
ਸਾਰੇ ਦੇਸ਼ ਦੇ ਕਿਸਾਨ ਇਕਜੁੱਟ, 8 ਦਸੰਬਰ ਨੂੰ ਹੋਵੇਗਾ ਦੇਸ਼ ਬੰਦ : ਕਿਸਾਨ ਆਗੂ
ਕਿਹਾ, ਸਰਕਾਰ ਦੀਆਂ ਸ਼ਰਤਾਂ ਪ੍ਰਵਾਨ ਨਹੀਂ, ਕਾਨੂੰਨ ਰੱਦ ਕਰਵਾ ਕੇ ਜਾਵਾਂਗੇ
ਚੰਡੀਗੜ੍ਹ, 4 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਦਿੱਲੀ ਦੇ ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੀਟਿੰਗ ਅੱਜ ਸਵੇਰੇ 10 ਵਜੇ ਤੋਂ ਇਕ ਵਜੇ ਹੋਈ। ਉਨ੍ਹਾਂ ਦਸਿਆ ਕਿ ਵੀਰਵਾਰ ਨੂੰ ਜੋ ਸਰਕਾਰ ਨਾਲ ਮੀਟਿੰਗ ਹੋਈ ਸੀ ਉਹ ਪਰਵਾਨ ਨਹੀਂ ਚੜ੍ਹੀ। ਸਰਕਾਰ ਕਿਸਾਨਾਂ ਦੀਆਂ ਦਲੀਲਾਂ ਮੰਨ ਕੇ ਕਾਨੂੰਨਾਂ 'ਚ ਸੋਧ ਕਰਨ ਲਈ ਤਿਆਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀ ਮੀਟਿੰਗ 'ਚ ਕਿਹਾ ਕਿ ਅਸੀ ਕਾਨੂੰਨ ਵਾਪਸ ਕਰਵਾ ਕੇ ਹੀ ਜਾਵਾਂਗੇ। ਉਨ੍ਹਾਂ ਕਿਹਾ ਕਿ 5 ਦਸੰਬਰ ਨੂੰ ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ। 7 ਦਸੰਬਰ ਨੂੰ ਮੈਡਲ ਵਾਪਸ ਕਰਨਗੇ, 8 ਦਸੰਬਰ ਨੂੰ ਪੂਰਾ ਭਾਰਤ ਬੰਦ ਕੀਤਾ ਜਾਵੇਗਾ। ਟੋਲ ਪਲਾਜ਼ੇ ਇਕ ਦਿਨ ਲਈ ਫ਼ਰੀ ਕਰ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਬੈਂਗਲੁਰੂ, ਮਹਾਰਾਸ਼ਟਰ, ਕਰਨਾਟਕ ਸਾਰੇ ਪਾਸੇ ਧਰਨੇ ਦਿਤੇ ਜਾ ਰਹੇ ਹਨ ਤੇ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਅਸੀ ਸਰਕਾਰ ਤੋਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਭਲਕੇ ਹੋਣ ਵਾਲੀ ਮੀਟਿੰਗ 'ਚ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਰੱਦ ਕਰਨ ਲਈ ਹੀ ਕਿਹਾ ਜਾਵੇਗਾ।
ਦਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਸਾਨ ਆਗੂਆਂ ਨਾਲ ਚੌਥੇ ਦੌਰ ਦੀ ਗੱਲਬਾਤ ਕੀਤੀ। ਦੋਹਾਂ ਪੱਖਾਂ 'ਚ ਬੈਠਕ 8 ਘੰਟਿਆਂ ਤਕ ਚੱਲੀ ਪਰ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ। ਸਰਕਾਰ ਨੇ ਕਿਸਾਨਾਂ ਨੂੰ ਇਕ ਵਾਰ ਫਿਰ ਅਗਲੀ ਗੱਲਬਾਤ ਕਰਨ ਲਈ 5 ਦਸੰਬਰ ਨੂੰ ਬੁਲਾਇਆ ਹੈ। ਉਧਰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਬੰਧੀ ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ ਦੇ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ 8ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਦਿੱਲੀ-ਹਰਿਆਣਾ ਤੇ ਯੂਪੀ ਦੇ ਤਕਰੀਬਨ ਅੱਧੀ ਦਰਜਨ ਤੋਂ ਜ਼ਿਆਦਾ ਬਾਰਡਰ ਸੀਲ ਹਨ, ਜਿਸ ਨਾਲ ਲੋਕਾਂ ਨੂੰ ਆਵਾਜਾਈ 'ਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ੁੱਕਰਵਾਰ ਨੂੰ 8ਵੇਂ ਦਿਨ ਲਗਾਤਾਰ ਦਿੱਲੀ-ਐੱਨਸੀਆਰ ਦੇ ਵਾਹਨ ਚਾਲਕਾਂ ਨੂੰ ਦਿੱਕਤ ਪੇਸ਼ ਆ ਰਹੀ ਹੈ। ਦਿੱਲੀ-ਐੱਨਸੀਆਰ 'ਚ ਆਵਾਜਾਈ ਲਈ ਬਦਲਵਾਂ ਮਾਰਗ ਹੈ ਪਰ ਇੱਥੇ ਲੱਗਣ ਵਾਲਾ ਜਾਮ ਲੋਕਾਂ ਲਈ ਸਮੱਸਿਆਵਾਂ ਵੀ ਵਧਾ ਰਿਹਾ ਹੈ। ਟਿਕਰੀ ਨਾਲ ਸਿੰਘੂ, ਗਾਜ਼ੀਆਬਾਦ ਤੇ ਨੋਇਡਾ ਬਾਰਡਰ 'ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਕਾਰ ਸ਼ੁੱਕਰਵਾਰ ਦੁਪਹਿਰ 'ਚ ਸਿੰਘੂ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਨੂੰ ਅਪਣਾ ਸਮਰਥਨ ਦੇਣ ਲਈ
ਮਹਾਰਾਸ਼ਟਰ ਦੇ ਕਿਸਾਨ ਵੀ ਪਹੁੰਚੇ ਹਨ।
ਇਸੇ ਦੌਰਾਨ ਸਿੰਘੂ ਬਾਰਡਰ 'ਤੇ ਜਮ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਸਾਡਾ ਪੱਖ ਸੁਣਨ ਵਿਚ 7 ਮਹੀਨੇ ਲਗਾ ਦਿਤੇ।
ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਅਜੇ ਵੀ ਕੋਝੀਆਂ ਚਾਲਾਂ ਤੋਂ ਬਾਜ਼ ਨਹੀਂ ਆ ਰਹੇ। ਹੁਣ ਫਿਰ ਹਰਿਆਣਾ ਪੁਲਿਸ ਨੇ ਦੂਜੇ ਰਾਜਾਂ ਤੋਂ ਆ ਰਹੇ ਕਿਸਾਨਾਂ ਨੂੰ ਰੋਕਣਾ ਸ਼ੁਰੂ ਕਰ ਦਿਤਾ ਹੈ। ਦਿੱਲੀ ਕੂਚ ਕਰਨ ਜਾ ਰਹੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਸ਼ੁੱਕਰਵਾਰ ਸਵੇਰ ਤੋਂ ਐਨਐਚ 19 'ਤੇ ਡੇਰਾ ਲਾਇਆ ਹੋਇਆ ਹੈ, ਕਿਉਂਕਿ ਪਲਵਲ ਪੁਲਿਸ ਨੇ ਕੇਐੱਮਪੀ ਐਕਸਪ੍ਰੈੱਸ ਤੋਂ ਪਹਿਲਾਂ ਕਿਸਾਨਾਂ ਨੂੰ ਰੋਕ ਲਿਆ ਹੈ। ਟ੍ਰੈਕਟਰ-ਟਰਾਲੀ 'ਤੇ ਸਵਾਰ ਸੈਂਕੜਿਆਂ ਕਿਸਾਨ ਹਾਈਵੇ 'ਤੇ ਜਮ੍ਹਾਂ ਹਨ। ਉੱਥੇ ਹੀ, ਵਾਟਰ ਕੈਨਨ ਦੇ ਨਾਲ ਬੈਰੀਕੇਡਿੰਗ ਕਰ ਕੇ ਪੁਲਿਸ ਵੀ ਮੌਕੇ 'ਤੇ ਮੌਜੂਦ ਹੈ। ਵੀਰਵਾਰ ਸ਼ਾਮ ਤੋਂ ਹੀ ਐਨਐਚ-19 'ਤੇ ਕਿਸਾਨ ਰੁਕੇ ਹੋਏ ਹਨ।
ਪੁਲਿਸ ਵਲੋਂ ਫ਼ਰੀਦਾਬਾਦ-ਦਿੱਲੀ ਮਾਰਗ ਬੰਦ ਕਰ ਦਿਤਾ ਗਿਆ ਹੈ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵਲੋਂ ਰੋਕਾਂ ਲਾ ਕੇ ਦਿੱਲੀ ਵਲ ਵਧ ਰਹੇ ਕਿਸਾਨਾਂ ਨੂੰ ਰੋਕਿਆ ਗਿਆ ਹੈ। ਪਲਵਲ ਵਿimageਚ ਵੀ ਕਿਸਾਨ ਰੋਕੇ। ਮਨੇਸਰ-ਕੁੰਡਲੀ ਮਾਰਗ ਉਪਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਨੂੰ ਡੱਕ ਲਿਆ। ਇਹ ਕਿਸਾਨ ਵੀ ਪੰਜਾਬ ਦੇ ਕਿਸਾਨਾਂ ਦੀ ਤਰਜ਼ 'ਤੇ ਨਾਲ ਹੀ ਖਾਣ-ਪੀਣ, ਰਹਿਣ ਦਾ ਪ੍ਰਬੰਧ ਕਰ ਕੇ ਆ ਰਹੇ ਹਨ। ਕੁੱਝ ਕਿਸਾਨਾਂ ਵਲੋਂ ਦਸਿਆ ਗਿਆ ਕਿ ਦਿੱਲੀ ਦੇ ਧਰਨਿਆਂ ਵਿਚ ਸ਼ਾਮਲ ਨਾ ਹੋਣ ਦਿਤਾ ਗਿਆ ਤਾਂ ਕੌਮੀ ਮਾਰਗ ਨੰਬਰ ਦੋ ਜਾਮ ਕੀਤਾ ਜਾ ਸਕਦਾ ਹੈ। ਕਿਸਾਨਾਂ ਜਥੇਬੰਦੀਆਂ ਵਲੋਂ ਪਹਿਲਾਂ ਹੀ ਅਜਿਹਾ ਐਲਾਨ ਕੀਤਾ ਜਾ ਚੁੱਕਾ ਹੈ।.