 
          	ਬਾਦਲਾਂ ਨੇ ਪੰਥ ਦਾ ਘਾਣ ਅਤੇ ਸਿੱਖ ਕੌਮ ਦਾ ਬੇੜਾ ਗਰਕ ਕਰਨ ’ਚ ਨਹੀਂ ਛੱਡੀ ਕਸਰ : ਅਮਰੀਕ ਸਿੰਘ
ਕੋਟਕਪੂਰਾ, 6 ਫ਼ਰਵਰੀ (ਗੁਰਿੰਦਰ ਸਿੰਘ) : ਬਾਦਲਾਂ ਦੀਆਂ ਸਿਆਸੀ ਰੈਲੀਆਂ ਵਿਚ ਸ਼ਾਮਲ ਹੋਣ ਵਾਲੇ ਸਿੱਖਾਂ ਨੂੰ ਧਰਮੀ ਫ਼ੌਜੀਆਂ ਨੇ ਅਪੀਲ ਕੀਤੀ ਹੈ ਕਿ ਉਹ ਪੀੜਤ ਪ੍ਰਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਨਾ ਛਿੜਕਣ, ਕਿਉਂਕਿ ਬਾਦਲਾਂ ਨੇ ਪੰਥ ਵਿਰੋਧੀ ਪਾਰਟੀਆਂ ਨਾਲ ਸਾਂਝਭਿਆਲੀ ਪਾ ਕੇ ਪੰਥ ਦਾ ਘਾਣ ਅਤੇ ਸਿੱਖ ਕੌਮ ਦਾ ਬੇੜਾ ਗਰਕ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। 
ਸਿੱਖ ਧਰਮੀ ਫ਼ੌਜੀ ਵੈੱਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਮਰੀਕ ਸਿੰਘ, ਜ਼ਿਲ੍ਹਾ ਫ਼ਰੀਦਕੋਟ ਤੋਂ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ ਅਤੇ ਸੁਰੈਣ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ ਨੇ ਜਾਰੀ ਕੀਤੇ ਪੈ੍ਰੱਸ ਬਿਆਨ ਰਾਹੀਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਬਾਦਲਾਂ ਨੇ ਜੂਨ ’84 ਵਿਚ ਧਰਮੀ ਫ਼ੌਜੀਆਂ ਨੂੰ ਬੈਰਕਾਂ ਛੱਡਣ ਲਈ ਉਕਸਾਇਆ ਤੇ ਫਿਰ ਉਨ੍ਹਾਂ ਦੀ ਸਾਰ ਨਾ ਲਈ, ਜੂਨ ’84 ਅਤੇ ਨਵੰਬਰ ’84 ਵਾਲੇ ਘੱਲੂਘਾਰਿਆਂ ਦੇ ਨਾਮ ’ਤੇ ਸਿਆਸੀ ਰੋਟੀਆਂ ਤਾਂ ਸੇਕੀਆਂ ਅਤੇ ਸੱਤਾ ਦਾ ਅਨੰਦ ਵੀ ਮਾਣਿਆਂ ਪਰ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਜਾਂ ਮਦਦ ਕਰਨ ਦੀ ਲੋੜ ਨਹੀਂ ਸਮਝੀ।
ਉਨ੍ਹਾਂ ਆਖਿਆ ਕਿ ਤਾਜ਼ਾ ਘਟਨਾ ਵਿਚ ਕਿਸਾਨ ਅੰਦੋਲਨ ਦੌਰਾਨ ਲਗਭਗ 750 ਕਿਸਾਨ ਸ਼ਹੀਦ ਹੋ ਗਏ, ਬੇਅਦਬੀ ਕਾਂਡ ਬਾਦਲਾਂ ਦੇ ਰਾਜ ਦੌਰਾਨ ਵਾਪਰਿਆ, ਬਾਦਲਾਂ ਨੇ ਦੋਸ਼ੀਆਂ ਦੀ ਸਰਪ੍ਰਸਤੀ ਕਰਦਿਆਂ ਡੇਰਾ ਪੇ੍ਰਮੀਆਂ ਨੂੰ ਅਪਣੀ ਪਾਰਟੀ ਵਿਚ ਅਹੁਦੇ ਦਿਤੇ ਅਤੇ ਪਾਰਟੀ ਦੀਆਂ ਟਿਕਟਾਂ ਦੇ ਕੇ ਨਿਵਾਜਿਆ, ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਬਾਦਲ ਸਰਕਾਰ ਦੀ ਪੁਲਿਸ ਨੇ ਗੋਲੀ ਚਲਾ ਦਿਤੀ, ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ, ਦੋਸ਼ੀ ਸਾਹਮਣੇ ਆ ਜਾਣ ਦੇ ਬਾਵਜੂਦ ਆਜ਼ਾਦ ਘੁੰਮ ਰਹੇ ਹਨ ਤੇ ਪੀੜਤ ਪ੍ਰਵਾਰ ਕੜਾਕੇ ਦੀ ਠੰਡ ਵਿਚ ਦਿਨ ਰਾਤ ਦੇ ਧਰਨੇ ’ਤੇ ਬੈਠ ਕੇ ਮੋਰਚੇ ਲਾਉਣ ਲਈ ਮਜਬੂਰ ਹਨ। 
ਧਰਮੀ ਫ਼ੌਜੀਆਂ ਨੇ ਬਾਦਲਾਂ ਵਲੋਂ ਪੰਥਕ ਪਾਰਟੀ ਅਖਵਾਉਣ ਦੇ ਬਾਵਜੂਦ ਕੁਰਸੀ ਖਾਤਰ ਪੰਥਵਿਰੋਧੀ ਸ਼ਿਵ ਸੈਨਾ ਨਾਲ ਗਠਜੋੜ ਕਰਨ ਦੀਆਂ ਖ਼ਬਰਾਂ ਨੇ ਦੇਸ਼-ਵਿਦੇਸ਼ ਵਿਚ ਬੈਠੀਆਂ ਸੰਗਤਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿਤੇ ਹਨ। ਧਰਮੀ ਫ਼ੌਜੀਆਂ ਮੁਤਾਬਕ ਜੇਕਰ ਪੰਥ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਬਣ ਚੁਕੀ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਅਤੇ ਇਸ ਦੇ ਸੰਪਾਦਕ ਵਿਰੁਧ ਬਾਦਲਾਂ ਵਲੋਂ ਕੀਤੀਆਂ ਜ਼ਿਆਦਤੀਆਂ, ਧੱਕੇਸ਼ਾਹੀਆਂ ਆਦਿ ਦਾ ਜ਼ਿਕਰ ਨਾ ਵੀ ਕਰੀਏ ਤਾਂ ਫਿਰ ਵੀ ਬਾਦਲਾਂ ਦੀਆਂ ਪੰਥਦੋਖੀ ਕਾਰਵਾਈਆਂ ਅਤੇ ਸਾਜ਼ਸ਼ਾਂ ਦੀ ਵੱਡੀ ਕਿਤਾਬ ਤਿਆਰ ਕੀਤੀ ਜਾ ਸਕਦੀ ਹੈ।
 
                     
                
 
	                     
	                     
	                     
	                     
     
     
     
     
                     
                     
                     
                     
                    