾਂ ਹੀ ਕਮਜ਼ੋਰ ਹੈ, ਹੁਣ ਪੈਸੇ ਭਰਨ ਦਾ ਵਕਤ ਹੈ ਤੇ ਤੁਸੀਂ ਕਰਜ਼ਾ ਲੈ ਰਹੇ ਹੋ। ਹੁਣੇ ਤੁਸੀਂ 1200 ਕਰੋੜ ਦਾ ਕਰਜ਼ਾ ਲਿਆ ਹੈ ਤੇ ਫਿਰ ਇਸ ਸੈਸ਼ਨ ਵਿਚ ਵੀ ਤਾਂ 2 ਤੋਂ 3 ਕਰੋੜ ਲੱਗਾ ਹੀ?

ਜਵਾਬ - ਦੇਖੋ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜੇ ਬੰਦੇ ਵਿਕਦੇ ਨੇ ਤਾਂ ਹੀ ਉਹ ਖ਼ਰੀਦ ਰਹੇ ਹਨ ਤੇ ਮੈਂ ਇਹ ਕਹਿੰਦਾ ਹਾਂ ਕਿ ਜੇ ਸਾਡੇ ਬੰਦੇ ਵਿਕਦੇ ਹੁੰਦੇ ਤਾਂ ਉਹ ਪਾਰਟੀ ਲੀਡਰਸ਼ਿਪ ਨੂੰ ਥੋੜਾ ਈ ਦਸਦੇ। ਜੇ ਅਸੀਂ ਇਸ ਗੱਲ ਨੂੰ ਇੰਨਾ ਹੀ ਢਿੱਲਾ ਲੈ ਲੈਂਦੇ ਤੇ ਰੱਬ ਨਾ ਕਰੇ ਉਹ ਸਾਡੇ ਇਕ ਦੋ ਬੰਦੇ ਲੈ ਵੀ ਜਾਂਦੇ ਤੇ ਉਸ ਥਾਂ ਵੀ ਚੋਣ ਹੁੰਦੀ ਤਾਂ ਉਸ ਚੋਣ ’ਤੇ ਕਿੰਨਾ ਖ਼ਰਚਾ ਹੁੰਦਾ? ਉਸ ਤੋਂ ਚੰਗਾ ਇਹ ਸੀ ਕਿ ਅਸੀਂ ਇਕ ਦਿਨ ਦਾ ਭਰੋਸਗੀ ਮਤਾ ਪਾਸ ਕਰਨ ਲਈ ਇਕ ਦਿਨ ਦਾ ਸੈਸ਼ਨ ਬੁਲਾ ਲਈਏ।
ਸਵਾਲ - ਪਰ ਜਿਸ ਨੇ ਵਿਕਣਾ ਹੈ ਉਹ ਤਾਂ ਵਿਕੇਗਾ ਹੀ ਅਸੀਂ-ਤੁਸੀਂ ਕੁੱਝ ਨਹੀਂ ਕਰ ਸਕਦੇ। ਅਸੀਂ ਤੁਹਾਡੀ ਪਾਰਟੀ ਨੂੰ ਕ੍ਰਾਂਤੀ ਸਮਝਦੇ ਹਾਂ ਤੇ ਸਾਰੇ ਵਿਧਾਇਕ ਹੀ ਤੁਹਾਡੇ ਨਵੇਂ ਨੇ ਤੇ ਇੰਨਾ ਵਿਸ਼ਵਾਸ ਤਾਂ ਤੁਹਾਨੂੰ ਵੀ ਅਪਣੇ ਵਿਧਾਇਕਾਂ ਪ੍ਰਤੀ ਦਿਖਾਉਣਾ ਪਵੇਗਾ ਕਿ ਉਹ ਨਹੀਂ ਵਿਕਣਗੇ?
ਜਵਾਬ ਦਿਖਾਇਆ ਹੀ ਹੈ ਜੀ ਅਸੀਂ। ਉਨ੍ਹਾਂ ਨੇ ਪਾਰਟੀ ਵਿਚ ਦਿਖਾਇਆ ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਨੇ ਲੀਡਰਸ਼ਿਪ ਵਿਚ ਦਿਖਾਇਆ। ਜੇ ਉਨ੍ਹਾਂ ਨੇ ਸਾਨੂੰ ਆ ਕੇ ਦਸਿਆ ਆਪਰੇਸ਼ਨ ਲੋਟਸ ਬਾਰੇ ਤਾਂ ਸਾਡਾ ਵੀ ਕੋਈ ਫ਼ਰਜ਼ ਬਣਦਾ ਸੀ ਵਿਸ਼ਵਾਸ ਦਿਖਾਉਣ ਦਾ। ਭਰੋਸਗੀ ਮਤਾ ਲਿਆਉਣਾ ਸਾਡੀ ਮਜਬੂਰੀ ਬਣ ਗਈ ਸੀ।

ਸਵਾਲ  - ਕੀ ਸਿਆਸਤਦਾਨ ਨੂੰ ਇਹ ਆਦਤ ਨਹੀਂ ਪੈ ਗਈ ਕਿ ਸੁਰਖੀਆਂ ਵਿਚ ਰਹਿਣ ਲਈ ਤੁਸੀਂ ਕੁੱਝ ਕਰਦੇ ਰਹੋ? ਅੱਜ ਨਸ਼ਾ ਵਿਕ ਰਿਹਾ ਹੈ, ਰੇਤਾ ਮਹਿੰਗਾ ਹੋ ਗਿਆ ਹੈ ਤੇ ਐਨਜੀਟੀ ਵਲੋਂ ਤੁਹਾਨੂੰ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਉਸ ’ਤੇ ਕੰਮ ਨਹੀਂ ਹੋਇਆ ਤਾਂ ਤੁਹਾਨੂੰ ਹੋਰ ਕੰਮ ਕਰਨ ਦੀ ਲੋੜ ਵੀ ਹੈ ਨਾ?

ਜਵਾਬ - ਤੁਸੀਂ 3 ਚੀਜ਼ਾਂ ਦੀ ਗੱਲ ਕੀਤੀ ਹੈ। ਪਹਿਲਾਂ ਨਸ਼ਾ- ਨਸ਼ਾ ਇਕ ਕੈਂਸਰ ਹੈ ਤੇ ਕੀ ਤੁਸੀਂ ਉਸ ਨੂੰ ਇਕ ਗੋਲੀ ਦੇ ਕੇ ਠੀਕ ਕਰ ਸਕਦੇ ਹੋ? ਨਸ਼ਾ ਪੰਜਾਬ ਵਿਚੋਂ ਉਦੋਂ ਤਕ ਖ਼ਤਮ ਨਹੀਂ ਹੋ ਸਕਦਾ ਹੈ ਜਦੋਂ ਤਕ ਅਸੀਂ ਉਸ ਦੀ ਡਿਮਾਂਡ ਖ਼ਤਮ ਨਹੀਂ ਕਰਦੇ। ਉਹ ਜਿਹੜੀ ਇਕ ਚੇਨ ਬਣੀ ਹੋਈ ਸੀ ਲੀਡਰਾਂ ਦੀ, ਪੁਲਿਸ ਦੀ ਤੇ ਮਾਫ਼ੀਏ ਦੀ, ਉਹ ਤੋੜਨੀ ਪਵੇਗੀ। ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਇਸ ਤੋਂ ਬਾਹਰ ਹੋ ਗਏ ਨੇ, ਪੁਲਿਸ ਵੀ 70 ਤੋਂ 80 ਫ਼ੀ ਸਦੀ ਬਾਹਰ ਹੋ ਚੁੱਕੀ ਹੋਵੇਗੀ। ਜਿਹੜੀ ਰਹਿੰਦੀ ਹੈ ਤੇ ਉਹ ਵੀ ਹੌਲੀ-ਹੌਲੀ ਖ਼ਤਮ ਹੋ ਜਾਵੇਗੀ।

ਸਵਾਲ - ਅਸੀਂ ਸਪੋਕਸਮੈਨ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ ਜਿਸ ਤੇ ਹਰ ਰੋਜ਼ 2-3 ਪਿੰਡਾਂ ਤੋਂ ਕਾਲ ਆਉਂਦੀ ਹੈ ਤੇ ਹਕੀਕਤ ਇਹ ਹੈ ਕਿ ਨਸ਼ਾ ਵਿਕ ਰਿਹਾ ਹੈ ਤੇ ਬਹੁਤ ਜ਼ਿਆਦਾ ਵਿਕ ਰਿਹਾ ਹੈ।
ਜਵਾਬ - ਵਿਕ ਰਿਹਾ ਹੈ, ਮੈਂ ਨਹੀਂ ਕਿਹਾ ਕਿ ਨਹੀਂ ਵਿਕ ਰਿਹਾ ਪਰ ਜੇ ਆਪਾਂ ਇਹ ਕਹੀਏ ਕਿ ਉਹ ਪਿਛਲੀਆਂ ਸਰਕਾਰਾਂ ਦੀ ਸ਼ਹਿ ’ਤੇ ਵਿਕ ਰਿਹਾ ਹੈ ਤਾਂ ਉਹ ਵੀ ਗ਼ਲਤ ਹੈ ਕਿਉਂਕਿ ਜਿਹੜੇ ਲੀਡਰ ਪਹਿਲਾਂ ਨਸ਼ਾ ਵੇਚਦੇ ਸੀ ਉਹ ਹੁਣ ਕਹਿ ਰਹੇ ਨੇ ਕਿ ਉਨ੍ਹਾਂ ਦੀ ਨੀਅਤ ਵਿਚ ਕੋਈ ਕਮੀ ਨਹੀਂ ਸੀ। ਕਾਰਵਾਈਆਂ ਹੋ ਰਹੀਆਂ ਨੇ ਪਰ ਜੋ ਨਸ਼ੇ ਦੀ ਡਿਮਾਂਡ ਕਰਦੇ ਨੇ ਉਨ੍ਹਾਂ ਨੂੰ ਰੋਕਣਾ ਪੈਣਾ ਹੈ ਤੇ ਇਹ ਡਿਮਾਂਡ ਰੋਕ ਕੌਣ ਸਕਦੇ ਨੇ? ਉਹ ਆਪ ਤੇ ਉਨ੍ਹਾਂ ਦੇ ਪ੍ਰਵਾਰ। ਇਹ ਨਾ ਤਾਂ ਤੁਸੀ ਰੋਕ ਸਕਦੇ ਹੋ ਤੇ ਨਾ ਹੀ ਮੈਂ ਤੇ ਨਾ ਹੀ ਭਗਵੰਤ ਮਾਨ ਜੀ। ਸਰਕਾਰ ਵੀ ਇਸ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ। ਨੌਜਵਾਨ ਨਸ਼ੇ ਵਲ ਜਾਂਦੇ ਕਿਉਂ ਨੇ? ਕਿਉਂਕਿ ਉਹ ਸੋਚਦੇ ਨੇ ਕਿ ਇਥੇ ਸਰਕਾਰਾਂ ਧੋਖੇਬਾਜ਼ ਨੇ, ਕੋਈ ਕੁੱਝ ਨਹੀਂ ਕਰਦਾ, ਸੱਭ ਨਸ਼ੇ ਵਲ ਜਾਂਦੇ ਹਨ। ਨੌਜਵਾਨਾਂ ਨੂੰ ਹੁਣ ਵਿਸ਼ਵਾਸ ਹੈ ਕਿ ਹਾਂ ਸਰਕਾਰਾਂ ਵੀ ਇਮਾਨਦਾਰ ਹੋ ਸਕਦੀਆਂ ਹਨ, ਸਰਕਾਰ ਹੁਣ ਨੌਕਰੀਆਂ ਵੀ ਲੈ ਕੇ ਆ ਰਹੀ ਹੈ ਤਾਂ ਜੋ ਨੌਜਵਾਨ ਮੁੰਡੇ-ਕੁੜੀਆਂ ਦਾ ਰੁਝਾਨ ਨੌਕਰੀਆਂ ਵਲ ਜਾ ਸਕੇ। ਦੇਖੋ ਜਿਹੜੀ ਕੁਰੱਪਸ਼ਨ ਸੀ ਉਹ ਵੀ ਪਹਿਲਾਂ ਨਾਲੋਂ ਘਟੀ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਵੀ ਪਤਾ ਹੈ ਕਿ ਜੇ ਹੇਠਾਂ ਤੋਂ ਕਿਸੇ ਨੇ 100 ਰੁਪਏ ਵੀ ਮੰਗੇ ਤਾਂ ਸਿੱਧੀਆਂ ਉਪਰੋਂ ਡਾਂਗਾਂ ਹੀ ਪੈਣੀਆਂ ਹਨ।

ਸਵਾਲ - ਇਕ ਮੰਤਰੀ ’ਤੇ ਇਲਜ਼ਾਮ ਲੱਗੇ, ਉਨ੍ਹਾਂ ’ਤੇ ਕਾਰਵਾਈ ਹੋਈ ਪਰ ਉਹ ਅਜੇ ਵੀ ਪਾਰਟੀ ਵਿਚ ਹੀ ਨੇ ਤੇ ਦੂਜੇ ਦੀ ਆਡੀਉ ਵਾਇਰਲ ਹੋਈ ਤੇ ਕਲ ਪਰਸੋਂ ਤਕ ਜਾਂਚ ਹੋਣ ਲੱਗੀ ਹੈ। ਕੀ ਲਗਦਾ ਹੈ ਕਿ ਲੀਡਰਾਂ ਵਿਚ ਕੁਰੱਪਸ਼ਨ ਖ਼ਤਮ ਹੋਈ ਹੈ?
ਜਵਾਬ - ਬਹੁਤ ਵੱਡੇ ਪੱਧਰ ’ਤੇ ਫ਼ਰਕ ਪੈ ਚੁੱਕਾ ਹੈ। ਜਿਵੇਂ ਤੁਹਾਨੂੰ ਦਸਿਆ ਹੈ ਕਿ ਜਿਹੜਾ ਅਫ਼ਸਰ, ਅਧਿਕਾਰੀ ਜਾਂ ਕੋਈ ਹੋਰ ਇਹ ਸਮਝਦਾ ਸੀ ਕਿ ਸੱਤਾ ਵਿਚ ਬੈਠੇ ਹੋਣ ਕਰ ਕੇ ਉਹ ਬਸੇਫ਼ਿਕਰ ਹੋ ਕੇ ਕੁਰੱਪਸ਼ਨ ਕਰ ਸਕਦਾ ਹੈ, ਇਹ ਸੋਚ ਹੁਣ ਖ਼ਤਮ ਹੋ ਗਈ ਹੈ ਤੇ ਇਸ ਨੂੰ ਖ਼ਤਮ ਕਰਨਾ ਹੀ ਬਹੁਤ ਵੱਡੀ ਉਪਲੱਬਧੀ ਹੈ। 70 ਤੋਂ 75 ਫ਼ੀ ਸਦੀ ਅਫ਼ਸਰਾਂ ਦੀ ਸੋਵਚ ਵਿਚ ਫ਼ਰਕ ਪੈ ਚੁੱਕਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਜੇ ਅਸੀਂ ਹੁਣ ਕੁਰੱਪਸ਼ਨ ਕੀਤੀ ਤਾਂ ਅਸੀਂ ਟੰਗੇ ਜਾਵਾਂਗੇ। ਅਸੀਂ ਐਂਟੀ ਕੁਰੱਪਸ਼ਨ ਮੂਵਮੈਂਟ ਵਿਚੋਂ ਪੈਦਾ ਹੋਏ ਹਾਂ ਤੇ ਜੇ ਅਸੀਂ 6 ਮਹੀਨਿਆਂ ਦਾ ਰਿਕਾਰਡ ਦੇਖੀਏ ਤਾਂ ਮੈਂ ਤਾਂ ਸਮਝਦਾ ਹਾਂ ਕਿ ਅਸੀਂ ਕਾਮਯਾਬ ਹਾਂ।

ਸਵਾਲ - - ਦੂਜਾ ਪੁਆਇੰਟ ਤੁਸੀਂ ਕਹਿੰਦੇ ਸੀ ਮਾਈਨਿੰਗ ਦਾ?
ਜਵਾਬ - ਇਸ ਸਰਕਾਰ ਤੋਂ ਪਹਿਲਾਂ 15-20 ਫ਼ੀ ਸਦੀ ਇਕ ਨਕਲੀ ਮਾਫ਼ੀਆ ਪੈਦਾ ਕੀਤਾ ਗਿਆ ਸੀ, ਇਕ ਨਕਲੀ ਡਿਮਾਂਡ ਪੈਦਾ ਕੀਤੀ ਜਾਂਦੀ ਸੀ ਤੇ ਇਨ੍ਹਾਂ ਦਾ ਸਾਲ-ਸਾਲ ਦਾ ਕਾਂਟਰੈਕਟ ਕੀਤਾ ਹੁੰਦਾ ਸੀ ਜੋ ਹੌਲੀ-ਹੌਲੀ ਟੁਟ ਰਿਹਾ ਹੈ ਤੇ ਨਵੀਂ ਨੀਤੀ ਪਿਛਲੀ ਕੈਬਨਿਟ ਵਿਚ ਹੀ ਪਾਸ ਕੀਤੀ ਗਈ ਹੈ। ਜਿਵੇਂ ਜਿਵੇਂ ਪੁਰਾਣੀ ਨੀਤੀ ਖ਼ਤਮ ਹੋਵੇਗੀ ਨਵੀਂ ਨੀਤੀ ਚਾਲੂ ਹੋ ਜਾਵੇਗੀ ਤੇ ਲੀਗਲ ਮਾਈਨਿੰਗ (ਮਿੱਟੀ ਤੇ ਰੇਤੇ ਦੀ ਖੁਦਾਈ) ਚਾਲੂ ਹੋ ਜਾਵੇਗੀ। ਇਹ ਦੁਨੀਆਂ ਦਾ ਕਾਨੂੰਨ ਹੈ। ਡਿਮਾਂਡ ਐਂਡ ਸਪਲਾਈ ਨਾਲੋ ਨਾਲ ਚਲਦੀ ਹੈ। ਸਾਡੇ 6 ਮਹੀਨੇ ਲੰਘ ਗਏ ਤੇ ਪੁਰਾਣੇ ਕਾਂਟਰੈਕਟ ਖ਼ਤਮ ਹੋ ਜਾਣਗੇ ਤੇ ਨਵੇਂ ਆ ਜਾਣਗੇ।
ਸਵਾਲ - - ਐਨ.ਜੀ.ਟੀ. ਵਲੋਂ ਜੋ ਜੁਰਮਾਨਾ ਲਗਾਇਆ ਗਿਆ ਹੈ?
ਜਵਾਬ-ਦੇਖੋ ਚਲੋ ਉਨ੍ਹਾਂ ਨੇ ਲਗਾ ਦਿਤਾ ਜੁਰਮਾਨਾ ਤੇ ਸਾਡੀ ਸਰਕਾਰ ਵਲੋਂ ਜਵਾਬ ਦੇਣਾ ਵੀ ਜ਼ਰੂਰੀ ਹੈ ਤੇ ਉਹ ਜੁਰਮਾਨਾ ਲਗਾਇਆ ਗਿਆ ਹੈ ਵਿਰਾਸਤ ਨਾ ਸਾਂਭਣ ਨੂੰ ਲੈ ਕੇ ਤੇ ਇਹ ਦੇਖੋ 100 ਮਿਲੀਅਨ ਟਨ ਦਾ ਕੂੜਾ ਸਿਰਫ਼ 6 ਮਹੀਨਿਆਂ ਵਿਚ ਤਾਂ ਨਹੀਂ ਇਕੱਠਾ ਹੋ ਗਿਆ। ਸਿਰਫ਼ ਲੁਧਿਆਣਾ ਵਿਚ ਹੀ 24 ਤੋਂ 25 ਮਿਲੀਅਨ ਟਨ ਕੂੜਾ ਇਕੱਠਾ ਹੋਇਆ ਪਿਆ ਹੈ। ਅਸੀਂ ਇਸ ਉੱਤੇ ਵੀ ਕੰਮ ਕਰ ਰਹੇ ਹਾਂ ਪਰ ਹੌਲੀ ਹੋ ਰਿਹਾ ਹੈ ਕਿਉਂਕਿ ਮਸ਼ੀਨਰੀ ਨਹੀਂ ਹੈ ਤੇ ਪਿਛਲੀਆਂ ਸਰਕਾਰਾਂ ਨੇ ਕਿਹੜਾ ਕੋਈ ਕੰਮ ਕੀਤਾ ਹੈ? ਮੇਰਾ ਅਪਣਾ ਡਿਪਾਰਟਮੈਂਟ ਪੇਡਾ ਇਸ ਵਿਚ ਲੱਗਾ ਹੋਇਆ ਹੈ, ਹੌਲੀ ਹੋਵੇਗਾ ਕੰਮ ਪਰ ਹੋਵੇਗਾ ਜ਼ਰੂਰ।
ਸਵਾਲ - - ਸਬਰ ਬਹੁਤ ਘੱਟ ਗਿਆ ਹੈ ਸਾਡੀ ਪੰਜਾਬ ਦੀ ਜਨਤਾ ਦਾ। ਉਨ੍ਹਾਂ ਨੂੰ ਇਹ ਲਗਦਾ ਹੈ ਕਿ ਉਨ੍ਹਾਂ ਨੇ ਇਕੋ ਝਟਕੇ ਨਾਲ ਤੁਹਾਨੂੰ ਜਿਵੇਂ ਸੱਤਾ ਦੀ ਕੁਰਸੀ ਤੇ ਬਿਠਾ ਦਿਤਾ, ਇਸੇ ਤਰ੍ਹਾਂ ਇਕੋ ਝਟਕੇ ਨਾਲ ਤੁਹਾਡੀ ਸਰਕਾਰ ਵੀ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੇਵੇ? 
ਜਵਾਬ - ਦੇਖੋ ਮੈਂ ਗੱਲ ਨਾਲ ਸਹਿਮਤ ਵੀ ਹਾਂ ਤੇ ਨਹੀਂ ਵੀ ਕਿਉਂਕਿ ਲੋਕਾਂ ਨੇ ਪਹਿਲੀ ਵਾਰ ਵੋਟ ਥੋੜਾ ਈ ਪਾਈ ਹੈ, ਉਹ ਵੀ 70 ਸਾਲਾਂ ਤੋਂ ਵੋਟ ਪਾ ਰਹੇ ਨੇ ਤੇ ਇਹ ਸੋਚਦੇ ਸੀ ਕਿ ਹੁਣ ਵੀ ਕੋਈ ਬਦਲਾਅ ਆਵੇਗਾ ਪਰ ਬਦਲਾਅ ਆਇਆ ਹੀ ਨਹੀਂ। ਲੋਕ ਕੁੱਝ ਹੱਦ ਤਕ ਅਪਣੀ ਜਗ੍ਹਾ ’ਤੇ ਸਹੀ ਵੀ ਹਨ।  ਹੁਣ ਆਪਾਂ ਕੂੜੇ ਕਰਕਟ ਦੀ ਗੱਲ ਕੀਤੀ ਸੀ। ਕੂੜਾ ਸਾਂਭਣਾ ਘਰ ਤੋਂ ਸ਼ੁਰੂ ਹੁੰਦੈ, ਪਰ ਜੇ ਆਪਾਂ ਇਹ ਕਰੀਏ ਕਿ ਰਸੋਈ ਦਾ ਕੂੜਾ ਇਕੱਠਾ ਕਰ ਕੇ ਮੋਟਰਸਾਈਕਲ ਤੇ ਜਾਈਏ ਤੇ ਜਾਂਦੇ-ਜਾਂਦੇ ਰਸਤੇ ਵਿਚ ਹੀ ਸੁੱਟ ਦਈਏ ਤਾਂ ਫਿਰ ਕਿਸ ਤਰ੍ਹਾਂ ਸੱਭ ਸਹੀ ਹੋਵੇਗਾ।
ਸਵਾਲ - - ਤੁਸੀਂ ਵੋਟ ਮੰਗਣ ਵੇਲੇ ਇਹ ਨਹੀਂ ਕਿਹਾ ਸੀ ਕਿ ਸਾਨੂੰ ਵੀ ਮਿਹਨਤ ਕਰਨੀ ਪਵੇਗੀ। ਤੁਸੀਂ ਇਹ ਕਹਿੰਦੇ ਰਹੇ ਕਿ ਅਸੀਂ ਤਾਂ ਆਉਂਦੇ ਹੀ ਸੱਭ ਠੀਕ ਕਰ ਦੇਵਾਂਗੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਲੋਕ ਵੀ ਕੰਮ ਕਰਨ ਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨਾ ਪਵੇਗਾ?
ਜਵਾਬ - ਅਸੀਂ ਚੋਣਾਂ ਵੇਲੇ ਇਹ ਨਹੀਂ ਕਿਹਾ ਸੀ ਕਿ ਲੋਕ ਅਪਣੇ ਘਰਾਂ ਦਾ ਕੂੜਾ ਵੀ ਬਾਹਰ ਖਿਲਾਰ ਦੇਣ ਪਰ ਹਾਂ ਜਿਥੇ ਸਾਡੀ ਜ਼ਿੰਮੇਵਾਰੀ ਹੈ, ਉਹ ਸਾਨੂੰ ਦਸਣ, ਅਸੀਂ ਪੂਰੀ ਕਰਾਂਗੇ। ਸਾਡੀਆਂ ਗ਼ਲਤੀਆਂ ਦਸੀਆਂ ਜਾਣ, ਅਸੀਂ ਅਮਲ ਕਰਾਂਗੇ। ਲੋਕਾਂ ਨੂੰ ਵੀ ਜ਼ਿੰਮੇਵਾਰ ਬਣਨਾ ਪਵੇਗਾ। ਮੇਰੀਆਂ ਗੱਲਾਂ ਸਿੱਧੀਆਂ ਤੇ ਸਪੱਸ਼ਟ ਹਨ।
ਸਵਾਲ - - ਬਰਗਾੜੀ ਦੇ ਮੁੱਦੇ ’ਤੇ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਸਮਾਂ ਚਾਹੁੰਦਾ ਸੀ। ਜਾਂ ਤਾਂ ਇਹ ਹੋਵੇ ਕਿ ਉਸ ਦਾ ਇਨਸਾਫ਼ ਹੁਣ ਰੱਬ ਕਰੇਗਾ ਪਰ ਨਹੀਂ ਤਾਂ ਇਹ ਮੁੱਦਾ ਕਦੋਂ ਹੱਲ ਹੋਵੇਗਾ?
ਜਵਾਬ ਜਿਹੜਾ ਮੁੱਦਾ 2015 ਤੋਂ ਲੈ ਕੇ ਹੱਲ ਨਹੀਂ ਹੋ ਸਕਿਆ, ਜਿਸ ਵਿਚ ਪਤਾ ਨਹੀਂ ਕਿੰਨੀਆਂ ਕੁ ਐਫ਼.ਆਈ.ਆਰ. ਹੋ ਚੁਕੀਆਂ ਹਨ ਤੇ ਪਤਾ ਨਹੀਂ ਕਿੰਨੀਆਂ ਕੁ ਸਿੱਟ ਬਣ ਗਈਆਂ, ਕਿੰਨੇ ਕਮਿਸ਼ਨ ਬਣ ਗਏ ਨੇ, ਤੇ ਜੇ ਤੁਸੀਂ ਹੁਣ ਕਹੋਗੇ ਕਿ ਇਹ ਹੁਣ ਅਸੀ 6 ਮਹੀਨਿਆਂ ਵਿਚ ਹੱਲ ਕਰ ਦੇਵਾਂਗੇ ਤਾਂ ਇਹ ਮੁਮਕਿਨ ਨਹੀਂ। ਕੁੰਵਰ ਵਿਜੈ ਪ੍ਰਤਾਪ ਦਾ ਅਪਣਾ ਇਕ ਸੈਂਟੀਮੈਂਟ ਹੈ ਤੇ ਉਨ੍ਹਾਂ ਨੇ ਇਸ ’ਤੇ ਕੰਮ ਵੀ ਬਹੁਤ ਕੀਤਾ ਹੈ ਪਰ ਇਹ ਮੁੱਦਾ ਹੱਲ ਕਰਨ ਵਿਚ ਵੀ ਸਰਕਾਰ ਲੱਗੀ ਹੋਈ ਹੈ।
ਸਵਾਲ - - ਜਿਹੜੇ ਪੁਆਇੰਟ ਤੋਂ ਤੁਸੀਂ ਗੱਲ ਕਰ ਰਹੇ ਹੋ ਕੀ ਉਸ ਦਾ ਕੋਈ ਹੱਲ ਨਿਕਲੇਗਾ? ਤੇ ਜੇ ਨਾ ਵੀ ਨਿਕਲਿਆ ਤਾਂ ਕੀ ਤੁਸੀਂ ਲੋਕਾਂ ਵਿਚ ਆ ਕੇ ਬੋਲੋਗੇ ਕਿ ਹਾਂ ਅਸੀਂ ਇਸ ਦਾ ਨਿਆਂ ਤੁਹਾਨੂੰ ਨਹੀਂ ਦੇ ਸਕਦੇ? ਕੋਈ ਸਮਾਂ ਸੀਮਾ ਤੈਅ ਕੀਤੀ ਹੋਈ ਹੈ?
ਜਵਾਬ - ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਜੇ ਆਪਾਂ ਪਹਿਲਾਂ ਹੀ ਇਹ ਸੋਚ ਲਈਏ ਕਿ ਇਸ ਦਾ ਹੱਲ ਨਹੀਂ ਨਿਕਲੇਗਾ ਤਾਂ ਇਹ ਸਹੀ ਨਹੀਂ ਹੋਵੇਗਾ। ਸਰਕਾਰ ਦੀ ਕੋਸ਼ਿਸ਼ ਚੱਲ ਰਹੀ ਹੈ। ਸਮਾਂ ਸੀਮਾਂ ਵੀ ਕਿਵੇਂ ਤੈਅ ਹੋ ਸਕਦੀ ਹੈ ਕਿਉਂਕਿ ਕਿੰਨੀਆਂ ਐੱਸ.ਆਈ.ਟੀ ਬਣ ਗਈਆਂ, ਕਿੰਨਾ ਕੁੱਝ ਕਰ ਲਿਆ ਹੈ। ਜਿਹੜਾ ਮਾਮਲਾ ਹੀ ਅਦਾਲਤ ਕੋਲ ਪਿਆ ਹੈ ਉਸ ਦੀ ਸਮਾਂ ਸੀਮਾ ਕਿਵੇਂ ਤੈਅ ਕੀਤੀ ਜਾ ਸਕਦੀ ਹੈ? 1984 ਦੇ ਕਤਲੇਆਮ ਦਾ ਤਾਂ ਅਜੇ ਤਕ ਇਨਸਾਫ਼ ਮਿਲਿਆ ਨਹੀਂ ਤੇ ਤੁਸੀਂ ਮੈਨੂੰ ਕਹੋ ਕਿ ਮੈਂ ਤੁਹਾਨੂੰ ਕਹਿ ਕੇ ਜਾਵਾਂ ਕਿ ਅਗਲੇ 6 ਮਹੀਨਿਆਂ ਤਕ ਇਨਸਾਫ਼ ਮਿਲ ਜਾਵੇਗਾ ਤਾਂ ਮੈਂ ਕਿੱਦਾਂ ਕਹਿ ਸਕਦਾ ਹਾਂ ਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਇਸ ਦਾ ਇਨਸਾਫ਼ ਮਿਲੇਗਾ ਹੀ ਨਹੀਂ। ਅਸੀਂ ਜੋ ਕਰ ਸਕਦੇ ਹਾਂ, ਕਰ ਰਹੇ ਹਾਂ। ਇਹ ਨਹੀਂ ਕਿ ਅਸੀਂ ਸਿਰਫ਼ ਬੈਠੇ ਹੀ ਹਾਂ।
ਸਵਾਲ - - ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਆਲੋਚਨਾ ਇਹ ਹੋ ਰਹੀ ਹੈ ਕਿ ਸਰਕਾਰ ਨੇ ਇਸ਼ਤਿਹਾਰਾਂ ‘ਤੇ ਬਹੁਤ ਪੈਸਾ ਖਰਚ ਕੀਤਾ ਹੈ ਤੇ ਉਹ ਤੁਹਾਡਾ ਮਹਿਕਮਾ ਹੈ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ?
ਜਵਾਬ - ਸਵਾਲ ਇਹ ਹੈ ਕਿ ਕੋਈ ਚੰਗਾ ਕੰਮ ਕਰੇਗਾ ਤਾਂ ਉਸ ਦਾ ਪ੍ਰਚਾਰ ਵੀ ਜ਼ਰੂਰੀ ਹੈ ਤੇ ਜੇ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਕਿਵੇਂ ਪਤਾ ਲੱਗੇਗਾ ਕਿ ਅਸੀਂ ਵੋਟ ਵਿਅਰਥ ਨਹੀਂ ਪਾਈ, ਅਸੀਂ ਸਹੀ ਲੋਕ ਚੁਣੇ ਹਨ, ਇਹ ਮੈਸੇਜ ਕਿਵੇਂ ਜਾਵੇਗਾ? ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜਿਹੜਾ ਪੰਜਾਬ ਨੰਬਰ ਵੰਨ ਸੀ ਉਹ ਹੁਣ ਬਹੁਤ ਪਿਛੜ ਗਿਆ ਹੈ। ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ ਵੀ ਜੇ ਅਸੀਂ ਚੰਗੇ ਕੰਮਾਂ ਦਾ ਪ੍ਰਚਾਰ ਕਰਾਂਗੇ ਤਾਂ ਹੀ ਲੋਕ ਪੰਜਾਬ ਵਿਚ ਨਿਵੇਸ਼ ਕਰਨਗੇ। ਲੋਕਾਂ ਨੂੰ ਇਤਰਾਜ ਇਹ ਹੋਣਾ ਚਾਹੀਦਾ ਹੈ ਕਿ ਜੇ ਕੋਈ ਮੰਤਰੀ ਉਹਨਾਂ ਦਾ ਕੋਈ ਪੈਸਾ ਖਾ ਗਿਆ ਹੋਵੇ ਜਾਂ ਫਿਰ ਇੱਥੇ ਪੈਸਾ ਬਚਦਾ ਸੀ ਤੇ ਇਨ੍ਹਾਂ ਬਚਾਇਆ ਨਹੀਂ। ਕਿਸੇ ਨੇ ਕਦੇ ਇਹ ਸੋਚਿਆ ਸੀ ਕਿ ਜਿਹੜਾ 100 ਕਰੋੜ ਪੈਨਸ਼ਨਾਂ ਵਿਚ ਜਾਂਦਾ ਸੀ ਉਹ ਵੀ ਬਚਾਇਆ ਜਾ ਸਕਦਾ ਹੈ? ਅਸੀਂ ਉਹ ਵੀ ਬਚਾ ਰਹੇ ਹਾਂ। ਅਸੀਂ ਕਈ ਜਗ੍ਹਾ ਤੋਂ ਪੈਸੇ ਬਚਾ ਰਹੇ ਹਾਂ। ਐਕਸਾਈਜ਼ ਵਿਚ ਰੈਵੇਨਿਊ ਕਾਫ਼ੀ ਵਧ ਰਿਹਾ ਹੈ। ਅਜਿਹੇ ਕਈ ਕੰਮ ਨੇ ਜਿੱਥੋਂ ਪੈਸਾ ਬਚਾਇਆ ਜਾ ਰਿਹਾ ਹੈ।
ਸਵਾਲ - - ਤੁਹਾਡੇ ਕੋਲ ਕਈ ਅਜਿਹੇ ਭਾਰੀ ਮਹਿਕਮੇ ਨੇ ਜਿਨ੍ਹਾਂ ਵਿਚ ਕੰਮ ਕੀਤਾ ਜਾ ਰਿਹਾ ਹੈ ਤੇ ਤੁਸੀਂ ਅਜਿਹਾ ਕੀ ਕਰ ਰਹੇ ਹੋ ਜਿਸ ਨਾਲ ਤੁਸੀਂ ਰਿਪੋਰਟ ਕਾਰਡ ਵਿਚ ਅਪਣੇ 5 ਸਾਲਾਂ ਦਾ ਕੀਤਾ ਕੰਮ ਦਿਖਾ ਸਕਦੇ ਹੋ?
ਜਵਾਬ - ਮੇਰੇ ਕੋਲ 3 ਮਹਿਕਮੇ ਨੇ। ਇਕ ਦਾ ਤਾਂ ਜਨਤਾ ਨੇ ਹੀ ਦੇਣਾ ਹੈ ਰਿਜ਼ਲਟ ਤੇ ਬਾਕੀ ਦੋ ਮਹਿਕਮੇ ਨੇ ਜੋ ਉਸ ਵਿਚ ਹਾਊਸਿੰਗ ਅਰਬਨ ਡਿਵੈਲਪਮੈਂਟ ਵਿਚ ਸਾਡੇ ਕੋਲ 6 ਅਥਾਰਟੀਜ਼ ਨੇ ਤੇ ਉਹ ਅਜੇ ਅਪਣੇ ਕੰਫ਼ਰਟ ਜ਼ੋਨ ਵਿਚੋਂ ਹੀ ਨਹੀਂ ਨਿਕਲੀਆਂ। ਵੱਡੇ ਹਾਊਸਿੰਗ ਪ੍ਰੋਜੈਕਟ ਤੇ ਵੱਡੀਆ ਇੰਡਸਟਰੀਅਲ ਸਟੇਟਸ ਪਲਾਨ ਕਰ ਰਹੇ ਹਾਂ। ਸਾਰੇ ਸਿਸਟਮ ਨੂੰ ਸਟ੍ਰੀਮ ਲਾਈਨ ਕਰ ਰਹੇ ਹਾਂ। ਮੰਨ ਲਉ ਕਿ ਜਿਵੇਂ ਕਿਸੇ ਨੇ ਐਨ.ਓ.ਸੀ ਲੈਣਾ ਹੈ। ਉਹ ਮਹੀਨੇ ਤਕ ਚੱਕਰ ਮਾਰਦਾ ਰਹਿੰਦਾ ਹੈ। ਪਰ ਹੁਣ ਉਨ੍ਹਾਂ ਕੋਲ ਘਰ ਬੈਠੇ ਹੀ ਸੀਐੱਲਯੂ ਪਹੁੰਚਣਗੇ।  
ਸਵਾਲ - - ਤੁਸੀਂ ਸੰਤੁਸ਼ਟ ਚੱਲ ਰਹੇ ਹੋ ਅਪਣੇ ਮਹਿਕਮੇ ਤੋਂ?
ਜਵਾਬ - ਮੈਂ ਕੰਮ ਕਰਨ ਵਾਲਾ ਬੰਦਾ ਹਾਂ ਤੇ ਜਿਹੜਾ ਕੰਮ ਮੈਨੂੰ ਮੇਰਾ ਪ੍ਰਮਾਤਮਾ ਦੇ ਦੇਵੇ, ਲੋਕ ਦੇ ਜਾਣ, ਪਾਰਟੀ ਲੀਡਰਸ਼ਿਪ ਦੇ ਦੇਵੇ, ਮੈਂ ਉਸ ਵਿਚ ਲੱਗਾ ਰਹਿੰਦਾ ਹਾਂ, ਅਪਣੀ ਸਮਝ ਮੁਤਾਬਕ, ਅਪਣੀ ਸਮਰੱਥਾ ਮੁਤਾਬਕ। ਮੈਂ ਅਪਣੇ ਵਲੋਂ ਅਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਹਾਂ। 2 ਤੋਂ 3 ਮਹੀਨਿਆਂ ਵਿਚ ਮੈਂ ਜਿੰਨਾ ਵੀ ਕੰਮ ਕੀਤਾ ਹੈ, ਮੈਂ ਬਹੁਤ ਕੁੱਝ ਸਿੱਖਣ ਦੀ ਕੋਸ਼ਿਸ਼ ਕੀਤੀ ਹੈ।
ਸਵਾਲ - - ਠੀਕ ਹੈ, ਪਰ ਹੁਣ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਲੀਡਰਾਂ ਨੇ ਦਿੱਲੀ ਜਾ ਕੇ ਮੱਥਾ ਟੇਕ ਦਿਤਾ ਹੈ। ਕਿੰਨੀ ਕੁ ਸਚਾਈ ਹੈ?
ਜਵਾਬ - ਦੇਖੋ ਇਹ ਵਿਰੋਧੀ ਧਿਰ ਵਲੋਂ ਗ਼ਲਤ ਗੱਲਾਂ ਕੀਤੀਆਂ ਗਈਆਂ ਹਨ ਕਿਉਂਕਿ ਉਨ੍ਹਾਂ ਕੋਲ ਸਾਡੇ ਵਿਰੁਧ ਬੋਲਣ ਲਈ ਕੁੱਝ ਹੈ ਹੀ ਨਹੀਂ। ਸਾਡੇ ਵਿਰੁਧ ਉਹ ਸ਼ਰਾਬ ਮਾਫ਼ੀਆ, ਡਰੱਗ ਮਾਫ਼ੀਆ ਇਹੋ ਜਿਹੇ ਇਲਜ਼ਾਮ ਤਾਂ ਲਗਾ ਨਹੀਂ ਸਕਦੇ ਤੇ ਇਹ ਇਕੋ ਹੀ ਚੀਜ਼ ਹੈ ਜੋ ਉਨ੍ਹਾਂ ਨੇ ਫੈਲਾਈ ਹੈ। ਮੈਂ ਤੁਹਾਨੂੰ ਪੁਛਦਾ ਹਾਂ ਕਿ ਅਪਣੇ ਆਪ ਨੂੰ ਪੰਜਾਬੀ ਕਹਾਉਣ ਵਾਲੇ, ਚਾਹੇ ਉਹ ਅਕਾਲੀ ਹੋਣ ਜਾਂ ਕਾਂਗਰਸੀ, ਇਹ ਤਾਂ ਪੰਜਾਬੀ ਹੀ ਸਨ। ਇਨ੍ਹਾਂ ਨੇ ਪੰਜਾਬ ਨੂੰ ਕਿਥੋਂ ਤੋਂ ਕਿਥੇ ਲਿਆ ਕੇ ਸੁਟ ਦਿਤਾ?
ਸਵਾਲ - - ਮੈਂ ਸਪੱਸ਼ਟ ਕਰ ਦੇਵਾਂ ਕਿ ਜੋ ਚੋਣਾਂ ਵੇਲੇ ਨਾਹਰਾ ਚਲਿਆ ਸੀ ਕਿ ‘ਇਕ ਮੌਕਾ ਕੇਜਰੀਵਾਲ ਨੂੰ’ ਤੇ ਵੋਟ ਵੀ ਦਿੱਲੀ ਮਾਡਲ ਨੂੰ ਹੀ ਪਈ ਸੀ ਪਰ ਅੱਜ ਲੋਕ ਫਿਰ ਵੀ ਨਾਰਾਜ਼ ਨੇ, ਕੀ ਅਸਲ ਵਿਚ ਦਿੱਲੀ ਦੀ ਦਖ਼ਲਅੰਦਾਜ਼ੀ ਹੈ ਤੇ ਸਾਡੀ ਪੰਜਾਬੀਅਤ ਨੂੰ ਖ਼ਤਰਾ ਹੈ ਕਿ ਮੈਨੂੰ ਦਿੱਲੀ ਜਾ ਕੇ ਹੀ ਮੱਥਾ ਟੇਕਣਾ ਪੈਂਦਾ ਹੈ?
ਜਵਾਬ - ਨਹੀਂ, ਨਾ ਪੰਜਾਬੀਅਤ ਨੂੰ ਖ਼ਤਰਾ ਹੈ ਨਾ ਹੀ ਦਿੱਲੀ ਦੀ ਦਖ਼ਲਅੰਦਾਜ਼ੀ ਹੈ। ਸਾਡੀ ਪਾਰਟੀ ਹੈ ਨੈਸ਼ਨਲ ਪਾਰਟੀ। ਅਰਵਿੰਦ ਕੇਜਰੀਵਾਲ ਸਿਰਫ਼ ਦਿੱਲੀ ਤੇ ਪੰਜਾਬ ਦੇ ਰੋਲ ਮਾਡਲ ਨਹੀਂ ਨੇ, ਪੂਰੀ ਦੁਨੀਆਂ ਦੇ ਰੋਲ ਮਾਡਲ ਨੇ। ਉਨ੍ਹਾਂ ਕੋਲ ਸਰਕਾਰ ਚਲਾਉਣ ਦਾ ਤਜਰਬਾ ਸਾਡੇ ਨਾਲੋਂ ਜ਼ਿਆਦਾ ਹੈ ਤੇ ਕਾਮਯਾਬ ਵੀ ਨੇ ਉਹ। ਉਹ ਅਜਿਹੇ ਹਾਲਾਤ ਵਿਚ ਕਾਮਯਾਬ ਹਨ ਜਦੋਂ ਕਿ ਭਾਜਪਾ ਵਾਲੇ ਉਨ੍ਹਾਂ ਦੇ ਸਿਰ ’ਤੇ ਤਲਵਾਰ ਲੈ ਕੇ ਖੜੇ ਹਨ। ਤੁਸੀਂ ਕਿਹੈ ਕਿ ਕੇਜਰੀਵਾਲ ਦੇ ਮਾਡਲ ਨੂੰ ਵੋਟ ਪਈ ਹੈ ਤੇ ਜੇ ਵੋਟ ਪਈ ਵੀ ਹੈ ਤਾਂ ਕੀ ਕੇਜਰੀਵਾਲ ਦੇ ਮਾਡਲ ਨੂੰ ਸਮਝਣ ਦੀ ਸਿੱਖਣ ਦੀ ਜ਼ਰੂਰਤ ਨਹੀਂ?
ਮੈਂ ਤਾਂ ਇਹ ਸਮਝਦਾ ਹਾਂ ਕਿ ਜੇ ਕੋਈ ਦੁਸ਼ਮਣ ਵੀ ਕੋਈ ਚੰਗੀ ਸਲਾਹ ਦੇਵੇ ਤੇ ਉਸ ਤੋਂ ਵੀ ਕੁੱਝ ਸਿੱਖਣ ਨੂੰ ਮਿਲੇ ਤਾਂ ਉਹ ਵੀ ਲੈ ਲੈਣਾ ਚਾਹੀਦਾ ਹੈ। ਫਿਰ ਇਹ ਤਾਂ ਸਾਡੇ ਅਪਣੇ ਲੀਡਰ ਨੇ, ਸਾਡੇ ਘਰ ਦੇ ਮੁਖੀ ਨੇ। ਮੰਨ ਲਉ ਜੇ ਮੈਂ ਅਪਣੇ ਡਿਪਾਰਟਮੈਂਟ ਵਿਚ ਕੋਈ ਵਧੀਆ ਕੰਮ ਕਰਨਾ ਚਾਹੁੰਦਾ ਹਾਂ ਤੇ ਉੱਥੇ ਉਹ ਕੰਮ ਵਧੀਆ ਹੋਇਆ ਹੈ ਤਾਂ ਕੀ ਹੋ ਗਿਆ ਜੇ ਮੈਂ ਉੱਥੋਂ ਸਲਾਹ ਲੈ ਲਈ? ਫਿਰ ਇਸ ਵਿਚ ਪੰਜਾਬੀਅਤ ਨੂੰ ਖ਼ਤਰਾ ਕਿੱਥੋਂ ਹੋ ਗਿਆ? ਕੰਮ ਤਾਂ ਚੰਗਾ ਹੋਇਆ। ਜਿਹੜੇ ਪੰਜਾਬੀਅਤ ਦਾ ਨਾਅਰਾ ਲਗਾਉਂਦੇ ਸੀ, ਉਹਨਾਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿਤਾ ਤੇ ਇਹਨਾਂ ਨੂੰ ਲੋਕ ਰਹਿੰਦੀ ਦੁਨੀਆਂ ਤਕ ਮੁਆਫ਼ ਨਹੀਂ ਕਰਨਗੇ। ਇਹ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਇਕ ਚਾਲ ਹੈ, ਹੋਰ ਕੁੱਝ ਨਹੀਂ।
ਸਵਾਲ - - ਨਹੀਂ ਇਹ ਤਾਂ ਲੋਕ ਪਰਖਣਗੇ ਕਿ ਪੰਜਾਬੀਅਤ ’ਤੇ ਖ਼ਤਰਾ ਆਉਂਦਾ ਹੈ ਕਿ ਨਹੀਂ ਤੇ ਜੇ ਤੁਸੀਂ ਲੋਕਾਂ ਵਿਚ ਜਾਉਗੇ ਤਾਂ ਤੁਹਾਨੂੰ ਖੁਦ ਨੂੰ ਹੀ ਇਸ ਦਾ ਜਵਾਬ ਮਿਲ ਜਾਵੇਗਾ। ਤੁਸੀਂ ਅਫ਼ਵਾਹ ਦੀ ਗੱਲ ਕਰ ਰਹੇ ਹੋ ਜੋ ਬੀਤੇ ਦਿਨੀਂ ਰੋਡੇ ਪਿੰਡ ਵਿਚ ਇਕ ਮੁੰਡਾ ਆਇਆ ਜਿਸ ਦੀ ਸਮਝ ਨਹੀਂ ਆ ਰਹੀ ਕਿਥੋਂ ਆਇਆ ਹੈ, ਉਸ ਦੀ ਦਸਤਾਰਬੰਦੀ ਕੀਤੀ ਗਈ ਹੈ, ਜੋ ਗੱਲਾਂ ਕਹੀਆਂ ਗਈਆਂ, ਵੱਖਵਾਦ ਦੀਆਂ ਗੱਲਾਂ ਸਨ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ?
ਜਵਾਬ - ਬਿਲਕੁਲ ਲਿਆ ਜਾ ਰਿਹਾ ਹੈ। ਅੱਜ 25-30 ਸਾਲ ਹੋ ਗਏ ਨੇ ਪੰਜਬੀਆਂ ਨੂੰ ਅਤਿਵਾਦ ਖ਼ਤਮ ਕੀਤੇ ਨੂੰ ਤੇ ਜੋ ਕੋਈ ਮਾਹੌਲ ਖ਼ਰਾਬ ਕਰਨ ਲਈ ਬਾਹਰ ਬੈਠ ਕੇ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪੰਜਾਬ ਨੇ ਪਹਿਲਾਂ ਹੀ ਉਸ ਕਾਲੇ ਦੌਰ ਵਿਚ ਨੁਕਸਾਨ ਕਰਵਾ ਲਿਆ ਤੇ ਹੁਣ ਪੰਜਾਬ ਦੁਬਾਰਾ ਉਸ ਚੀਜ਼ ਨੂੰ ਸਹਿ ਨਹੀਂ ਸਕਦਾ ਤੇ ਨਾ ਹੀ ਸਹੇਗਾ। ਸਾਡੀ ਸਰਕਾਰ ਵਲੋਂ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਸਵਾਲ - - ਇਹ ਕਿਹਾ ਜਾ ਰਿਹਾ ਕਿ ਇਹ ਵਿਦੇਸ਼ੀ ਏਜੰਸੀਆਂ ਦਾ ਕੰਮ ਹੈ। ਕੈਪਟਨ ਅਮਰਿੰਦਰ ਸਿੰਘ ਬਾਰ-ਬਾਰ ਕਹਿੰਦੇ ਨੇ ਪੰਜਾਬ ਦੇ ਬਾਰਡਰ ਸੁਰੱਖਿਅਤ ਨਹੀਂ ਹਨ। ਕੀ ਇਸ ਵੇਲੇ ਪੰਜਾਬ ਸੁਰਖਿਅਤ ਹੈ? ਕਿਉਂਕਿ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਸ ਵੇਲੇ ਵੀਆਈਪੀ ਨੂੰ ਸਕਿਊਰਟੀ ਬਹੁਤ ਮਿਲ ਰਹੀ ਹੈ। ਲੋਕ ਸੁਰਖਿਅਤ ਮਹਿਸੂਸ ਨਹੀਂ ਕਰ ਰਹੇ?
ਜਵਾਬ - ਤੁਸੀਂ ਕੈਪਟਨ ਅਮਰਿੰਦਰ ਦਾ ਨਾਮ ਲਿਆ ਕਿ ਪੰਜਾਬ ਬਾਰਡਰ ਸਟੇਟ ਹੈ, ਪਰ ਬਾਰਡਰ ਸਟੇਟ ਅੱਜ ਬਣੀ ਹੈ? 75 ਸਾਲ ਤੋਂ ਬਾਰਡਰ ਸਟੇਟ ਹੀ ਹੈ। ਕੈਪਟਨ ਅਮਰਿੰਦਰ 75 ’ਚੋਂ 10 ਸਾਲ ਸੀਐੱਮ ਰਹੇ। ਉਹਨਾਂ ਨੇ ਇਹੋ ਜਿਹੀਆਂ ਕਿਹੜੀਆਂ ਮੱਲਾਂ ਮਾਰ ਲਈਆਂ ਕਿ ਪੰਜਾਬ ਅਪਣੇ ਆਪ ਨੂੰ ਸੁਰਖਿਅਤ ਮਹਿਸੂਸ ਕਰਨ ਲੱਗ ਗਿਆ ਹੋਵੇ। ਇਹ ਸਿਰਫ਼ ਇਕ ਛਲਾਵਾ ਹੈ। ਦੂਜੇ ਪਾਸੇ ਇਹ ਜੋ ਵੱਖਵਾਦੀ ਨੇ ਉਹ ਪੰਥ ਦੇ ਨਾਮ ’ਤੇ ਇਹੋ ਜਿਹੀ ਗੱਲ ਕਰਦੇ ਨੇ ਕਿ ਇਕ ਧਿਰ ਉਹਨਾਂ ਨਾਲ ਜੁੜ ਜਾਵੇ। ਪੰਜਾਬ ਦੀ ਗੱਲ ਕੋਈ ਨਹੀਂ ਕਰ ਰਿਹਾ ਸਭ ਸਿਆਸੀ ਰੋਟੀਆਂ ਸੇਕ ਰਹੇ ਨੇ ਤੇ ਕਿਤੋ ਨਾ ਕਿਤੋਂ ਪੈਸੇ ਬਣਾਉਣ ਦੀ ਗੱਲ ਕਰ ਰਹੇ ਨੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement