
ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਗੋਡੇ ਟੇਕਣ ਲਈ ਕੀਤਾ ਮਜਬੂਰ: ਸ਼ਿਵ ਸੈਨਾ
ਮੁੰਬਈ, 4 ਦਸੰਬਰ : ਸ਼ਿਵ ਸੈਨਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਪ੍ਰਦਰਸ਼ਨਾਂ ਰਾਹੀਂ ਮੋਦੀ ਸਰਕਾਰ ਨੂੰ ਅਪਣੇ ਗੋਡੇ ਟੇਕਣ ਲਈ ਮਜਬੂਰ ਕਰ ਦਿਤਾ ਹੈ ਅਤੇ ਵਿਸ਼ਵ ਉਨ੍ਹਾਂ ਦੀ ਏਕਤਾ ਤੋਂ ਸਿਖ ਰਿਹਾ ਹੈ। ਪਾਰਟੀ ਨੇ ਕੇਂਦਰ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਅਪੀਲ ਵੀ ਕੀਤੀ। ਸ਼ਿਵ ਸੈਨਾ ਦਾ ਮੁੱਖ ਪੱਤਰ 'ਸਾਮਣਾ' ਦੀ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਸਖ਼ਤ ਠੰਢ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪਸੀਨਾ ਛੁਡਾ ਦਿਤਾ ਹੈ। ਪ੍ਰਦਰਸ਼ਨਕਾਰੀਆਂ ਦਾ ਗੁੱਸਾ ਵਧਦਾ ਦਿਖ ਰਿਹਾ ਹੈ। ਮੋਦੀ ਸਰਕਾਰ ਨੇ ਪਹਿਲਾਂ ਕਦੇ ਅਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕੀਤਾ। ਸਰਕਾਰ ਦੇ ਸਦਾਬਹਾਰ ਹਥਿਆਰ ਸੀਬੀਆਈ, ਇਨਕਮ ਟੈਕਸ ਵਿਭਾਗ, ਈਡੀ ਅਤੇ ਐਨਸੀਬੀ ਇਸ ਮਾਮਲੇ ਵਿਚ ਕੰਮ ਨਹੀਂ ਆ ਰਹੇ। ਕਿਸਾਨਾਂ ਨੇ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿਤਾ ਹੈ। (ਏਜੰਸੀ)
ਸੰਪਾਦਕੀ ਵਿਚ ਅੱਗੇ ਕਿਹਾ ਗਿਆ ਹੈ ਕਿ ਕਿਸਾਨ ਅਪਣੀਆਂ ਮੰਗਾਂ 'ਤੇ ਅੜੇ ਹੋਏ ਹਨ ਕਿ ਤਿੰਨ ਵਿਵਾਦਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਥੋਂ ਤਕ ਕਿ ਗੱਲਬਾਤ ਦੇ ਚੌਥੇ ਗੇੜ ਦੌਰਾਨ ਬੈਠਕ ਵਿਚ ਵੀ ਉਨ੍ਹਾਂ ਨੇ ਸਰਕਾਰ ਵਲੋਂ ਦਿਤੇ ਭੋਜਨ ਅਤੇ ਪਾਣੀ ਤਕ ਲੈਣ ਤੋਂ ਇਨਕਾਰ ਕਰ ਦਿਤਾ। (ਪੀਟੀਆਈ)