
ਖਣਨ ਮਾਫੀਆ ਦੀ ਕਾਰਗੁਜ਼ਾਰੀ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਸਿਸਵਾਂ ਦਰਿਆ ਦੇ ਬੰਨ ਹੋਏ ਕਮਜ਼ੋਰ - ਜੋਸ਼ੀ
ਨਯਾਗਾਓ: ਚੰਡੀਗੜ੍ਹ–ਬੱਦੀ ਸੜਕ, ਜੋ ਹਰ ਰੋਜ਼ ਹਜ਼ਾਰਾਂ ਵਾਹਨਾਂ ਦੀ ਆਵਾਜਾਈ ਲਈ ਮਹੱਤਵਪੂਰਨ ਜੀਵਨਰੇਖਾ ਹੈ, ਹੁਣ ਖਤਰੇ ਦੇ ਕਿਨਾਰੇ ਖੜ੍ਹੀ ਹੈ। ਸਿਸਵਾਂ ਦਰਿਆ ਦੇ ਨਾਲ ਲੱਗੀ ਇਸ ਸੜਕ ਦੇ ਬੰਨ ਖਣਨ ਮਾਫੀਆ ਦੀ ਲਾਪਰਵਾਹੀ ਅਤੇ ਸਰਕਾਰੀ ਅਣਗਿਹਲੀ ਕਾਰਨ ਕਮਜ਼ੋਰ ਹੋ ਚੁੱਕੇ ਹਨ। ਪਿਛਲੇ ਦਿਨਾਂ ਪਈ ਭਾਰੀ ਬਾਰਿਸ਼ ਨਾਲ ਦਰਿਆ ਵਿੱਚ ਆਏ ਉਫਾਨ ਨੇ ਸੜਕ ਦੇ ਇਕ। ਹਿੱਸੇ ਨਾਲ ਲੱਗੀ ਮਿੱਟੀ ਬਹਾ ਲਈ ਹੈ ਤੇ ਕਈ ਦਰੱਖਤ ਜੜਾਂ ਸਮੇਤ ਉਖੜ ਗਏ ਹਨ, ਪਰ ਸੂਬਾ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸਦਾ ਖਮਿਆਜ਼ਾ ਲੋਕਾਂ ਨੂੰ ਭੁਗਤਨਾ ਪੈ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਮੀਡੀਆ ਮੁਖੀ ਤੇ ਖਰੜ ਵਿਧਾਨਸਭਾ ਦੇ ਸੇਵਾਦਾਰ ਵਿਨੀਤ ਜੋਸ਼ੀ ਨੇ ਉਕਤ ਇਲਾਕੇ ਦਾ ਦੌਰਾ ਕਰਨ ਮਗਰੋਂ ਕੀਤਾ।
ਜੋਸ਼ੀ ਨੇ ਦੱਸਿਆ ਕਿ ਜੇ ਸੜਕ ਦੇ ਉਸ ਹਿੱਸੇ ਦੀ ਤੁਰੰਤ ਮਰੰਮਤ ਕਾਰਜ ਨਾ ਕੀਤੇ ਗਏ ਤਾਂ ਆਉਣ ਵਾਲੀ ਬਾਰਿਸ਼ ਸੜਕ ਦਾ ਵੱਡਾ ਹਿੱਸਾ ਬਹਾ ਸਕਦੀ ਹੈ, ਜਿਸ ਨਾਲ ਚੰਡੀਗੜ੍ਹ ਅਤੇ ਬੱਦੀ ਵਿਚਲਾ ਆਵਾਜਾਈ ਸੰਪਰਕ ਪੂਰੀ ਤਰ੍ਹਾਂ ਰੁਕ ਸਕਦਾ ਹੈ।
ਵਿਨੀਤ ਜੋਸ਼ੀ ਨੇ ਇਸ ਸਥਿਤੀ ਨੂੰ ਗੰਭੀਰ ਦੱਸਦਿਆਂ ਕਿਹਾ ਸਿਸਵਾਂ ਦਰਿਆ ਦੇ ਬੰਨ ਖਣਨ ਮਾਫੀਆ ਨੇ ਪਹਿਲਾਂ ਹੀ ਕਮਜ਼ੋਰ ਕਰ ਦਿੱਤੇ ਹਨ। ਹੁਣ ਸਰਕਾਰ ਦੀ ਅਣਗਿਹਲੀ ਕਾਰਨ ਇਹ ਇਲਾਕਾ ਵੱਡੇ ਹਾਦਸੇ ਦੇ ਕਿਨਾਰੇ ਹੈ। ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਸੜਕ ਦੇ ਕਿਨਾਰਿਆਂ ਦੀ ਮਜ਼ਬੂਤੀ, ਦਰਿਆ ਦੇ ਬੰਨਾਂ ਦੀ ਮਰੰਮਤ ਅਤੇ ਖਣਨ ਮਾਫੀਆ ਖਿਲਾਫ਼ ਸਖ਼ਤ ਕਾਰਵਾਈ ਕਰੇ। ਸਥਾਨਕ ਲੋਕਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਜਾਗੀ ਨਹੀਂ ਤਾਂ ਉਹ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ।
ਵਿਨੀਤ ਜੋਸ਼ੀ ਨੇ ਕਿਹਾ ਕਿ ਇਹ ਸੜਕ ਸਿਰਫ਼ ਆਵਾਜਾਈ ਦਾ ਰਾਹ ਨਹੀਂ, ਸੂਬੇ ਦੀ ਉਦਯੋਗਿਕ ਆਰਥਿਕਤਾ ਨਾਲ ਜੁੜੀ ਨਸ ਹੈ।