ਯੁੱਧ ਨਸ਼ਿਆਂ ਵਿਰੁੱਧ ਤਹਿਤ ਤਸਕਰ ਨਰਿੰਦਰ ਬਾਵਾ ਖ਼ਿਲਾਫ਼ ਕੀਤੀ ਗਈ ਕਾਰਵਾਈ
ਜਲੰਧਰ : ਯੁੱਧ ਨਸ਼ਿਆਂ ਵਿਰੁੱਧ ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਅਤੇ ਨਗਰ ਨਿਗਮ ਦੀ ਟੀਮ ਨੇ ਮੰਗਲਵਾਰ ਸਵੇਰੇ ਬਾਵਾ ਖੇਲ ਤੋਂ ਲੈਦਰ ਕੰਪਲੈਕਸ ਰੋਡ ਉੱਤੇ ਸਥਿਤ ਰਾਜਨ ਨਗਰ ਵਿੱਚ ਨਸ਼ਾ ਤਸਕਰ ਨਰਿੰਦਰ ਉਰਫ਼ ਬਾਵਾ ਦੇ ਮਕਾਨ ਵਿੱਚ ਕੀਤੇ ਗਏ ਗੈਰਕਾਨੂੰਨੀ ਨਿਰਮਾਣ ਨੂੰ ਢਾਹ ਦਿੱਤਾ। ਲੈਦਰ ਕੰਪਲੈਕਸ ਦੇ ਰਹਿਣ ਵਾਲੇ ਨਸ਼ਾ ਤਸਕਰ ਨਰਿੰਦਰ ਉਰਫ਼ ਬਾਵਾ ਵਿਰੁੱਧ ਕੁੱਲ 15 ਕੇਸ ਦਰਜ ਹਨ, ਜਿਨ੍ਹਾਂ ਵਿੱਚ 5 ਐਨ.ਡੀ.ਪੀ.ਐਸ. ਅਤੇ 9 ਐਕਸਾਈਜ਼ ਐਕਟ ਅਧੀਨ ਦਰਜ ਹਨ।
ਏੇ.ਸੀ.ਪੀ.ਆਤਿਸ਼ ਭਾਟੀਆ ਨੇ ਦੱਸਿਆ ਕਿ ਨਰਿੰਦਰ ਵੱਲੋਂ ਲੈਦਰ ਕੰਪਲੈਕਸ ਕਾਲੋਨੀ ਵਿੱਚ ਗੈਰਕਾਨੂੰਨੀ ਨਿਰਮਾਣ ਕਰਨ ਦੀ ਸੂਚਨਾ ਨਗਰ ਨਿਗਮ ਨੂੰ ਮਿਲੀ ਸੀ, ਜਿਸ ਨੂੰ ਨਿਗਮ ਵੱਲੋਂ ਕਈ ਨੋਟਿਸ ਦਿੱਤੇ ਗਏ ਪਰ ਕੋਈ ਜਵਾਬ ਨਹੀਂ ਮਿਲਿਆ। ਨਗਰ ਨਿਗਮ ਅਤੇ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੈਰਕਾਨੂੰਨੀ ਨਿਰਮਾਣ ਨੂੰ ਢਾਹ ਦਿੱਤਾ।
ਇਸੇ ਦੌਰਾਨ ਕਾਰਵਾਈ ਵਿੱਚ ਥਾਣਾ ਬਸਤੀ ਬਾਵਾ ਖੇਲ ਦੀ ਟੀਮ ਵੀ ਮੌਜੂਦ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਨਗਰ ਨਿਗਮ ਦੀ ਟੀਮ ਨੇ ਗੈਰਕਾਨੂੰਨੀ ਨਿਰਮਾਣ ਉੱਤੇ ਕਾਰਵਾਈ ਲਈ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੀ ਟੀਮ ਨੂੰ ਕਾਰਵਾਈ ਕਰਨੀ ਹੈ ਤਾਂ ਜੋ ਕਾਰਵਾਈ ਦੌਰਾਨ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ, ਇਸ ਲਈ ਉਹ ਪੁਲਿਸ ਲੈ ਕੇ ਕੰਪਲੈਕਸ ਵਿੱਚ ਪਹੁੰਚੇ ਸਨ, ਜਿੱਥੇ ਨਿਗਮ ਦੀ ਟੀਮ ਵੱਲੋਂ ਗੈਰਕਾਨੂੰਨੀ ਨਿਰਮਾਣ ਉੱਤੇ ਕਾਰਵਾਈ ਕੀਤੀ ਗਈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਨਸ਼ੇ ਦਾ ਕੰਮ ਕਰ ਰਿਹਾ ਹੈ ਤਾਂ ਪੰਜਾਬ ਸਰਕਾਰ ਦੇ ਵਟਸਐਪ ਨੰਬਰ 9779-100-200 ਉੱਤੇ ਜਾਣਕਾਰੀ ਸਾਂਝੀ ਕਰਨ, ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।
