ਗੁਰਪੁਰਬਾਂ ਦੀਆਂ ਤਰੀਕਾਂ ਦੇ ਵਿਵਾਦਾਂ ਕਾਰਨ ਗੁਰਦਵਾਰਾ ਪ੍ਰਬੰਧਕਾਂ 'ਚ ਪੈਦਾ ਧੜੇਬੰਦੀਆਂ ਸਿੱਖ ਕੌਮ ਲਈ ਘਾਤਕ: ਅੰਮਿ੍ਤਪਾਲ ਸਿੰਘ ਯੂ.ਕੇ.
ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਪੰਜਾਬ ਆਏ ਇੰਗਲੈਂਡ ਦੇ ਸਿੱਖਾਂ ਦੇ ਵਫ਼ਦ ਨੇ ਮੀਡੀਆ ਸਾਹਮਣੇ ਰੱਖੇ ਵਿਚਾਰ
ਚੰਡੀਗੜ੍ਹ, 4 ਦਸੰਬਰ (ਭੁੱਲਰ): ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਦੀ ਮੰਗ ਲੈ ਕੇ ਵਿਸ਼ੇਸ਼ ਤੌਰ 'ਤੇ ਪੰਜਾਬ ਆਏ ਇੰਗਲੈਂਡ ਦੇ ਆਮ ਸਿੱਖਾਂ ਦੇ ਵਫ਼ਦ ਦੇ ਆਗੂਆਂ ਵਲੋਂ ਅੱਜ ਇਥੇ ਕੇਂਦਰੀ ਸ੍ਰੀ ਸਿੰਘ ਸਭਾ ਦੇ ਸਹਿਯੋਗ ਨਾਲ ਮੀਡੀਆ ਦੇ ਰੂਬਰੂ ਹੋ ਕੇ ਅਪਣੇ ਵਿਚਾਰ ਪੇਸ਼ ਕੀਤੇ ਗਏ | ਇਹ ਵਫ਼ਦ ਰਜਿੰਦਰ ਸਿੰਘ ਰਾਏ ਦੀ ਅਗਵਾਈ ਵਿਚ ਭਾਰਤ ਦੀ ਧਰਤੀ 'ਤੇ ਆਇਆ ਹੈ ਅਤੇ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੰਗ ਪੱਤਰ ਵੀ ਦਿਤਾ ਗਿਆ ਹੈ | ਗਿਆਨੀ ਅੰਮਿ੍ਤਪਾਲ ਸਿੰਘ ਯੂ ਕੇ ਨੇ ਕਿਹਾ ਕਿ ਕੁੱਝ ਗੁਰਪੁਰਬਾਂ ਦੀਆਂ ਤਰੀਕਾਂ ਨਿਸ਼ਚਤ ਨਾ ਹੋਣ ਕਾਰਨ ਵਿਦੇਸ਼ਾਂ ਵਿਚ ਅਸੀਂ ਹਾਸੇ ਦੇ ਪਾਤਰ ਬਣ ਰਹੇ ਹਾਂ ਕਿ ਸਾਨੂੰ ਅਪਣੇ ਗੁਰੂ ਸਾਹਿਬਾਨ ਦੇ ਪੁਰਬਾਂ ਦੀਆਂ ਪੱਕੀਆਂ ਤਰੀਕਾਂ ਵੀ ਪਤਾ ਨਹੀਂ ਹਨ |
ਇਸ ਸਬੰਧੀ ਸਾਡੇ ਬੱਚੇ ਵੀ ਹੈਰਾਨੀ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਦਾ ਜਨਮ ਦਿਨ ਤਾਂ ਸਾਲ ਵਿਚ ਇਕ ਵਾਰ ਆਉਂਦਾ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਪੁਰਬ ਕਦੀ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਅਤੇ ਕਦੀ ਇਕ ਸਾਲ ਵਿਚ ਇਕ ਵਾਰ ਵੀ ਨਹੀਂ ਆਉਂਦਾ | ਕਈ ਵਾਰ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਪੁਰਬ ਇਕੱਠੇ ਵੀ ਆ ਜਾਂਦੇ ਹਨ | ਗੁਰਪੁਰਬਾਂ ਨੂੰ ਮਨਾਉਣ ਸਮੇਂ ਵੱਖ-ਵੱਖ ਕੈਲੰਡਰਾਂ ਦੀਆਂ ਤਰੀਕਾਂ ਹੋਣ ਕਾਰਨ ਗੁਰਦੁਆਰੇ ਸਾਹਿਬਾਨ ਦੇ ਪ੍ਰਬੰਧਕਾਂ ਵਿਚ ਵੀ ਧੜੇਬੰਦੀਆਂ ਵੱਧ ਰਹੀਆਂ ਹਨ ਜੋ ਕਿ ਸਿੱਖ ਕੌਮ ਲਈ ਘਾਤਕ ਸਾਬਤ ਹੋ ਰਹੀਆਂ ਹਨ | ਰਜਿੰਦਰ ਸਿੰਘ ਰਾਏ ਨੇ ਕਿਹਾ ਕਿ ਅਸੀਂ ਉਚੇਚੇ ਤੌਰ 'ਤੇ ਇਕ ਕੌਮੀ ਦਰਦ ਲੈ ਕੇ ਇੰਗਲੈਂਡ ਦੀ ਧਰਤੀ ਤੋਂ ਚਲ ਕੇ ਇਥੇ ਪੁੱਜੇ ਹਾਂ | ਅਸੀਂ ਇੰਗਲੈਂਡ ਦੀ ਨਿਰੋਲ ਸਾਧ ਸੰਗਤ ਅਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਚਲਾਉਣ ਵਾਲੇ ਆਮ ਗੁਰਸਿੱਖ ਹਾਂ | ਸਾਡਾ ਕਿਸੇ ਵੀ ਵਿਸ਼ੇਸ਼ ਸੰਸਥਾ ਜਾਂ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਹੈ | ਸਾਰੀ ਸਿੱਖ ਕੌਮ ਹੀ ਸਾਡੀ ਧਾਰਮਕ ਸੰਸਥਾ ਹੈ | ਸਾਡਾ ਕੌਮੀ ਦਰਦ ਇਹ ਹੈ ਕਿ ਅਸੀਂ ਇਥੇ ਕਿਸੇ ਵੀ ਕੈਲੰਡਰ ਦੀ ਪ੍ਰੋੜਤਾ ਜਾਂ ਵਿਰੋਧ ਕਰਨ ਨਹੀਂ ਆਏ | ਅਸੀਂ ਸਿਰਫ਼ ਗੁਰਪੁਰਬਾਂ ਦੀਆਂ ਪੱਕੀਆਂ ਤਰੀਕਾਂ ਨਿਸ਼ਚਤ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਨ ਆਏ ਹਾਂ | ਪੱਕੀਆਂ ਤਰੀਕਾਂ ਸਦਕਾ ਵਿਦੇਸ਼ਾਂ ਦੀਆਂ ਸਰਕਾਰਾਂ ਵਲੋਂ ਬਾਕੀ ਕੌਮਾਂ ਵਾਂਗ, ਅਸੀਂ ਵੀ ਸਰਕਾਰੀ ਛੁੱਟੀਆਂ ਲੈ ਸਕਦੇ ਹਾਂ ਅਤੇ ਉਸ ਦਿਨ ਦੀ ਮਹਾਨਤਾ ਦਸ ਕੇ ਅਪਣੇ ਬੱਚਿਆਂ
ਤੇ ਵਿਦੇਸ਼ੀ ਲੋਕਾਂ ਨੂੰ ਵੀ ਸਿੱਖ ਕੌਮ ਦੇ ਲਾਸਾਨੀ ਇਤਿਹਾਸ ਬਾਰੇ ਵੱਡੇ ਪੱਧਰ 'ਤੇ ਜਾਣਕਾਰੀ ਮੁਹਈਆ ਕਰਵਾ ਸਕਦੇ ਹਾਂ |
ਉਨ੍ਹਾਂ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਨੇ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਜਲਦੀ ਹੀ ਕੋਈ ਹੱਲ ਕਢਿਆ ਜਾਵੇਗਾ | ਨਾਨਕਸ਼ਾਹੀ ਕੈਲੰਡਰ ਦੇ ਇਸ ਗੰਭੀਰ ਮੁੱਦੇ 'ਤੇ ਵਿਸ਼ੇਸ਼ ਵੀਚਾਰਾਂ ਚਲ ਰਹੀਆਂ ਹਨ | ਇਸ ਮੁੱਦੇ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਾਰਥਕ ਉਪਰਾਲਾ ਕਰ ਸਕਦੇ ਹਨ |