
ਕੂੜੇ ਵਾਲਿਆਂ 'ਤੇ ਰਹੇਗੀ 'ਤੀਜੀ ਅੱਖ', ਇਸ ਸ਼ਹਿਰ 'ਚ ਲੱਗਿਆ ਹਾਈ-ਟੈਕ ਸਿਸਟਮ
ਪੰਚਕੂਲਾ - ਘਰ-ਘਰ ਤੋਂ ਕੂੜਾ ਇਕੱਠਾ ਕਰਨ ਵਾਲਿਆਂ 'ਤੇ ਨਜ਼ਰ ਰੱਖਣ ਲਈ ਪੰਚਕੂਲਾ ਨਗਰ ਨਿਗਮ ਨੇ ਹਰ 10 ਘਰਾਂ ਬਾਅਦ ਇੱਕ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਟੈਗ ਦੀ ਸਥਾਪਨਾ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਵਿੱਚ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਦੀ ਠੇਕੇਦਾਰ ਕੰਪਨੀ ਪੂਜਾ ਕੰਸਲਟੇਸ਼ਨ ਕੰਪਨੀ ਨੂੰ ਹਿਦਾਇਤ ਕੀਤੀ ਗਈ ਹੈ, ਕਿ ਉਹ ਹਰ ਦਸਵੇਂ ਘਰ ਵਿੱਚੋਂ ਇੱਕ ਗਲੀ ਵਿੱਚ ਕੂੜਾ ਇਕੱਠਾ ਕੀਤੇ ਜਾਣ ਦੀ ਜਾਣਕਾਰੀ ਆਰ.ਐਫ਼.ਆਈ.ਡੀ. ਰਾਹੀਂ ਮੁਹੱਈਆ ਕਰਵਾਉਣ। ਇਹ ਆਈ.ਡੀ. ਨਗਰ ਨਿਗਮ ਨੂੰ ਇਹ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ ਕਿ ਗਲੀ ਵਿਚਲੇ ਘਰਾਂ ਤੋਂ ਕੂੜਾ ਇਕੱਠਾ ਕੀਤਾ ਗਿਆ ਹੈ ਜਾਂ ਨਹੀਂ। ਕੰਪਨੀ ਦੇ ਕਰਮਚਾਰੀ ਇੱਕ ਮੋਬਾਈਲ ਐਪਲੀਕੇਸ਼ਨ 'ਤੇ ਇਨ੍ਹਾਂ ਟੈਗਜ਼ ਰਾਹੀਂ ਕੂੜਾ ਚੁੱਕਣ ਦਾ ਰਿਕਾਰਡ ਦਰਜ ਕਰਨਗੇ।
ਨਗਰ ਨਿਗਮ ਦਾ ਸੈਨੀਟੇਸ਼ਨ ਵਿੰਗ ਆਰ.ਐਫ਼.ਆਈ.ਡੀ. ਰਾਹੀਂ ਕੰਪਨੀ ਦੇ ਕੰਮਕਾਜ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਕੰਪਨੀ ਨੂੰ ਟੈਂਡਰ ਅਲਾਟ ਕਰਦੇ ਸਮੇਂ ਨਗਰ ਨਿਗਮ ਨੇ ਇਹ ਸ਼ਰਤ ਰੱਖੀ ਸੀ ਕਿ ਰੋਜ਼ਾਨਾ ਦੀ ਰਿਪੋਰਟਿੰਗ ਆਰ.ਐਫ਼.ਆਈ.ਡੀ. ਰਾਹੀਂ ਕਰਨੀ ਪਵੇਗੀ।
ਕੰਪਨੀ ਵੱਲੋਂ ਘਰਾਂ ਦੇ ਬਾਹਰ ਆਰ.ਐਫ਼.ਆਈ.ਡੀ. ਟੈਗ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਹਰ ਰੋਜ਼ ਨਗਰ ਨਿਗਮ ਨੂੰ ਰਿਪੋਰਟ ਭੇਜੀ ਜਾ ਰਹੀ ਹੈ। ਜੇਕਰ ਆਰ.ਐਫ਼.ਆਈ.ਡੀ. ਰਾਹੀਂ ਕੋਈ ਰਿਪੋਰਟ ਪ੍ਰਾਪਤ ਨਹੀਂ ਹੁੰਦੀ, ਤਾਂ ਇਹ ਕੰਪਨੀ ਤੋਂ ਮੰਗੀ ਜਾਂਦੀ ਹੈ, ਜਿਸ ਨੂੰ ਨਗਰ ਨਿਗਮ ਆਪਣੇ ਪੋਰਟਲ 'ਤੇ ਅਪਲੋਡ ਕਰਦਾ ਹੈ।
ਮੁੱਖ ਸੈਨੀਟੇਸ਼ਨ ਇੰਸਪੈਕਟਰ ਅਵਿਨਾਸ਼ ਸਿੰਗਲਾ ਨੇ ਦੱਸਿਆ ਕਿ ਸ਼ਹਿਰ ਵਿੱਚ ਸਫ਼ਾਈ ਯਕੀਨੀ ਬਣਾਉਣ ਲਈ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰ.ਐਫ਼.ਆਈ.ਡੀ. ਲਗਾਉਣ ਦਾ ਮੁੱਖ ਉਦੇਸ਼ ਲੋਕਾਂ ਦੇ ਘਰਾਂ ਤੋਂ ਇਕੱਠੇ ਕੀਤੇ ਕੂੜੇ ਬਾਰੇ ਨਿਯਮਿਤ ਜਾਣਕਾਰੀ ਪ੍ਰਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਘਰਾਂ ਤੋਂ ਇਕੱਠਾ ਹੋਇਆ ਕੂੜਾ ਸ਼ਹਿਰ ਦੇ ਪ੍ਰੋਸੈਸਿੰਗ ਪਲਾਂਟ ਵਿੱਚ ਭੇਜਿਆ ਜਾਂਦਾ ਹੈ।