
ਉਹਨਾਂ ਦੇ ਪਰਿਵਾਰ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਕਰੀਆ ਅਦਾ ਕੀਤਾ।
ਲੁਧਿਆਣਾ- ਰਾਹੁਲ ਗਾਂਧੀ ਨੇ ਇਕ ਵਾਰ ਫਿਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨਿਆ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੂੰ ਚਾਹੁਣ ਵਾਲਿਆਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਇਸ ਦੇ ਨਾਲ ਹੀ ਜਿਵੇਂ ਹੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਤਾਂ ਉਹਨਾਂ ਦੀ ਪਤਨੀ ਭਾਵੁਕ ਹੋ ਗਏ ਤੇ ਉਹਨਾਂ ਦਾ ਬੇਟਾ ਨਵਜੀਤ ਸਿੰਘ ਖੁਸ਼ੀ ਵਿਚ ਝੂਮ ਉੱਠਿਆ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਕਰੀਆ ਅਦਾ ਕੀਤਾ।
ਇਸ ਖੁਸ਼ੀ ਦੇ ਮੌਕੇ 'ਤੇ ਉਹਨਾਂ ਦੇ ਪੁੱਤਰ ਨੇ ਹਲਕਾ ਚਮਕੌਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਤੁਸੀਂ ਉਸ ਆਮ ਬੰਦੇ ਨੂੰ ਤਰਜੀਹ ਦਿੱਤੀ ਜੋ ਆਮ ਲੋਕਾਂ ਵਿਚੋਂ ਉੱਠ ਕੇ ਖੜ੍ਹਾ ਹੋਇਆ ਹੈ। ਉਹਨਾਂ ਨੇ ਵਿਰੋਧੀਆਂ ਨੂੰ ਵੀ ਲਲਕਾਰਿਆ। ਨਵਜੀਤ ਸਿੰਘ ਨੇ ਕਿਹਾ ਕਿ ਅੱਜ ਇਕ ਆਮ ਆਦਮੀ ਦੇ ਅੰਦਰ ਜਾਨ ਆਈ ਹੈ ਕਿ ਇਕ ਗਰੀਬ ਪਰਿਵਾਰ ਦਾ ਮੁੱਖ ਮੰਤਰੀ ਬਣਿਆ ਹੈ। ਉਹਨਾਂ ਕਿਹਾ ਕਿ ਜੇ ਅਸੀਂ 111 ਦਿਨਾਂ ਵਿਚ ਲੋਕਾਂ ਦੇ ਦਿਲਾਂ ਵਿਚ ਏਨੀ ਜਗ੍ਹਾ ਬਣਾ ਸਕਦੇ ਹਾਂ ਤਾਂ ਤੁਸੀਂ ਦੇਖ ਲਵੋ ਕਿ 5 ਸਾਲਾਂ ਵਿਚ ਲੋਕ ਸਾਡੇ ਤੋਂ ਕਿੰਨਾ ਖੁਸ਼ ਹੋਣਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ 111 ਦਿਨਾਂ ਵਿਚ ਇੰਨੇ ਵੱਡੇ ਫੈਸਲੇ ਲਏ ਗਏ ਹਨ ਉਸੇ ਤਰ੍ਹਾਂ ਹੀ 5 ਸਾਲ ਵਿਚ ਪੰਜਾਬ ਦਾ ਮਾਹੌਲ ਬਦਲ ਕੇ ਰੱਖ ਦਿੱਤਾ ਜਾਵੇਗਾ ਕਿਉਂਕਿ ਲੋਕਾਂ ਨੇ ਚਰਨਜੀਤ ਚੰਨੀ ਨੂੰ ਅਗਲੇ 5 ਸਾਲਾਂ ਲਈ ਮੁੱਖ ਮੰਤਰੀ ਬਣਾੁਣ ਦਾ ਮਨ ਬਣਾ ਲਿਆ ਹੈ।