ਗੈਂਗਸਟਰ ਲੱਕੀ ਪਟਿਆਲਾ ਦੀ ਪਤਨੀ ਨੂੰ ਭਗੌੜਾ ਐਲਾਨਿਆ
ਮੋਹਲੀ (ਸਤਵਿੰਦਰ ਸਿੰਘ ਧੜਾਕ) : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਧਮਕੀਆਂ ਦੇਣ ਦੇ ਗੰਭੀਰ ਮਾਮਲੇ ’ਚ ਦੋਸ਼ੀ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੂੰ ਅਦਾਲਤ ਨੇ ਬੁਧਵਾਰ ਨੂੰ ਬਰੀ ਕਰ ਦਿਤਾ। ਮੁਹਾਲੀ ਦੇ ਜੁਡੀਸ਼ੀਅਲ ਮੈਜਿਸਟਰੇਟ ਨੇ ਇਸ ਕੇਸ ਵਿਚ ਪੁਲਿਸ ਵਲੋਂ ਪੇਸ਼ ਕੀਤੇ ਸਬੂਤਾਂ ਨੂੰ ਨਾਕਾਫ਼ੀ ਮੰਨਦਿਆਂ ਇਹ ਫ਼ੈਸਲਾ ਦਿਤਾ ਹੈ ਕਿ ਪੁਲਿਸ ਇਸ ਕੇਸ ਵਿਚ ਆਡੀਉ ਮੈਸੇਜ ਅਤੇ ਚੈਟ ਰਿਕਾਰਡ ਵਰਗੇ ਠੋਸ ਸਬੂਤ ਪੇਸ਼ ਕਰਨ ਵਿਚ ਨਾਕਾਮ ਰਹੀ ਹੈ।
ਅਦਾਲਤ ਨੇ ਪਾਇਆ ਕਿ ਸਰਕਾਰੀ ਪੱਖ ਮੁਲਜ਼ਮਾਂ ਵਿਰੁਧ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਕਾਰਨ ਮੁਲਜ਼ਮਾਂ ਨੂੰ ਕੇਸ ਵਿਚੋਂ ਬਰੀ ਕਰ ਦਿਤਾ ਗਿਆ।
ਇਹ ਮਾਮਲਾ ਸਾਲ 2018 ’ਚ ਸਾਹਮਣੇ ਆਇਆ ਸੀ।
ਇਸ ਸਬੰਧੀ 1 ਜੂਨ 2018 ਨੂੰ ਫੇਜ਼ 8 ਵਿਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਗਿੱਪੀ ਗਰੇਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਵਲੋਂ ਫ਼ਿਰੌਤੀ ਲਈ ਧਮਕੀ ਦਿਤੀ ਗਈ ਸੀ ਕਿ ਜੇਕਰ ਉਸ ਨੇ ਪੈਸੇ ਨਾ ਦਿਤੇ ਤਾਂ ਉਸ ਦਾ ਹਾਲ ਵੀ ਪਰਮੀਸ਼ ਵਰਮਾ ਵਰਗਾ ਹੀ ਹੋਵੇਗਾ। ਇਸ ਸ਼ਿਕਾਇਤ ਦੇ ਆਧਾਰ ’ਤੇ ਮੁਹਾਲੀ ਪੁਲਿਸ ਨੇ ਗੈਂਗਸਟਰਾਂ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਵਿਰੁਧ ਕੇਸ ਦਰਜ ਕੀਤਾ ਹੈ।
ਗੈਂਗਸਟਰ ਲੱਕੀ ਪਟਿਆਲਾ ਦੀ ਪਤਨੀ ਨੂੰ ਭਗੌੜਾ ਐਲਾਨਿਆ
ਇਸ ਮਾਮਲੇ ਵਿਚ ਅਦਾਲਤ ਨੇ ਬੰਬੀਹਾ ਗੈਂਗ ਦੇ ਸਰਗਨਾ ਲੱਕੀ ਪਟਿਆਲਾ ਦੀ ਪਤਨੀ ਰੇਣੂ ਨੂੰ ਲਗਾਤਾਰ ਗ਼ੈਰ ਹਾਜ਼ਰ ਰਹਿਣ ਕਾਰਨ ਭਗੌੜਾ ਕਰਾਰ ਦੇ ਦਿਤਾ ਹੈ। ਰੇਣੂ ’ਤੇ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਦੇ ਨਾਲ ਮਿਲ ਕੇ ਫ਼ਿਰੌਤੀ ਦੀ ਯੋਜਨਾ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਰੇਣੂ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।