
ਪੰਜਾਬ ਪੁਲਿਸ ਦੇ 'ਸਿੱਖੀ' ਲੋਗੋ ਤੋਂ ਮਾਸਕ ਹਟਾਉਣ ਲਈ ਪਟੀਸ਼ਨ ਦੀ ਸੁਣਵਾਈ ਅੱਗੇ ਪਈ
ਚੰਡੀਗੜ੍ਹ, 4 ਦਸੰਬਰ (ਸੁਰਜੀਤ ਸਿੰਘ ਸੱਤੀ) : ਪੰਜਾਬ ਪੁਲਿਸ ਵਲੋਂ ਗੁਰਬਾਣੀ ਵਿਚਲੀਆਂ ਤੁਕਾਂ ''ਸ਼ੁਭ ਕਰਮਨ ਤੇ ਕਬਹੁੰ ਨਾ ਟਰੋਂ'' ਦੇ ਲੋਗੋ ਤੋਂ ਮਾਸਕ ਹਟਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਕਟ ਵਿਚ ਦਾਖ਼ਲ ਇਕ ਲੋਕਹਿਤ ਪਟੀਸ਼ਨ ਸ਼ੁਕਰਵਾਰ ਨੂੰ ਸੁਣਵਾਈ ਹਿਤ ਆਈ। ਇਸ ਪਟੀਸ਼ਨ 'ਤੇ ਪਟੀਸ਼ਨਰ ਵਲੋਂ ਬਹਿਸ ਕਰਨ ਉਪਰੰਤ ਡਵੀਜ਼ਨ ਬੈਂਚ ਨੇ ਸੁਣਵਾਈ ਅੱਗੇ ਪਾ ਦਿਤੀ ਹੈ। ਪਟੀਸ਼ਨ ਦਾਖ਼ਲ ਕਰ ਕੇ ਕਿਹਾ ਗਿਆ ਸੀ ਕਿ ਕੋਵਿਡ-19 ਦੌਰਾਨ ਪੰਜਾਬ ਪੁਲਿਸ ਨੇ ਫ਼ੇਸਬੁਕ, ਟਵੀਟਰ ਤੇ ਹੋਰ ਸੋਸ਼ਲ ਮੀਡੀਆ ਵਿਚ ਅਪਣੇ ਉਕਤ ਲੋਗੋ ਨੂੰ ਮਾਸਕ ਨਾਲ ਢੱਕ ਦਿਤਾ ਹੈ ਤੇ ਅਜਿਹਾ ਕਰ ਕੇ ਸਿੱਖ ਧਰਮ ਨੂੰ ਮੰਨਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਕਿਉਂਕਿ ਮਾਸਕ ਨਾਲ ਗੁਰਬਾਣੀ ਦੀ ਉਕਤ ਤੁਕ ਨੂੰ ਢੱਕ ਕੇ ਪੁਲਿਸ ਨੇ ਬੇਅਦਬੀ ਕੀਤੀ ਹੈ। ਇਸ ਦੋਸ਼ ਨਾਲ ਪਟੀਸ਼ਨਰ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਸੋਸ਼ਲ ਮੀਡੀਆ 'ਤੇ ਲੋਗੋ ਤੋਂ ਮਾਸਕ ਹਟਾਇਆ ਜਾਵੇ ਤੇ ਜਿਨ੍ਹਾਂ ਨੇ ਇਹ ਮਾਸਕ ਲਗਾਉਣ ਦੀ ਯੋਜਨਾ ਬਣਾਈ ਸੀ, ਉਨ੍ਹਾਂ ਵਿਰੁੱਧ ਹਾਈਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਿਠਾ ਕੇ ਜਾਂਚ ਕੀਤੀ ਜਾਵੇ ਤੇ ਕਾਰਵਾਈ ਕੀਤੀ ਜਾਵੇ। ਇਹ ਵੀ ਹਾਈਕੋਰਟ ਦਾ ਧਿਆਨ ਦਿਵਾਇਆ ਗਿਆ ਕਿ ਪੁਲਿਸ ਸ਼ਿਕਾਇਤ ਅਥਾਰਟੀ ਨਾ ਹੋਣ ਕਾਰਨ ਇਹ ਮਾਮਲਾ ਹਾਈਕੋਰਟ ਵਿਚ ਉਠਾਇਆ ਜਾ ਰਿਹਾ ਹੈ, ਕਿਉਂਕਿ ਸ਼ਿਕਾਇਤ ਅਥਾਰਟੀ ਦੀ ਅਣਹੋਂਦ ਵਿਚ ਹਾਈਕੋਰਟ ਵਿਚ ਪੁਲਿਸ ਵਿਰੁੱਧ ਸ਼ਿਕਾਇਤ ਸੁਣਨ ਦੀ ਸ਼ਕਤੀਆਂ ਹਨ।