
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੋਈ ਕਮੀ ਨਹੀਂ ਰਹੀ।
ਮਾਛੀਵਾੜਾ: ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਮਗਰੋਂ ਭਾਜਪਾ ਵਲੋਂ ਲਗਾਤਾਰ ਪੰਜਾਬ ਸਰਕਾਰ ਅਤੇ ਕਾਂਗਰਸ ’ਤੇ ਦੋਸ਼ ਲਗਾਏ ਜਾ ਰਹੇ ਹਨ। ਇਸ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੋਈ ਕਮੀ ਨਹੀਂ ਰਹੀ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਿਸਾਨ ਭਾਜਪਾ ਤੋਂ ਗੁੱਸੇ ਹਨ, ਇਸ ’ਚ ਮੇਰਾ ਕੀ ਕਸੂਰ ਹੈ? ਰੈਲੀ ’ਚ ਲੋਕ ਨਹੀਂ ਪਹੁੰਚੇ ਤਾਂ ਇਸ ’ਚ ਮੇਰਾ ਕੀ ਕਸੂਰ ਹੈ? ਜੇ ਤੁਹਾਨੂੰ ਲੋਕ ਅੱਜ ਪਸੰਦ ਨਹੀਂ ਕਰਦੇ ਹਨ ਤਾਂ ਇਸ ’ਚ ਮੇਰਾ ਕੀ ਕਸੂਰ ਹੈ? ਤੁਸੀਂ ਉਹਨਾਂ ’ਤੇ ਪਰਚੇ ਦਰਜ ਕੀਤੇ, ਉਹ ਵਾਪਸ ਲੈ ਲਵੋ। ਇਹ ਸੌੜੀ ਰਾਜਨੀਤੀ ਠੀਕ ਨਹੀਂ।
ਮੈਂ ਪੰਜਾਬ ਦੇ ਲੋਕਾਂ ਦੀ ਬਦਨਾਮੀ ਬਰਦਾਸ਼ਤ ਨਹੀਂ ਕਰਾਂਗਾ- CM ਚੰਨੀ
ਮੁੱਖ ਮੰਤਰੀ ਨੇ ਸਵਾਲ ਕਰਦਿਆਂ ਕਿਹਾ, “ਪੀਐਮ ਨੂੰ ਪੰਜਾਬ ਵਿਚ ਖਤਰਾ ਸੀ? ਪੰਜਾਬ ਦੇ ਲੋਕਾਂ ਨੇ ਦੇਸ਼ ਨੂੰ ਆਜ਼ਾਦੀ ਦਿੱਤੀ, ਹਰ ਲੜਾਈ ’ਚ ਪੰਜਾਬ ਅੱਗੇ ਰਿਹਾ, ਅਸੀਂ ਅਪਣਾ ਭਗਤ ਸਿੰਘ ਵਾਰਿਆ। ਅਸੀਂ ਅਪਣੀ ਹਿੱਕ ਉੱਤੇ ਗੋਲੀਆਂ ਖਾਧੀਆਂ। ਸਾਨੂੰ ਵੰਡ ਦਾ ਸੰਤਾਪ ਹੰਢਾਉਣਾ ਪਿਆ, ਪੰਜਾਬ ਦੇ ਲੋਕ ਸ਼ਹੀਦ ਹੋਏ। ਅੱਜ ਵੀ ਹਰ ਚੌਥੇ ਦਿਨ ਕੋਈ ਨਾ ਕੋਈ ਫੌਜੀ ਦੀ ਲਾਸ਼ ਆ ਜਾਂਦੀ ਹੈ। ਮੈਨੂੰ ਜਿੰਨਾ ਮਰਜ਼ੀ ਬਦਨਾਮ ਕਰ ਲਓ ਪਰ ਮੈਂ ਪੰਜਾਬ ਦੇ ਲੋਕਾਂ ਦੀ ਬਦਨਾਮੀ ਬਰਦਾਸ਼ਤ ਨਹੀਂ ਕਰਾਂਗਾ।”
ਸੀਐਮ ਚੰਨੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਖਤਰਾ ਹੋਇਆ ਤਾਂ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਅਪਣੀ ਛਾਤੀ ਉੱਤੇ ਗੋਲੀ ਖਾਵੇਗਾ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖਤਰਾ ਹੋਵੇ ਤਾਂ ਪੰਜਾਬ ਦਾ ਬੱਚਾ-ਬੱਚਾ ਅੱਗੇ ਹੋ ਕੇ ਖੜੇਗਾ। ਅਸੀਂ ਦੇਸ਼ ਲਈ ਅਪਣਾ ਖੂਨ ਡੋਲਿਆ ਹੈ ਪਰ ਦੇਸ਼ ਵਿਚ ਸਾਨੂੰ ਬਦਨਾਮ ਕਰਨ ਦਾ ਮਨਸੂਬਾ ਚਲਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਡਾਇਰੈਕਟਰ ਕਰਨਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਾਛੀਵਾੜਾ ਅਨਾਜ ਮੰਡੀ ’ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ।