
ਧਰਨੇ 'ਤੇ ਬੈਠੇ ਕਿਸਾਨ ਨੇ ਵੀਡੀਉ ਕਾਲ ਜ਼ਰੀਏ ਧੀ ਨੂੰ ਵਿਆਹ ਦੌਰਾਨ ਦਿਤਾ ਆਸ਼ੀਰਵਾਦ
ਨਵੀਂ ਦਿੱਲੀ, 4 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨ ਅਪਣੀ ਜ਼ਿੰਦਗੀ ਦੇ ਕਈ ਮਹੱਤਵਪੂਰਨ ਸਮਾਗਮਾਂ ਵਿਚ ਸ਼ਾਮਲ ਹੋਣ ਨਾਲੋਂ ਅੰਦੋਲਨ ਨੂੰ ਪਹਿਲ ਦੇ ਰਹੇ ਹਨ। ਅਜਿਹਾ ਹੀ ਕੁੱਝ ਸੁਭਾਸ਼ ਚੀਮਾ ਨਾਂ ਦੇ ਕਿਸਾਨ ਨੇ ਕੀਤਾ। ਦਰਅਸਲ ਸੁਭਾਸ਼ ਚੀਮਾ ਦੀ ਧੀ ਦਾ ਵਿਆਹ ਸੀ ਪਰ ਉਹ ਇਸ ਵਿਚ ਸ਼ਾਮਲ ਨਹੀਂ ਹੋਏ।
ਖ਼ਬਰਾਂ ਮੁਤਾਬਕ ਕਿਸਾਨ ਸੁਭਾਸ਼ ਚੀਮਾ ਨੇ ਕਿਹਾ ਕਿ ਜ਼ਿੰਦਗੀ ਭਰ ਉਨ੍ਹਾਂ ਨੇ ਖੇਤੀ ਦਾ ਕੰਮ ਕੀਤਾ ਅਤੇ ਇਸ ਤੋਂ ਉਨ੍ਹਾਂ ਦਾ ਪਰਵਾਰ ਚਲਦਾ ਹੈ। ਅਜਿਹੀ ਸਥਿਤੀ ਵਿਚ ਉਹ ਕਿਸਾਨ ਅੰਦੋਲਨ ਤੋਂ ਅਪਣੀਆਂ ਨਜ਼ਰਾਂ ਨਹੀਂ ਮੋੜ ਸਕਦੇ ਅਤੇ ਇਸ ਨੂੰ ਵਿਚਾਲੇ ਛੱਡ ਕੇ ਵਾਪਸ ਨਹੀਂ ਜਾ ਸਕਦੇ। ਸੁਭਾਸ਼ ਚੀਮਾ ਨੇ ਕਿਹਾ ਕਿ ਵੀਰਵਾਰ ਨੂੰ ਉਨ੍ਹਾਂ ਦੀ ਧੀ ਦਾ ਵਿਆਹ ਸੀ ਪਰ ਉਨ੍ਹਾਂ ਨੇ ਇਸ ਵਿਚ ਹਿੱਸਾ ਨਹੀਂ ਲਿਆ। ਉਨ੍ਹਾਂ ਅੱਗੇ ਦਸਿਆ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪਰਵਾਰ ਨੇ ਸੱਭ ਕੁੱਝ ਸੰਭਾਲ ਲਿਆ ਹੋਵੇਗਾ।
ਸੁਭਾਸ਼ ਚੀਮਾ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਗਾਜੀਪੁਰ ਸਰਹੱਦ 'ਤੇ ਪੁੱਜੇ ਹਨ। ਚੀਮਾ ਅੰਦੋਲਨ ਵਿਚ ਡਟੇ ਹੋਏ ਹਨ। ਵੀਰਵਾਰ ਨੂੰ ਦਿੱਲੀ ਤੋਂ 111 ਕਿਲੋਮੀਟਰ ਦੂਰ ਅਮਰੋਹਾ ਵਿਚ ਉਨ੍ਹਾਂ ਦੀ ਧੀ ਦਾ ਵਿਆਹ ਸੀ। ਉਨ੍ਹਾਂ ਵੀਡੀਉ ਕਾਲ ਜ਼ਰੀਏ ਧੀ ਦਾ ਵਿਆਹ ਵੇਖਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਵਿਆਹ ਵਿਚ ਸ਼ਾਮਲ ਹੋਣ ਲਈ ਵਾਪਸ ਪਿੰਡ ਜਾਣ ਲਈ ਕਿਹਾ ਪਰ ਉਨ੍ਹਾਂ ਨੇ ਅਪਣੀ ਲੜਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ। 58 ਸਾਲ ਦੇ ਸੁਭਾਸ਼ ਚੀਮਾ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਮੈਂਬਰ ਹਨ ਅਤੇ ਕਈ ਸਾਲਾਂ ਤੋਂ ਇਸ ਨਾਲ ਜੁੜੇ ਹਨ।
ਫ਼ੋਟੋ : ਧਰਨਾ-ਮੈਰਿਜimage