
6 ਦਸੰਬਰ ਨੂੰ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਅੰਤਿਮ ਸੰਸਕਾਰ ਹੋਵੇਗਾ
ਲੁਧਿਆਣਾ : ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਕਈ ਦਿਨਾਂ ਤੋਂ ਹਾਲਤ ਨਾਜੁਕ ਹੋਣ ਕਰਕੇ ਵੈਂਟੀਲੇਟਰ 'ਤੇ ਸਨ। 5 ਦਸੰਬਰ ਦੀ ਸ਼ਾਮ ਨੂੰ ਪੀਜੀਆਈ ਚੰਡੀਗੜ੍ਹ 'ਚ ਆਖਰੀ ਸਾਹ ਲਏ। 6 ਦਸੰਬਰ ਨੂੰ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਅੰਤਿਮ ਸੰਸਕਾਰ ਹੋਵੇਗਾ। ਪੰਜਾਬ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਦਾ ਦੇਹਾਂਤ ਹੋ ਗਿਆ।
ਉਹ ਰਾਏਕੋਟ ਤੋਂ ਵਿਧਾਇਕ ਰਹੇ ਸਨ। ਅਕਾਲੀ ਸਰਕਾਰ ਵੇਲੇ ਪੀ ਐਸ ਆਈ ਈ ਸੀ ਦੇ ਚੇਅਰਮੈਨ ਵੀ ਰਹੇ। ਉਹਨਾਂ ਦਾ ਜਨਮ 3 ਜੁਲਾਈ 1956 ਨੂੰ ਜਨਮ ਹੋਇਆ ਸੀ। 5 ਦਸੰਬਰ 2023 ਨੂੰ ਆਖਰੀ ਸਾਹ ਲਏ। ਦੱਸ ਦਈਏ ਕਿ ਰਣਜੀਤ ਸਿੰਘ ਦੇ ਪਿਤਾ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਕਿਸੇ ਸਮੇਂ ਸਿਆਸਤ ਦੀ ਦੁਨੀਆਂ 'ਚ ਬਾਦਲ, ਟੌਹੜਾ ਤੇ ਤਲਵੰਡੀ ਦੀ ਤਿੱਕੜੀ ਨੂੰ ਸਭ ਤੋਂ ਵੱਧ ਮਜ਼ਬੂਤ ਮੰਨਿਆ ਜਾਂਦਾ ਸੀ। ਰਣਜੀਤ ਸਿੰਘ ਤਲਵੰਡੀ ਸਭ ਤੋਂ ਪਹਿਲਾਂ ਸੰਨ 1997 'ਚ ਰਾਏਕੋਟ ਤੋਂ ਵਿਧਾਨ ਸਭਾ ਚੋਣ ਲੜੇ ਸੀ। ਪ੍ਰੰਤੂ ਜਿੱਤ ਨਹੀਂ ਸਕੇ ਸੀ।
2002 ਚ ਪਹਿਲੀ ਵਾਰ ਵਿਧਾਇਕ ਬਣੇ। ਇਸ ਉਪਰੰਤ 2012 ਤੇ 2017 ਦੀ ਵਿਧਾਨ ਸਭਾ ਚੋਣ ਖੰਨਾ ਹਲਕੇ ਤੋਂ ਲੜੀ। ਦੋਵੇਂ ਵਾਰ ਤਲਵੰਡੀ ਹਾਰ ਗਏ ਸੀ। ਬਾਦਲ ਤੇ ਢੀਂਡਸਾ ਦੇ ਵੱਖ-ਵੱਖ ਹੋਣ ਮਗਰੋਂ ਰਣਜੀਤ ਸਿੰਘ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਚਲੇ ਗਏ ਸੀ । ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਜਨਰਲ ਸਕੱਤਰ ਬਣਾਇਆ ਗਿਆ मी।
ਰਣਜੀਤ ਸਿੰਘ ਤਲਵੰਡੀ ਉਪਰ ਕਾਫੀ ਸਮੇਂ ਤੋਂ ਦੁੱਖਾਂ ਦਾ ਪਹਾੜ ਟੁੱਟਦਾ ਆ ਰਿਹਾ ਸੀ। ਸੰਨ 2015 'ਚ ਸੜਕ ਹਾਦਸੇ 'ਚ ਰਣਜੀਤ ਸਿੰਘ ਦੇ ਇਕਲੌਤੇ ਪੁੱਤਰ ਜਗਤੇਸ਼ਵਰ ਸਿੰਘ ਦੀ ਮੌਤ ਹੋ ਗਈ ਸੀ। ਕਾਫੀ ਸਮਾਂ ਉਹਨਾਂ ਨੇ ਸਿਆਸਤ ਤੋਂ ਪਾਸਾ ਵੱਟ ਕੇ ਰੱਖਿਆ ਸੀ। ਕਰੀਬੀ ਦੋਸਤਾਂ ਨੇ ਰਣਜੀਤ ਸਿੰਘ ਨੂੰ ਹੌਂਸਲਾ ਦੇ ਕੇ ਮੁੜ ਸਿਆਸਤ 'ਚ ਲਿਆਂਦਾ ਸੀ। ਹੁਣ ਇਹ ਸਿਆਸਤਦਾਨ ਖੁਦ ਵੀ ਦੁਨੀਆਂ ਨੂੰ ਅਲਵਿਦਾ ਆਖ ਗਿਆ।