
ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਦੀ ਕੀਤੀ ਮੰਗ
ਲੁਧਿਆਣਾ : ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨਾਂ ਵਲੋਂ ਅਪਣੀ ਸਮੱਸਿਆ ਵੱਲ ਸਰਕਾਰ ਦਾ ਧਿਆਨ ਖਿੱਚਣ ਲਈ ਵਿਲੱਖਣ ਤਰੀਕਾ ਅਪਨਾਇਆ ਗਿਆ। ਟਰਾਲੀਆਂ ਵਿਚ ਅਵਾਰਾ ਪਸ਼ੂਆਂ ਨੂੰ ਲੱਦ ਕੇ ਪਹੁੰਚੇ ਕਿਸਾਨਾਂ ਵਲੋਂ ਸਰਕਾਰ ਵਿਰੁਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਹ ਕਿਸਾਨ ਟਰਾਲੀਆਂ ਵਿਚ 1500 ਕੇ ਕਰੀਬ ਅਵਾਰਾ ਪਸ਼ੂਆਂ ਨੂੰ ਲੱਦ ਕੇ ਲਿਆਏ ਸਨ। ਹਾਲਾਂਕਿ ਪੁਲਿਸ ਨੇ ਪਹਿਲਾਂ ਇਨ੍ਹਾਂ ਕਿਸਾਨਾਂ ਨੂੰ ਰਾਮਗੜ੍ਹ ਮੋੜ 'ਤੇ ਹੀ ਰੋਕ ਦਿਤਾ ਗਿਆ ਸੀ। ਪਰ ਬਾਅਦ ਕਿਸਾਨਾਂ ਨੇ ਅੱਗੇ ਵਧਨਾ ਸ਼ੁਰੂ ਕਰ ਦਿਤਾ।
Photo
ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਪੁਲਿਸ ਨੇ ਵਰਧਮਾਨ ਚੌਂਕ ਕੋਲ ਮੁੜ ਰੋਕ ਲਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਵਿਰੁਧ ਰੱਜ ਕੇ ਭੜਾਸ ਕੱਢੀ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਇੱਥੇ ਕਾਫ਼ੀ ਦੇਰ ਤਕ ਜਾਮ ਲੱਗਾ ਰਿਹਾ। ਕਿਸਾਨ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਡੀਸੀ ਦਫ਼ਤਰ ਵਿਚ ਡੀਸੀ ਦੇ ਹਵਾਲੇ ਕਰਨ ਲਈ ਬਜਿੱਦ ਸਨ। ਸੜਕ 'ਤੇ ਇਕ ਪਾਸੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਤੇ ਦੂਜੇ ਪਾਸੇ ਆਵਾਜਾਈ ਵੀ ਚੱਲਦੀ ਰਹੀ। ਕਿਸਾਨਾਂ ਦੇ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕੀਤੀ।
Photo
ਪਹਿਲਾਂ ਵੀ ਦਿਤੀ ਸੀ ਚਿਤਾਵਨੀ : ਕਿਸਾਨਾਂ ਜਥੇਬੰਦੀਆਂ ਵਲੋਂ ਇਸ ਪ੍ਰਦਰਸ਼ਨ ਦੀ ਪਹਿਲਾਂ ਹੀ ਚਿਤਾਵਨੀ ਦਿਤੀ ਗਈ ਸੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਸੀ ਕਿ 6 ਫ਼ਰਵਰੀ ਨੂੰ ਡੀਸੀ ਦਫ਼ਤਰ ਵਿਚ ਬੇਸਹਾਰਾ ਪਸ਼ੂਆਂ ਨੂੰ ਛੱਡਿਆ ਜਾਵੇਗਾ। ਕਿਸਾਨਾਂ ਵਲੋਂ ਆਉਂਦੇ ਸਮੇਂ ਵਿਚ ਵੀ ਇਹੋ ਜਿਹੇ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿਤੀ ਹੈ।
Photo
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਗਊ ਸੈਂਸ ਵਸੂਲ ਰਹੀ ਹੈ ਪਰ ਦੂਜੇ ਪਾਸੇ ਇਨ੍ਹਾਂ ਪਸ਼ੂਆਂ ਨੂੰ ਅਵਾਰਾ ਛੱÎਡਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ 'ਚ ਨਾਕਾਮ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ ਉਥੇ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ।