ਪੁਲਿਸ ਨੇ ਕਹਿਣਾ ਹੈ ਕਿ ਮੁਲਜ਼ਮ ਨੇ ਕਈ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰੀ ਹੈ ਅਤੇ ਉਹ ਲੋਕਾਂ ਤੋਂ ਪੈਸੇ ਲੈ ਕੇ ਵਿਦੇਸ਼ ਚਲਾ ਜਾਂਦਾ ਸੀ।
ਲੁਧਿਆਣਾ: ਲੁਧਿਆਣਾ ਪੁਲਿਸ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ, ਜਿਸ ਵਿਚ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੁੱਟਣ ਵਾਲੇ ਗਿਰੋਹ ਦਾ ਮੁੱਖ ਮੈਂਬਰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਹਿਣਾ ਹੈ ਕਿ ਮੁਲਜ਼ਮ ਨੇ ਕਈ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰੀ ਹੈ ਅਤੇ ਉਹ ਲੋਕਾਂ ਤੋਂ ਪੈਸੇ ਲੈ ਕੇ ਵਿਦੇਸ਼ ਚਲਾ ਜਾਂਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਗਰੋਹ ਦਾ ਇਕ ਮੈਂਬਰ ਪਹਿਲਾਂ ਹੀ ਜੇਲ੍ਹ ਵਿਚ ਹੈ । ਪੁਲਿਸ ਨੇ ਦੱਸਿਆ ਕਿ ਪਰਚਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਦੁਬਈ ਭੱਜ ਗਿਆ ਸੀ। ਇਸ ਮਗਰੋਂ ਲੁਧਿਆਣਾ ਪੁਲਿਸ ਵੱਲੋ ਲੁੱਕ ਆਊਟ ਨੋਟਿਸ ਜਾਰੀ ਕਰਵਾਇਆ ਗਿਆ। ਇਸ ਦੇ ਚਲਦਿਆਂ ਉਸ ਨੂੰ ਭਾਰਤ ਪਹੁੰਚਦਿਆਂ ਹੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਗੈਂਗ ਵੱਲੋਂ ਪੰਜਾਬੀਆਂ ਤੋਂ ਇਲਾਵਾ ਪਰਵਾਸੀਆਂ ਨਾਲ ਠੱਗੀ ਮਾਰੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਤਨੀ ਵੀ ਕੇਸ ਵਿਚ ਫਰਾਰ ਚੱਲ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।