 
          	ਕਾਗ਼ਜ਼ਾਂ ਦੀ ਵਾਪਸੀ ਬਾਅਦ ਪੰਜਾਬ ਵਿਧਾਨ ਸਭਾ ਲਈ 1304 ਉਮੀਦਵਾਰ ਮੈਦਾਨ 'ਚ
ਪਟਿਆਲਾ ਸ਼ਹਿਰੀ ਤੇ ਸਾਹਨੇਵਾਲ 'ਚ ਸੱਭ ਤੋਂ ਵੱਧ 19-19 ਅਤੇ ਦੀਨਾਨਗਰ 'ਚ ਸੱਭ ਤੋਂ ਘੱਟ 5 ਉਮੀਦਵਾਰ
ਚੰਡੀਗੜ੍ਹ, 5 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਕਾਗ਼ਜ਼ ਵਾਪਸ ਲੈਣ ਦਾ ਸਮਾਂ ਖ਼ਤਮ ਹੋਣ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਹਲਕਿਆਂ ਵਾਸਤੇ ਹੁਣ 1304 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ | ਇਨ੍ਹਾਂ 'ਚ ਸੱਭ ਤੋਂ ਵੱਧ 19-19 ਪਟਿਆਲਾ ਦਿਹਾਤੀ ਅਤੇ ਸਾਹਨੇਵਾਲ ਅਤੇ ਸੱਭ ਤੋਂ ਘੱਟ 5 ਦੀਨਾਨਗਰ ਹਲਕੇ 'ਚ ਹਨ | ਪਟਿਆਲਾ ਦਿਹਾਤੀ ਅਤੇ ਸਾਹਨੇਵਾਲ ਤੋਂ ਇਲਾਵਾ ਕਈ ਹੋਰ ਹਲਕਿਆਂ 'ਚ ਦੋ-ਦੋ ਵੋਟਿੰਗ ਮਸ਼ੀਨਾਂ ਦੀ ਵਰਤੋਂ ਕਰਨੀ ਪਵੇਗੀ ਕਿਉਂਕਿ ਇਕ ਮਸ਼ੀਨ ਉਪਰ 15 ਤਕ ਉਮੀਦਵਾਰਾਂ ਲਈ ਵੋਟਾਂ ਪੈਂਦੀਆਂ ਹਨ | ਪੰਜਾਬ ਵਿਧਾਨ ਸਭਾ ਚੋਣਾਂ ਲਈ ਕੁਲ 2266 ਉਮੀਦਵਾਰਾਂ ਨੇ ਕਾਗ਼ਜ਼ ਭਰੇ ਸਨ, ਜਿਨ੍ਹਾਂ ਵਿਚੋਂ 588 ਦੇ ਕਾਗ਼ਜ਼ ਰੱਦ ਹੋ ਗਏ | ਇਨ੍ਹਾਂ 'ਚ ਬਹੁਤੇ ਆਜ਼ਾਦ ਹੀ ਹਨ | 341 ਉਮੀਦਵਾਰਾਂ ਨੇ ਅਪਣੇ ਕਾਗ਼ਜ਼ ਵਾਪਸ ਲਏ ਹਨ |
ਵੱਡੇ ਆਗੂਆਂ ਦੀਆਂ ਸੀਟਾਂ 'ਚ ਅੰਮਿ੍ਤਸਰ ਈਸਟ ਦੀ ਇਸ ਸਮੇਂ ਸੱਭ ਤੋਂ ਵੱਧ ਚਰਚਾ ਹੈ, ਜਿਥੇ ਬਹੁਤ ਫਸਵਾਂ ਤੇ ਦਿਲਚਸਪ ਮੁਕਾਬਲਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਰਮਿਆਨ ਹੈ | ਇਸ ਸੀਟ ਉਪਰ 10 ਉਮੀਦਵਾਰ ਮੈਦਾਨ ਵਿਚ ਹਨ |
ਪਟਿਆਲਾ ਸ਼ਹਿਰੀ ਦੀ ਸੀਟ ਵੀ ਅਹਿਮ ਹੈ, ਜਿਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਵਿਸ਼ਨੂੰ ਸ਼ਰਮਾ ਨਾਲ ਹੈ | ਇਥੇ ਕੁਲ 17 ਉਮੀਦਵਾਰ ਹਨ | ਇਸ ਤੋਂ ਬਾਅਦ ਜਲਾਲਾਬਾਦ ਦੀ ਸੀਟ ਅਹਿਮ ਹੈ, ਜਿਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੈਦਾਨ ਵਿਚ ਹਨ | ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਮੋਹਨ ਸਿੰਘ ਫਲੀਆਂਵਾਲਾ ਨਾਲ ਹੈ | 'ਆਪ' ਦੇ ਜਗਦੀਪ ਕੰਬੋਜ਼ ਵੀ ਮੁਕਾਬਲੇ ਵਿਚ ਹਨ | ਇਥੇ ਕੁਲ 15 ਉਮੀਦਵਾਰ ਹਨ | ਇਸ ਤੋਂ ਬਾਅਦ ਲੰਬੀ ਦੀ ਸੀਟ ਦਾ ਵਰਣਨ ਕਰਨਾ ਬਣਦਾ ਹੈ, ਜਿਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੁੱਖ ਮੁਕਾਬਲਾ 'ਆਪ' ਦੇ ਗੁਰਮੀਤ ਸਿੰਘ ਖੁਡੀਆਂ ਨਾਲ ਹੈ | ਇਥੇ ਕਾਂਗਰਸ ਦੇ ਜਗਪਾਲ ਸਿੰਘ ਅਬੁਲ ਖੁਰਾਣਾ ਵੀ ਮੁਕਾਬਲੇ ਵਿਚ ਹਨ | ਇਸ ਤੋਂ ਇਲਾਵਾ ਧੂਰੀ ਸੀਟ ਵੀ ਕਾਫ਼ੀ ਚਰਚਾ ਵਾਲੀ ਹੈ, ਜਿਥੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਉਮੀਦਵਾਰ ਭਗਵੰਤ ਮਾਨ ਦਾ ਮੁਕਾਬਲਾ ਕਾਂਗਰਸ ਦੇ ਮੌਜੂਦਾ ਵਿਧਾਇਕ ਦਲਵੀਰ ਗੋਲਡੀ ਨਾਲ ਹੈ | ਇਥੇ 12 ਉਮੀਦਵਾਰ ਹਨ ਅਤੇ ਅਕਾਲੀ ਦਲ ਦੇ ਪ੍ਰਕਾਸ਼ ਚੰਦ ਗਰਗ ਵੀ ਮੁਕਾਬਲੇ ਵਿਚ ਹਨ | ਚਮਕੌਰ ਸਾਹਿਬ ਤੇ ਭਦੌੜ ਦੀਆਂ ਸੀਟਾਂ ਵੀ ਚਰਚਾ ਵਾਲੀਆਂ ਮੁੱਖ ਸੀਟਾਂ 'ਚੋਂ ਹਨ, ਜਿਥੇ ਦੋਵੇਂ ਥਾਵਾਂ ਉਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਉਮੀਦਵਾਰ ਹਨ | ਚਮਕੌਰ ਸਾਹਿਬ 'ਚ ਉਨ੍ਹਾਂ ਮੁਕਾਬਲਾ ਅਕਾਲੀ-ਬਸਪਾ ਦੇ ਹਰਮੋਹਨ ਸਿੰਘ ਸੰਧੂ ਅਤੇ 'ਆਪ' ਦੇ ਡਾ. ਚਰਨਜੀਤ ਸਿੰਘ ਨਾਂਲ ਹੈ | ਇਥੇ 9 ਉਮੀਦਵਾਰ ਹਨ | ਭਦੌੜ ਸੀਟ ਉਪਰ ਮੁੱਖ ਮੰਤਰੀ ਚੰਨੀ ਦਾ ਮੁਕਾਬਲਾ 'ਆਪ' ਦੇ ਲਾਭ ਸਿੰਘ ਉਗੋਕੇ ਨਾਲ ਹੈ | ਇਥੇ ਅਕਾਲੀ-ਬਸਪਾ ਦੇ ਸਤਨਾਮ ਸਿੰਘ ਰਾਹੀ ਵੀ ਮੈਦਾਨ ਵਿਚ ਹਨ | ਇਥੇ ਕੁਲ 13 ਉਮੀਦਵਾਰ ਹਨ |
 
                     
                
 
	                     
	                     
	                     
	                     
     
                     
                     
                     
                     
                    