ਕਾਂਗਰਸੀ ਵਰਕਰਾਂ ਵੱਲੋਂ ਕਥਿਤ ਤੌਰ ’ਤੇ AAP ਉਮੀਦਵਾਰਾਂ 'ਤੇ ਹਮਲਾ, 2 ਨੌਜਵਾਨ ICU 'ਚ
ਅੰਮ੍ਰਿਤਸਰ: ਭਿੰਡੀਆਂ ਸੈਦਾਂ ਹਲਕੇ ਵਿੱਚ ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਮੌਕੇ ਉਸ ਵੇਲੇ ਤਣਾਅਪੂਰਨ ਹਾਲਾਤ ਬਣ ਗਏ, ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਅਤੇ ਉਹਦੇ ਸਾਥੀਆਂ 'ਤੇ ਕਾਂਗਰਸੀ ਵਰਕਰਾਂ ਵੱਲੋਂ ਹਮਲਾ ਕਰਨ ਦਾ ਆਰੋਪ ਸਾਹਮਣੇ ਆਇਆ। ਹਮਲੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਕਾਰਨ ਉਹਨਾਂ ਦੀ ਹਸਪਤਾਲ ਵਿੱਚ ਸਰਜਰੀ ਚੱਲ ਰਹੀ ਹੈ ਤੇ ਦੋਵੇਂ ICU ਵਿੱਚ ਨਾਜ਼ੁਕ ਹਾਲਤ 'ਚ ਦਾਖਲ ਹਨ।
AAP ਆਗੂਆਂ ਨੇ ਦੱਸਿਆ ਕਿ ਲਖਵਿੰਦਰ ਸਿੰਘ, ਜੋ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਹੈ, ਅਤੇ ਉਹਦੇ ਸਾਥੀ ਸ਼ਾਂਤੀਪੂਰਨ ਤਰੀਕੇ ਨਾਲ ਕੈਂਪੇਨ ਲਈ ਨਿਕਲੇ ਸਨ। ਦਾਅਵੇ ਅਨੁਸਾਰ ਕਾਂਗਰਸ ਆਗੂਆਂ ਦੇ ਇਸ਼ਾਰੇ 'ਤੇ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਕੇ ਦਾਤਰ, ਰਿਵਾਲਵਰ ਤੇ 12 ਬੋਰ ਦੇ ਹਥਿਆਰਾਂ ਨਾਲ ਹਮਲਾ ਕੀਤਾ। ਹਮਲੇ ਵਿੱਚ ਬਿੱਲਾ ਨਾਮਕ ਨੌਜਵਾਨ ਸਮੇਤ ਕਈ ਵਰਕਰ ਜਖ਼ਮੀ ਹੋਏ।
ਪਾਰਟੀ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਨੇ ਵੀ ਹਸਪਤਾਲ ਪਹੁੰਚ ਕੇ ਜਖ਼ਮੀਆਂ ਦੇ ਪਰਿਵਾਰਾਂ ਨਾਲ ਹਾਲ–ਚਾਲ ਪੁੱਛਿਆ ਅਤੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ, “ਸਾਡੇ ਸਾਥੀ ਭਲੇਮਾਨਸ ਲੋਕ ਹਨ। ਇਹ ਹਮਲੇ ਕਾਂਗਰਸ ਦੀ ਪੁਰਾਣੀ ਰਵਾਇਤ ਦਾ ਹਿੱਸਾ ਹਨ। ਚੋਣ ਜ਼ਾਬਤੇ ਦੌਰਾਨ ਨਾਜਾਇਜ਼ ਹਥਿਆਰਾਂ ਨਾਲ ਗੋਲੀਬਾਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”
AAP ਆਗੂਆਂ ਦਾ ਦਾਅਵਾ ਹੈ ਕਿ ਹਮਲਾ ਪੂਰੀ ਸਿਆਸੀ ਸ਼ਹਿ ਨਾਲ ਕੀਤਾ ਗਿਆ ਅਤੇ ਕਾਂਗਰਸੀ ਉਮੀਦਵਾਰ ਨੇ ਦਬਾਅ ਹੇਠ ਅੱਜ ਆਪਣੀ ਨਾਮਜ਼ਦਗੀ ਵਾਪਸ ਲੈਣ ਲਈ SDM ਕੋਲ ਅਰਜ਼ੀ ਦਿੱਤੀ, ਜਿਸ ਨੂੰ ਉਹ AAP ਦੇ ਉਮੀਦਵਾਰ ਦੀ ਵਧ ਰਹੀ ਲੋਕਪ੍ਰਿਯਤਾ ਦਾ ਨਤੀਜਾ ਦੱਸ ਰਹੇ ਹਨ।
ਦੂਜੇ ਪਾਸੇ, ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਜਖ਼ਮੀ ਹਸਪਤਾਲ 'ਚ ਦਾਖਲ ਹਨ, ਅਤੇ ਡਾਕਟਰੀ ਰਿਪੋਰਟ ਅਨੁਸਾਰ ਗੋਲੀ ਲੱਗਣ ਦੇ ਨਿਸ਼ਾਨ ਵੀ ਮੌਜੂਦ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਤਕਰਾਰ ਨਾਂਮਜ਼ਦਗੀ ਦੇ ਦੌਰਾਨ ਹੋਈ ਸੀ, ਜਿਸ ਤੋਂ ਬਾਅਦ ਅੱਜ ਹਮਲਾ ਹੋਇਆ। “ਜੋ ਵੀ ਦੋਸ਼ੀ ਹਨ, ਪਰਚਾ ਦਰਜ ਹੋਣ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ” — ਪੁਲਿਸ ਅਧਿਕਾਰੀਆਂ ਨੇ ਕਿਹਾ।
AAP ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਾਣ, ਤਾਂ ਜੋ ਚੋਣਾਂ ਵਿੱਚ ਹਿੰਸਾ ਨੂੰ ਰੋਕਿਆ ਜਾ ਸਕੇ। ਪਾਰਟੀ ਨੇ ਕਿਹਾ ਕਿ ਉਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਜਾਰੀ ਰੱਖੇਗੀ ਅਤੇ ਜਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਦੁਆ ਕੀਤੀ।
