
ਕਿਸਾਨਾਂ ਦੇ ਸਮਰਥਨ 'ਚ ਕਾਰ ਛੱਡ ਟਰੈਕਟਰ ਉਤੇ ਬਰਾਤ ਲੈ ਕੇ ਪੁਜਿਆ ਲਾੜਾ
ਕਰਨਾਲ, 4 ਦਸੰਬਰ: ਹਰਿਆਣਾ-ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਦੇ ਸਮਰਥਨ 'ਚ ਕਰਨਾਲ ਜ਼ਿਲ੍ਹੇ 'ਚ ਇਕ ਅਨੋਖੀ ਬਰਾਤ ਵੇਖਣ ਨੂੰ ਮਿਲੀ। ਜ਼ਿਲ੍ਹੇ ਦੇ ਸੈਕਟਰ 6 'ਚ ਲਾੜਾ ਘਰ 'ਚ ਖੜੀ ਮਰਸੀਡੀਜ਼ ਕਾਰ ਛੱਡ ਟਰੈਕਟਰ 'ਤੇ ਸਵਾਰ ਹੋ ਕੇ ਅੱਗੇ ਵਧਿਆ। ਇਸ ਤੋਂ ਬਾਅਦ ਬਰਾਤੀਆਂ ਨੇ ਵੀ ਟਰੈਕਟਰਾਂ 'ਤੇ ਸਵਾਰ ਕੇ ਜੈ ਜਵਾਨ ਜੈ ਕਿਸਾਨ ਦੇ ਨਾਹਰੇ ਲਗਾਏ।
ਲਾੜਾ-ਲਾੜੀ ਨੇ ਅਪਣੇ ਵਿਆਹ ਸਮਾਰੋਹ 'ਚ ਮਿਲੀ ਸ਼ਗਨ ਦੀ ਪੂਰੀ ਰਾਸ਼ੀ ਵੀ ਕਿਸਾਨਾਂ ਦੇ ਅੰਦੋਲਨ 'ਚ ਮਦਦ ਵਜੋਂ ਦੇਣ ਦੀ ਗੱਲ ਕਹੀ ਹੈ। ਸਤਬੀਰ ਢੁਲ ਕੈਥਲ ਦੇ ਪਿੰਡ ਪਾਈ ਦੇ ਵਾਸੀ ਹਨ। ਬੀਤੇ ਕੁਝ ਸਾਲਾਂ ਤੋਂ ਉਹ ਅਪਣੀ ਪਤਨੀ ਸੁਸ਼ੀਲਾ ਅਤੇ ਪੂਰੇ ਪਰਵਾਰ ਨਾਲ ਕਰਨਾਲ ਦੇ ਸੈਕਟਰ 6 'ਚ ਰਹਿ ਰਹੇ ਹਨ। ਸਤਬੀਰ ਅਤੇ ਸੁਸ਼ੀਲਾ ਦੇ ਪੁੱਤ ਸੁਮਿਤ ਬੀਟੇਕ ਕਰਨ ਤੋਂ ਬਾਅਦ ਜੈਪੁਰ 'ਚ ਅਪਣਾ ਬਿਜ਼ਨਸ ਕਰ ਰਿਹਾ ਹੈ ਜਦਕਿ ਲਿਪਿਕਾ ਅਹਲਾਵਤ ਨੋਇਡਾ 'ਚ ਇਕ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਦੀ ਹੈ। (ਏਜੰਸੀ)
ਵੀਰਵਾਰ ਰਾਤ ਕਰੀਬ 8 ਵਜੇ ਸੈਕਟਰ 6 ਸਥਿਤ ਘਰ ਤੋਂ ਬਕਾਇਦਾ 4 ਟਰੈਕਟਰਾਂ 'ਤੇ ਬਰਾਤ ਨੂਰਮਹਲ ਬੈਂਕੇਟ ਹਾਲ ਲਈ ਰਵਾਨਾ ਹੋਈ। ਖ਼ੁਦ ਸੁਮਿਤ ਨੇ ਟਰੈਕਟਰ ਦਾ ਸਟੇਅਰਿੰਗ ਫੜ ਕੇ ਇਸ ਨੂੰ ਅੱਗੇ ਵਧਾਇਆ। (ਏਜੰਸੀ)