
ਔਰਤ ਦੇ ਬਚਾਅ ਲਈ ਨਹਿਰ 'ਚ ਉਤਰਿਆ ਦੂਜਾ ਰਾਹਗੀਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨਹਿਰ 'ਚ ਰੁੜ ਗਿਆ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਸਰਹਿੰਦ ਫੀਡਰ 'ਚ ਇਕ ਔਰਤ ਦੇ ਬੱਚੇ ਸਮੇਤ ਛਾਲ ਮਾਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੁਕਤਸਰ ਸਾਹਿਬ-ਬਠਿੰਡਾ ਮਾਰਗ 'ਤੇ ਪਿੰਡ ਭੁੱਲਰ ਨੇੜਿਓ ਲੰਘਦੀ ਸਰਹਿੰਦ ਫੀਡਰ ਵਿਚ ਇਕ ਔਰਤ ਨੇ ਆਪਣੇ ਬੱਚੇ ਸਮੇਤ ਛਾਲ ਮਾਰ ਦਿੱਤੀ। ਇਸ ਦੌਰਾਨ ਨਹਿਰ ਦੇ ਕੋਲੋਂ ਲੰਘਦੇ ਦੋ ਰਾਹਗੀਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਨਹਿਰ ’ਚ ਛਾਲ ਲਗਾ ਦਿੱਤੀ।
ਇਕ ਰਾਹਗੀਰ ਨੇ ਬੱਚੇ ਨੂੰ ਸਹੀ-ਸਲਾਮਤ ਨਹਿਰ 'ਚੋਂ ਬਾਹਰ ਕੱਢ ਲਿਆ ਪਰ ਔਰਤ ਦੇ ਬਚਾਅ ਲਈ ਨਹਿਰ 'ਚ ਉਤਰਿਆ ਦੂਜਾ ਰਾਹਗੀਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨਹਿਰ 'ਚ ਰੁੜ ਗਿਆ। ਔਰਤ ਦੀ ਪਹਿਚਾਣ ਹਰਜਿੰਦਰ ਕੌਰ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਜਦਕਿ ਬਚਾਅ ਲਈ ਉਤਰੇ ਰਾਹਗੀਰ ਦੀ ਪਹਿਚਾਣ ਗੁਰਦੀਪ ਸਿੰਘ ਵਾਸੀ ਪਿੰਡ ਭੁੱਲਰ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚ ਕੇ ਥਾਣਾ ਸਦਰ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਔਰਤ ਨੇ ਨਹਿਰ ’ਚ ਛਾਲ ਕਿਉਂ ਮਾਰੀ? ਇਸ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀ ਲੱਗ ਸਕਿਆ। ਪੁਲਿਸ ਮੁਲਾਜ਼ਮ ਤੋਂ ਮਿਲੀ ਜਾਣਕਾਰੀ ਅਨੁਸਾਰ ਨਹਿਰ ’ਚ ਛਾਲ ਮਾਰਨ ਵਾਲੀ ਔਰਤ ਦੇ ਫੋਨ ਉੱਤੇ ਕਿਸੇ ਮਹਿਲਾ ਦਾ ਫੋਨ ਆਇਆ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਪਤੀ-ਪਤਨੀ ਦਾ ਆਪਸੀ ਕੋਈ ਝਗੜਾ ਹੋਇਆ ਸੀ।