
Bathinda News : ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਲਈ ਕੈਨੇਡੀਅਨ ਸਰਕਾਰ ਕੋਲ ਮਾਮਲਾ ਉਠਾਉਣ ਵਾਸਤੇ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ
Bathinda News : ਕੈਨੇਡਾ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਰਤ ਸਰਕਾਰ ਨੂੰ ਇਹ ਮਾਮਲਾ ਕੈਨੇਡਾ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ, “ਕੈਨੇਡਾ ਲੱਖਾਂ ਪੰਜਾਬੀਆਂ ਦਾ ਦੂਜਾ ਘਰ ਹੈ, ਜਿਨ੍ਹਾਂ ਨੇ ਉੱਥੇ ਜਾ ਕੇ ਸਖ਼ਤ ਮਿਹਨਤ ਨਾਲ ਮੁਕਾਮ ਹਾਸਲ ਕੀਤਾ ਹੈ। ਕੈਨੇਡਾ ਨਾਲ ਭਾਰਤ ਦੇ ਸਬੰਧ ਹਮੇਸ਼ਾ ਸੁਖਾਵੇਂ ਰਹਿਣੇ ਚਾਹੀਦੇ ਹਨ ਕਿਉਂਕਿ ਪੰਜਾਬੀ ਉਸ ਮੁਲਕ ਵਿੱਚ ਕਮਾਈਆਂ ਕਰਕੇ ਆਪਣੇ ਪਰਿਵਾਰਾਂ ਲਈ ਰੋਜ਼ੀ-ਰੋਟੀ ਕਮਾਉਂਦੇ ਹਨ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਵੰਡ ਅਤੇ ਨਫ਼ਰਤ ਦੀ ਸਿਆਸਤ ਨੇ ਕੈਨੇਡਾ ਵਿੱਚ ਤੇਜ਼ੀ ਨਾਲ ਸਿਰ ਚੁੱਕਿਆ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ ਵਰਗੀ ਧਰਤੀ ‘ਤੇ ਧਰਮ ਅਤੇ ਨਫਰਤ ਦੀ ਰਾਜਨੀਤੀ ਦਾ ਪੈਰ ਪਸਾਰਨਾ ਵਿਸ਼ਵਾਸ ਤੋਂ ਬਾਹਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਨਫ਼ਰਤ ਅਤੇ ਹਿੰਸਾ ਦੀ ਇਹ ਕਾਰਵਾਈ ਅਤਿ ਨਿੰਦਣਯੋਗ ਹੈ ਅਤੇ ਢੁਕਵੀਂ ਕਾਰਵਾਈ ਲਈ ਭਾਰਤ ਸਰਕਾਰ ਨੂੰ ਇਹ ਮਾਮਲਾ ਕੈਨੇਡਾ ਦੀ ਕੌਮੀ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬੀ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ ਅਤੇ ਅਮਨ-ਸ਼ਾਂਤੀ ਦੇ ਮੁਦੱਈ ਹਨ, ਜਿਸ ਕਾਰਨ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਪਿਆਰ ਤੇ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਗੁਣਾਂ ਨਾਲ ਪੂਰੀ ਦੁਨੀਆ ਵਿੱਚ ਆਪਣਾ ਵੱਖਰੀ ਪਛਾਣ ਕਾਇਮ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਨਮੋਸ਼ੀ ਸਹਿਣੀ ਪੈਂਦੀ ਹੈ, ਜਿਸ ਕਰਕੇ ਇਸ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਦੂਜਿਆਂ ਨੂੰ ਸਬਕ ਮਿਲ ਸਕੇ।
(For more news apart from The Chief Minister strongly condemned the incidents of violence and hatred in Canada News in Punjabi, stay tuned to Rozana Spokesman)