ਮਾਮਲੇ 'ਤੇ ਹਾਈਕੋਰਟ ਦਾ ਸਖਤ ਰੁਖ਼, ਮੁੱਖ ਸਕੱਤਰ ਸਮੇਤ ਸਿਹਤ ਅਤੇ ਗ੍ਰਹਿ ਸਕੱਤਰ ਨੂੰ ਮਾਮਲੇ ਵਿਚ ਧਿਰ ਵਜੋਂ ਕੀਤਾ ਸ਼ਾਮਲ
ਬੱਦੀ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਵਿਖੇ ਪੁਲਿਸ ਨੇ ਨਕਲੀ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਇੱਕ ਵਾਰ ਫਿਰ ਗੈਰ-ਕਾਨੂੰਨੀ ਦਵਾਈਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਮੁਲਜ਼ਮ ਤੋਂ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਗ੍ਰਿਫ਼ਤਾਰੀ ਤੋਂ ਇੱਕ ਦਿਨ ਪਹਿਲਾਂ 21 ਨਵੰਬਰ ਨੂੰ ਮੁਲਜ਼ਮ ਨੇ ਬੱਦੀ ਤੋਂ ਆਗਰਾ ਸਥਿਤ ਆਪਣੇ ਮੈਡੀਕਲ ਸਟੋਰ ਵਿੱਚ ਇੱਕ ਨਿੱਜੀ ਟਰਾਂਸਪੋਰਟ ਰਾਹੀਂ 28 ਲੱਖ ਰੁਪਏ ਦੀਆਂ ਨਕਲੀ ਦਵਾਈਆਂ ਦੀ ਸਪਲਾਈ ਕੀਤੀ ਸੀ। ਡਰੱਗ ਵਿਭਾਗ ਨੂੰ ਟਰਾਂਸਪੋਰਟ ਵੱਲੋਂ ਭੇਜਿਆ ਗਿਆ ਸਾਮਾਨ ਐਤਵਾਰ ਨੂੰ ਵਾਪਸ ਮਿਲ ਗਿਆ।
ਇਸ ਮਾਮਲੇ ਨੂੰ ਸੂਬਾ ਹਾਈਕੋਰਟ ਨੇ ਵੀ ਸਖਤੀ ਨਾਲ ਲਿਆ ਹੈ। ਹਾਈਕੋਰਟ ਨੇ ਮੁੱਖ ਸਕੱਤਰ ਸਮੇਤ ਸਿਹਤ ਅਤੇ ਗ੍ਰਹਿ ਸਕੱਤਰ ਨੂੰ ਵੀ ਇਸ ਵਿਚ ਪਾਰਟੀ ਬਣਾਇਆ ਹੈ। ਮਾਮਲੇ ਦੀ ਸੁਣਵਾਈ ਅੱਜ ਮੁੱਖ ਜੱਜ ਏ.ਏ. ਸੈਦਯਾ ਅਤੇ ਜਸਟਿਸ ਜੋਤਿਸਨਾ ਰਿਵਾਲ ਦੀ ਬੈਂਚ ਕੋਲ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਵੱਖ-ਵੱਖ ਨਾਮੀ ਕੰਪਨੀਆਂ ਦੇ ਨਾਂ ’ਤੇ ਟਰਾਂਸਪੋਰਟ ਰਾਹੀਂ 1,77,300 ਗੋਲੀਆਂ ਸਪਲਾਈ ਕੀਤੀਆਂ ਸਨ, ਜਿਨ੍ਹਾਂ ਦੀ ਕੀਮਤ ਕਰੀਬ 27,91,445 ਲੱਖ ਰੁਪਏ ਬਣਦੀ ਹੈ, ਜਦਕਿ ਮੁਲਜ਼ਮਾਂ ਨੂੰ 22 ਨਵੰਬਰ ਨੂੰ ਬੱਦੀ ਬੈਰੀਅਰ ਤੋਂ ਕਾਬੂ ਕੀਤਾ ਗਿਆ ਸੀ। ਇਸ ਤੋਂ ਬਾਅਦ ਡਰੱਗ ਵਿਭਾਗ ਦੀ ਟੀਮ ਨੇ ਆਗਰਾ 'ਚ ਛਾਪਾ ਮਾਰ ਕੇ ਮੈਡੀਕਲ ਸਟੋਰ 'ਚੋਂ ਦਵਾਈਆਂ ਜ਼ਬਤ ਕਰ ਕੇ ਦੁਕਾਨ ਨੂੰ ਸੀਲ ਕਰ ਦਿੱਤਾ ਪਰ ਦੁਕਾਨ ਬੰਦ ਹੋਣ ਕਾਰਨ ਸਾਮਾਨ ਦੀ ਡਿਲੀਵਰੀ ਨਹੀਂ ਹੋ ਸਕੀ।
ਡਰੱਗ ਵਿਭਾਗ ਨੂੰ ਉਹ ਕੋਰੀਅਰ ਐਤਵਾਰ ਦੇਰ ਰਾਤ ਵਾਪਸ ਮਿਲਿਆ ਹੈ। ਹੁਣ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਮੁੱਖ ਦੋਸ਼ੀ ਮੋਹਿਤ ਬਾਂਸਲ ਸਮੇਤ 4 ਗ੍ਰਿਫ਼ਤਾਰ ਦੋਸ਼ੀਆਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਡਰੱਗ ਕੰਟਰੋਲਰ ਨਵਨੀਤ ਮਰਵਾਹ ਨੇ ਦੱਸਿਆ ਕਿ ਮੁਲਜ਼ਮ ਮੋਹਿਤ ਬਾਂਸਲ ਨੇ 21 ਨਵੰਬਰ ਨੂੰ ਟਰਾਂਸਪੋਰਟ ਰਾਹੀਂ ਨਕਲੀ ਦਵਾਈਆਂ ਦੀ ਸਪਲਾਈ ਕੀਤੀ ਸੀ, ਜਿਸ ਨੂੰ ਵਾਪਸ ਮੰਗਵਾ ਲਿਆ ਗਿਆ ਹੈ।