
ਕਿਹਾ, ਕਿਸਾਨ ਦੀ ਆਮਦਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ’ਤੇ ਧਿਆਨ ਦੇਣਾ ਸਰਕਾਰ ਦਾ ਏਜੰਡਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਈਟੈਕਸ ਦਾ ਵਿਸਥਾਰ ਪੰਜ ਜਾਂ 10 ਦੇਸ਼ਾਂ ਵਿਚ ਨਹੀਂ ਬਲਕਿ 34 ਦੇਸ਼ਾਂ ਵਿਚ ਹੋਣਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ 34 ਦੇਸ਼ਾਂ ਵਿਚ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਕੁਨੈਕਟੀਵਿਟੀ ਨੂੰ ਮਜ਼ਬੂਤ ਕਰੇ।
Navjot Sidhu
ਨਵਜੋਤ ਸਿੰਘ ਸਿੱਧੂ ਅੱਜ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਤ ਕੀਤੇ 15ਵੇਂ ਪਾਈਟੈਕਸ ਮੇਲੇ ਦਾ ਦੌਰਾਨ ਕਿਹਾ। ਪੰਜਾਬ ਜੁਗਾੜਾਂ ਨਾਲ ਨਹੀ ਠੋਸ ਨੀਤੀਆਂ ਰਾਹੀ ਮੁੜ ਖੁਸ਼ਹਾਲ ਸੂਬਾ ਬਣ ਸਕਦਾ ਹੈ। ਉਨ੍ਹਾਂ ਅੰਮ੍ਰਿਤਸਰ-ਲਾਹੌਰ ਮਾਰਗ ’ਤੇ ਫਿਰ ਤੋਂ ਕਾਰੋਬਾਰ ਨੂੰ ਸ਼ੁਰੂ ਕੀਤੇ ਜਾਣ ਦੀ ਵਕਾਲਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਆਈ. ਸੀ. ਪੀ. ’ਤੇ ਸਕੈਨਰ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਇਹ ਕੇਂਦਰ ਦਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਦੇਸ਼ਾਂ ਵਿਚ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਆਪਸੀ ਤਾਲਮੇਲ ਨੂੰ ਵਧਾਉਣਾ ਜ਼ਰੂਰੀ ਹੈ।
Navjot Sidhu
ਇਸ ਵਿਚ ਪਾਈਟੈਕਸ ਵਰਗੇ ਪ੍ਰੋਗਰਾਮ ਅਹਿਮ ਭੂਮਿਕਾ ਨਿਭਾਉਂਦੇ ਹਨ। ਪੰਜਾਬ ਵਿਚ ਕਿਸਾਨ ਦੀ ਆਮਦਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਨੂੰ ਵਧਾਉਣ ਦਾ ਸਮਰਥਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ 34 ਦੇਸ਼ਾਂ ਵਿਚ ਆਪਸੀ ਸੰਪਰਕ ਵਧੇਗਾ ਤਾਂ ਰੁਜ਼ਗਾਰ ਦੇ ਮੌਕੇ ਵੀ ਵੱਧਣਗੇ। ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਛੱਡ ਕੇ ਦਾਲਾਂ ਅਤੇ ਹੋਰ ਪ੍ਰਕਾਰ ਦੀ ਖੇਤੀ ਦੀ ਸਲਾਹ ਦਿੰਦਿਆਂ ਸਿੱਧੂ ਨੇ ਕਿਹਾ ਕਿ ਕਿਸਾਨ ਜੇਕਰ ਫੂਡ ਪ੍ਰੋਸੈਸਿੰਗ ਦੇ ਵਲ ਵਧਦੇ ਹਨ ਤਾਂ ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਇਸ ਮੌਕੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਦੇ ਸਥਾਨਕ ਪ੍ਰਬੰਧਕ ਜੈਦੀਪ ਸਿੰਘ ਸਮੇਤ ਕਈ ਹੋਰ ਮੋਤਰਬਰ ਹਾਜ਼ਰ ਸਨ।