ਸਾਜਿਸ਼ ਵਿੱਚ ਸ਼ਾਮਲ ਪਤਨੀ ਅਤੇ ਉਸ ਦਾ ਸਾਥੀ ਪਹਿਲਾਂ ਹੀ ਹਨ ਫਰੀਦਕੋਟ ਪੁਲਿਸ ਦੀ ਗ੍ਰਿਫ਼ਤ ਵਿੱਚ
ਫਰੀਦਕੋਟ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਅਤੇ ਅਪਰਾਧ–ਮੁਕਤ ਬਣਾਏ ਰੱਖਣ ਦੀ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਜੀ ਦੇ ਹੁੱਕਮਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਡੀ.ਆਈ.ਜੀ ਫਰੀਦਕੋਟ ਰੇਂਜ ਸ਼੍ਰੀਮਤੀ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋ ਸੰਗੀਨ ਅਪਰਾਧਾਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਉਦੇ ਹੋਏ ਕਾਰਵਾਈ ਕੀਤੀ ਜਾਦੀ ਹੈ। ਇਸੇ ਕੜੀ ਵਿੱਚ ਪਿੰਡ ਸੁੱਖਣਵਾਲਾ ਵਿੱਚ ਹੋਏ ਕਤਲ ਮਾਮਲੇ ਵਿੱਚ ਸ਼ਾਮਿਲ ਤੀਸਰੇ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਾਜਿਸ ਵਿੱਚ ਸ਼ਾਮਿਲ ਮ੍ਰਿਤਕ ਦੀ ਪਤਨੀ ਅਤੇ ਉਸਦਾ ਇੱਕ ਸਾਥੀ ਪਹਿਲਾ ਹੀ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਹਨ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।
ਗ੍ਰਿਫਤਾਰ ਕੀਤੇ ਤੀਸਰੇ ਦੋਸ਼ੀ ਦੀ ਪਹਿਚਾਣ ਵਿਸ਼ਵਜੀਤ ਕੁਮਾਰ ਉਰਫ ਪੀਚਾ ਪੁੱਤਰ ਮਿੱਠੂ ਰਾਮ ਵਜੋ ਹੋਈ ਹੈ, ਜੋ ਕਿ ਹਰਿਆਣਾ ਦੇ ਡੱਬਵਾਲੀ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋ ਦੋਸ਼ੀਆ ਦੁਆਰਾ ਪਿੰਡ ਸੁੱਖਣਵਾਲਾ ਆਉਣ ਅਤੇ ਜਾਣ ਲਈ ਵਰਤੀ ਗਈ ਹਿਊਡਾਈ ਕਾਰ ਵੀ ਕਬਜੇ ਵਿੱਚ ਲਈ ਗਈ ਹੈ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਮਿਤੀ 28-29 ਨਵੰਬਰ ਦੀ ਰਾਤ ਨੂੰ ਫਰੀਦਕੋਟ ਜਿਲ੍ਹੇ ਦੇ ਪਿੰਡ ਸੁੱਖਣਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਣ ਤੇ ਮ੍ਰਿਤਕ ਦੀ ਭੈਣ ਮਨਵੀਰ ਕੌਰ ਦੇ ਬਿਆਨਾ ਪਰ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਅਤੇ ਇੱਕ ਵਿਅਕਤੀ ਹਰਕੰਵਲਪ੍ਰੀਤ ਸਿੰਘ ਵਾਸੀ ਬੱਲੂਆਣਾ (ਜਿਲ੍ਹਾ ਬਠਿੰਡਾ) ਦੇ ਖਿਲਾਫ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।
ਜਿਸ ਦੌਰਾਨ ਫਰੀਦਕੋਟ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ ਫਰੀਦਕੋਟ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਦੋਸਣ ਰੁਪਿੰਦਰ ਕੌਰ ਨੂੰ 29 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਸਾਜਿਸ ਵਿੱਚ ਸ਼ਾਮਿਲ ਦੂਸਰੇ ਦੋਸ਼ੀ ਹਰਕੰਵਲਪ੍ਰੀਤ ਸਿੰਘ ਉਰਫ ਲਾਡੀ ਨੂੰ ਵੀ ਮਿਤੀ 02 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ।
ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋ ਮਾਨਯੋਗ ਅਦਾਲਤ ਪਾਸੋ ਦੋਸ਼ੀਆ ਦਾ ਰਿਮਾਡ ਹਾਸਿਲ ਕੀਤਾ ਗਿਆ। ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਵਾਰਦਾਤ ਦੌਰਾਨ ਇਹਨਾ ਨਾਲ ਇੱਕ ਤੀਸਰਾ ਦੋਸ਼ੀ ਵਿਸ਼ਵਜੀਤ ਕੁਮਾਰ ਉਰਫ ਪੀਚਾ ਵੀ ਸ਼ਾਮਿਲ ਸੀ, ਜੋ ਕਿ ਵਾਰਦਾਤ ਦੀ ਰਾਤ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਰਕੰਵਲਪ੍ਰੀਤ ਸਿੰਘ ਨਾਲ ਇੱਕ ਹਿਊਡਾਈ ਕਾਰ ਵਿੱਚ ਬਿਠਾ ਕੇ ਲੈ ਕੇ ਆਇਆ ਸੀ ਅਤੇ ਵਾਰਦਾਤ ਤੋ ਬਾਅਦ ਵਾਪਿਸ ਲਿਜਾਣ ਵਿੱਚ ਵੀ ਇਸ ਦੀ ਹੀ ਭੂਮਿਕਾ ਰਹੀ।
ਜਿਸ ਦੇ ਅਧਾਰ ਤੇ ਦੋਸ਼ੀ ਵਿਸ਼ਵਜੀਤ ਕੁਮਾਰ ਉਰਫ ਪੀਚਾ ਨੂੰ ਵੀ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ। ਜਿਸ ਨੂੰ ਕਿ ਨੈਸ਼ਨਲ ਹਾਈਵੇਅ ਚਹਿਲ ਪੁੱਲ ਨਜਦੀਕ ਗ੍ਰਿਫਤਾਰ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਟੀਮਾਂ ਵੱਲੋਂ ਇਸ ਦੌਰਾਨ ਵਰਤੀ ਗਈ ਹਿਊਡਾਈ ਔਰਾ ਕਾਰ ਨੂੰ ਵੀ ਸਿੱਖਾ ਵਾਲਾ ਬੀੜ ਵਿੱਚੋ ਬਰਾਮਦ ਕੀਤਾ ਜਾ ਚੁੱਕਾ ਹੈ।
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਕਤਲ ਪ੍ਰੇਮ ਸਬੰਧਾਂ ਦੇ ਚੱਲਦੇ ਹੋਇਆ ਹੈ। ਮ੍ਰਿਤਰ ਗੁਰਵਿੰਦਰ ਸਿੰਘ ਦਾ ਵਿਆਹ ਰੁਪਿੰਦਰ ਕੌਰ ਨਾਲ ਹੋਇਆ ਸੀ, ਪ੍ਰੰਤੂ ਰੁਪਿੰਦਰ ਕੌਰ ਦੇ ਸਬੰਧ ਹਰਕੰਵਲਪ੍ਰੀਤ ਸਿੰਘ ਨਾਲ ਸਨ ਅਤੇ ਮਿਤੀ 28-29 ਨਵੰਬਰ ਦੀ ਰਾਤ ਨੂੰ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਵੱਲੋ ਆਪਣੇ ਪਤੀ ਨੂੰ ਮਾਰਨ ਦੀ ਸਾਜਿਸ਼ ਦੇ ਤਹਿਤ ਆਪਣੇ ਸਾਥੀ ਹਰਕੰਵਲਪ੍ਰੀਤ ਸਿੰਘ ਨੂੰ ਘਰ ਬੁਲਾਇਆ, ਜਿਸ ਦੌਰਾਨ ਇਹਨਾ ਵੱਲੋ ਮਿਲ ਕੇ ਮ੍ਰਿਤਕ ਗੁਰਵਿੰਦਰ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾ ਦੋਸ਼ੀਆ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਦੀ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪ੍ਰੰਤੂ ਫਰੀਦਕੋਟ ਪੁਲਿਸ ਵੱਲੋਂ ਨਾ ਸਿਰਫ ਇਸ ਸਾਜਿਸ ਨੂੰ ਨਾਕਾਮ ਕੀਤਾ ਬਲਕਿ ਇਸ ਵਿੱਚ ਸ਼ਾਮਿਲ ਦੋਸ਼ੀਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 274 ਮਿਤੀ 29.11.2025 ਅਧੀਨ ਧਾਰਾ 103, 61(2), 303(2) ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਵੱਲੋਂ ਸੰਗੀਨ ਮਾਮਲਿਆਂ ਵਿੱਚ ਤੇਜ਼ੀ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਗਈ ਜਾਂਚ ਅਤੇ ਗ੍ਰਿਫਤਾਰੀਆਂ ਪੁਲਿਸ ਪ੍ਰਸ਼ਾਸ਼ਨ ਦੁਆਰਾ ਮਾੜੇ ਅਨਸਰਾ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਨੂੰ ਦਰਸਾਉਂਦੀਆਂ ਹਨ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਵਿਰੁੱਧ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
