
ਕਿਸਾਨ ਅੰਦੋਲਨ: ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਕੀਤਾ ਤਲਬ
ਨਵੀਂ ਦਿੱਲੀ, 4 ਦਸੰਬਰ- ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਅੱਜ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਗਿਆ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਹਾਈ ਕਮਿਸ਼ਨਰ ਕੋਲ ਕੈਨੇਡੀਅਨ ਪ੍ਰਧਾਨ ਮੰਤਰੀ, ਉਥੋਂ ਦੇ ਕੁਝ ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਭਾਰਤ ਵਿਚ ਕਿਸਾਨ ਅੰਦੋਲਨ ਬਾਰੇ ਕੀਤੀਆਂ ਟਿਪਣੀਆਂ ਉੱਤੇ ਇਤਰਾਜ਼ ਪ੍ਰਗਟਾਇਆ ਅਤੇ ਦਸਿਆ ਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਹੈ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੇਕਰ ਅਜਿਹੀਆਂ ਟਿਪਣੀਆਂ ਜਾਰੀ ਰਹਿੰਦੀਆਂ ਹਨ ਤਾਂ ਇਸ ਦਾ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧਾਂ ਉੱਤੇ ਗੰਭੀਰ ਰੂਪ 'ਚ ਹਾਨੀਕਾਰਕ ਪ੍ਰਭਾਵ ਪਵੇਗਾ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਟਿਪਣੀਆਂ ਨੇ ਕੈਨੇਡਾ 'ਚ ਸਾਡੇ ਹਾਈ ਕਮਿਸ਼ਨ ਅਤੇ ਕੌਂਸਲੇਟਾਂ ਦੇ ਸਾਹਮਣੇ ਕੱਟੜਪੰਥੀ ਗਤੀਵਿਧੀਆਂ ਦੀਆਂ ਸਭਾਵਾਂ ਨੂੰ ਉਤਸ਼ਾਹਤ ਕੀਤਾ ਹੈ, ਜੋ ਸੁਰੱਖਿਆ ਦੇ ਮੁੱਦੇ 'ਤੇ ਸਵਾਲ ਖੜਾ ਕਰਦਾ ਹੈ। ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦਸਿਆ ਕਿ ਉਹ ਕੈਨੇਡਾ ਸਰਕਾਰ ਕੋਲ ਉਮੀਦ ਕਰਦੇ ਹਨ ਉਹ ਉਥੇ ਭਾਰਤੀ ਕੂਟਨੀਤਕ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। (ਪੀਟੀਆਈ)