
ਸੀਬੀਆਈ ਦੀਆਂ ਫ਼ਾਈਲਾਂ ਪੰਜਾਬ ਪੁਲਿਸ ਨੂੰ ਮਿਲਣ ਨਾਲ ਪੀੜਤ ਪਰਵਾਰਾਂ ਨੂੰ ਬੱਝੀ ਇਨਸਾਫ਼ ਦੀ ਆਸ
ਕੁੰਵਰਵਿਜੈ ਪ੍ਰਤਾਪ ਸਿੰਘ ਦੀ ਐਸਆਈਟੀ ਦੀ ਜਾਂਚ ਤੋਂ ਸੰਤੁਸ਼ਟ ਹਨ ਪੀੜਤ ਪਰਵਾਰ
ਕੋਟਕਪੂਰਾ, 5 ਫ਼ਰਵਰੀ (ਗੁਰਿੰਦਰ ਸਿੰਘ) : ਭਾਵੇਂ ਕਿਸੇ ਸਮੇਂ ਬੇਅਦਬੀ ਕਾਂਡ ਨਾਲ ਸਬੰਧਤ ਮੁਲਜ਼ਮਾਂ ਪ੍ਰਤੀ ਸੀਬੀਆਈ ਵਲੋਂ ਅਦਾਲਤ ਵਿਚ ਕਲੋਜ਼ਰ ਰੀਪੋਰਟ ਪੇਸ਼ ਕਰ ਦੇਣ ਨਾਲ ਪੰਥਕ ਹਲਕਿਆਂ ਵਿਚ ਬਹੁਤ ਹਾਹਾਕਾਰ ਮੱਚ ਗਈ ਸੀ ਤੇ ਵੱਖੋ ਵੱਖਰੇ ਤੌਰ 'ਤੇ ਪ੍ਰਤੀਕਰਮ ਦਿੰਦਿਆਂ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ, ਪੰਥਦਰਦੀਆਂ ਅਤੇ ਪੀੜਤ ਪਰਵਾਰਾਂ ਨੇ ਹੈਰਾਨੀ ਪ੍ਰਗਟਾਈ ਸੀ ਕਿ ਸੀਬੀਆਈ ਦਾ ਕੰਮ ਦੋਸ਼ੀਆਂ ਨੂੰ ਲੱਭਣਾ ਹੁੰਦਾ ਹੈ ਨਾ ਕਿ ਨਿਰਦੋਸ਼ ਕਰਾਰ ਦੇ ਦੇਣਾ | ਹੁਣ ਅਦਾਲਤੀ ਹੁਕਮਾਂ ਮੁਤਾਬਕ ਸੀਬੀਆਈ ਵਲੋਂ ਬੇਅਦਬੀ ਮਾਮਲਿਆਂ ਨਾਲ ਸਬੰਧਤ ਸਾਰੇ ਦਸਤਾਵੇਜ਼ ਪੰਜਾਬ ਪੁਲਿਸ ਨੂੰ ਸੌਾਪ ਦਿਤੇ ਜਾਣ ਨਾਲ ਜਿਥੇ ਪੀੜਤ ਪਰਵਾਰਾਂ ਅਤੇ ਪੰਥਦਰਦੀਆਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਦੁਹਰਾਏ ਸਟੈਂਡ ਨੇ ਪੀੜਤ ਪਰਵਾਰਾਂ ਦੇ ਜਖ਼ਮਾਂ 'ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ ਹੈ, ਉਥੇ 14 ਅਕਤੂਬਰ 2015 ਵਾਲੇ ਦਿਨ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਕ੍ਰਮਵਾਰ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਰਵਾਰਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਸੰਭਾਵਨਾ ਬਣਦੀ ਪ੍ਰਤੀਤ ਹੋਈ ਹੈ | ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਆਖਿਆ ਕਿ ਉਹ ਪਹਿਲੇ ਦਿਨ ਤੋਂ ਹੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਵਲੋਂ ਕੀਤੀ ਜਾ ਰਹੀ ਜਾਂਚ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਆਈ.ਜੀ. ਕੁੰਵਰਵਿਜੈ ਪ੍ਰਤਾਪ ਇਕ ਦਲੇਰ ਅਤੇ ਨਿਰਪੱਖ ਅਫ਼ਸਰ ਹੋਣ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਦਿਵਾਉਣਗੇ | ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਵਾਪਰੇ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ 14 ਅਕਤੂਬਰ ਵਾਲੇ ਦਿਨ ਤੜਕਸਾਰ ਸਵੇਰ ਸਮੇਂ ਬੱਤੀਆਂ ਵਾਲਾ ਚੌਾਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸ ਅਤਿਆਚਾਰ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਅਨੇਕਾਂ ਜ਼ਖ਼ਮੀ ਹੋ ਗਏ ਸਨ | ਉਸ ਸਮੇਂ ਬਾਦਲ ਸਰਕਾਰ ਦੀ ਪੁਲਿਸ ਨੇ ਭੱਜੇ ਜਾਂਦੇ ਸਿੱਖ ਨੌਜਵਾਨਾਂ, ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦਾ ਲਿਹਾਜ਼ ਨਾ ਕਰਦਿਆਂ ਉਨ੍ਹਾਂ ਨੂੰ ਘੇਰ ਘੇਰ ਕੇ ਛੱਲੀਆਂ ਵਾਂਗ ਕੁੱਟਣ ਤੋਂ ਵੀ ਗੁਰੇਜ਼ ਨਾ ਕੀਤਾ | ਬਾਦਲ ਸਰਕਾਰ ਮੌਕੇ ਪੁਲਿਸ ਵਲੋਂ ਅਸਲ ਸਬੂਤ ਖ਼ਤਮ ਕਰ ਕੇ ਨਵੇਂ ਸਬੂਤ ਘੜਣ ਵਾਲੀਆਂ ਸ਼ਰਮਨਾਕimage ਘਟਨਾਵਾਂ ਦੇ ਵੀ ਐੱਸਆਈਟੀ ਦੀ ਜਾਂਚ ਦੌਰਾਨ ਅਹਿਮ ਖੁਲਾਸੇ ਹੋਏ, ਜਿਸ ਕਰ ਕੇ ਪੀੜਤ ਪਰਵਾਰਾਂ ਦਾ ਦੁਖੀ ਹੋਣਾ ਸੁਭਾਵਕ ਸੀ |