
ਚੀਨ ਦੀ ਕਮਿਊਨਿਸਟ ਪਾਰਟੀ ਨੇ ਉਠਾਏ ਅਮਰੀਕੀ ਲੋਕਤੰਤਰ ਉਤੇ ਸਵਾਲ
ਮਹਾਮਾਰੀ ਨੇ ਅਮਰੀਕੀ ਅਰਥਚਾਰੇ ਦੀਆਂ ਖ਼ਾਮੀਆਂ ਨੂੰ ਉਜਾਗਰ ਦਰ ਦਿਤਾ
ਬੀਜਿੰਗ, 4 ਦਸੰਬਰ : ਚੀਨ ਦੀ ਕਮਿਊਨਿਸਟ ਪਾਰਟੀ ਨੇ ਅਗਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਜੋ. ਬਾਈਡਨ ਦੀ ਮੇਜ਼ਬਾਨੀ ਵਿਚ ਹੋਣ ਜਾ ਰਹੇ ਆਲਮੀ ਲੋਕਤੰਤਰ ਸਮਾਗਮ ਦੀ ਸਖ਼ਤ ਆਲੋਚਨਾ ਕਰਦੇ ਹੋਏ ਸਨਿਚਰਵਾਰ ਨੂੰ ਅਮਰੀਕੀ ਲੋਕਤੰਤਰ ’ਤੇ ਸਵਾਲ ਉਠਾਏ, ਜਦੋਂਕਿ ਅਪਣੀ ਸ਼ਾਸਨ ਪ੍ਰਣਾਲੀ ਦੇ ਗੁਣਾਂ ਦੀ ਸ਼ਲਾਘਾ ਕੀਤੀ। ਪਾਰਟੀ ਦੇ ਅਹੁਦੇਦਾਰਾਂ ਨੇ ਸਵਾਲ ਕੀਤਾ ਕਿ ਇਕ ਧਰੂਵੀਕ੍ਰਿਤ ਦੇਸ਼ ਦੂਜਿਆਂ ਨੂੰ ਵਿਆਖਿਆ ਕਿਵੇਂ ਦੇ ਸਕਦਾ ਹੈ? ਉਨ੍ਹਾਂ ਕਿਹਾ ਕਿ ਦੂਜਿਆਂ ਨੂੰ ਪਛਮੀ ਲੋਕਤੰਤਰਕ ਢਾਂਚੇ ਦੀ ਨਕਲ ਕਰਨ ਲਈ ਮਜਬੂਰ ਕਰਨ ਦੇ ਯਤਨ ‘ਬੁਰੀ ਤਰ੍ਹਾਂ ਅਸਫ਼ਲ ਹੋਏ’ ਹਨ। ਪਾਰਟੀ ਦੇ ਨੀਤੀ ਸੋਧ ਦਫ਼ਤਰ ਦੇ ਉਪ ਨਿਰਦੇਸ਼ਕ ਤਿਆਨ ਪੇਈਆਂ ਨੇ ਕਿਹਾ ਕਿ ਮਹਾਮਾਰੀ ਨੇ ਅਮਰੀਕੀ ਅਰਥਚਾਰੇ ਦੀਆਂ ਖ਼ਾਮੀਆਂ ਨੂੰ ਉਜਾਗਰ ਦਰ ਦਿਤਾ ਹੈ। ਉਨ੍ਹਾਂ ਨੇ ਅਮਰੀਕਾ ਵਿਚ ਕੋਰੋਨਾ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਲਈ ਸਿਆਸੀ ਵਿਵਾਦਾਂ ਅਤੇ ਉੱਪਰ ਤੋਂ ਲੈ ਕੇ ਹੇਠਲੇ ਪੱਧਰ ਤਕ ਵੰਡੀ ਸਰਕਾਰ ਨੂੰ ਜ਼ਿੰਮੇਵਾਰ ਦਸਿਆ। ਪੇਈਆਂ ਨੇ ਪੱਤਰਕਾਰਾਂ ਨੂੰ ਕਿਹਾ,‘‘ਇਸ ਤਰ੍ਹਾਂ ਦਾ ਲੋਕਤੰਤਰ ਵੋਟਰਾਂ ਲਈ ਖ਼ੁਸ਼ੀਆਂ ਨਹੀਂ ਬਲਕਿ ਤਬਾਹੀ ਲੈ ਕੇ ਆਉਂਦਾ ਹੈ। ਉਨ੍ਹਾਂ ਇਕ ਸਰਕਾਰੀ ਰਿਪੋਰਟ ਜਾਰੀ ਕੀਤੀ, ਜਿਸ ਵਿਚ ਦਸਿਆ ਗਿਆ ਹੈ ਕਿ ਕਮਿਊਨਿਸਟ ਪਾਰਟੀ ਅਪਦੇ ਲੋਕਤੰਤਰ ਦੇ ਰੂਪ ਨੂੰ ਕੀ ਕਹਿੰਦੀ ਹੈ। (ਏਜੰਸੀ)
ਜ਼ਿਕਰਯੋਗ ਹੈ ਕਿ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਦੋ ਦਿਨਾਂ ਡਿਜੀਟਲ ‘ਸਮਿਟ ਫ਼ਾਰ ਡੈਮੋਕਰੇਸੀ’ ਲਈ ਕਰੀਬ 110 ਸਰਕਾਰਾਂ ਨੂੰ ਸੱਦਾ ਦਿਤਾ ਗਿਆ ਹੈ ਪਰ ਚੀਨ ਅਤੇ ਰੂਸ ਨੂੰ ਇਹ ਸੱਦਾ ਨਹੀਂ ਦਿਤਾ ਗਿਆ।