
ਕਾਂਗਰਸੀ ਅਪਣੇ ਕੀਤੇ ਦੀ ਸਜ਼ਾ ਭੁਗਤ ਰਹੇ ਹਨ : ਅਰੂਸਾ ਆਲਮ
ਚੰਨੀ ਨੂੰ ਦਸਿਆ ਕਮਜ਼ੋਰ ਮੁੱਖ ਮੰਤਰੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਾਈਟਰ
ਚੰਡੀਗੜ੍ਹ, 5 ਫ਼ਰਵਰੀ (ਭੁੱਲਰ) : ਬਹੁਚਰਚਿਤ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਦੇ ਚਲਦੇ ਕੈਪਟਨ ਅਮਰਿੰਦਰ ਸਿੰਘ ਦੀ ਖ਼ੂਬ ਤਾਰੀਫ਼ ਕੀਤੀ ਹੈ ਅਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਨਿਸ਼ਾਨੇ ਸਾਧੇ ਹਨ | ਉਸ ਨੇ ਇਕ ਟੀ.ਵੀ. ਇੰਟਰਵਿਊ 'ਚ ਕਾਂਗਰਸ ਦੀ ਹਾਲਤ ਬਾਰ ਕਿਹਾ ਕਿ ਕਾਂਗਰਸ ਨੂੰ ਅਪਣੇ ਕੀਤੇ ਦੀ ਸਜ਼ਾ ਭੁਗਤਣੀ ਪੈ ਰਹੀ ਹੈ | ਉਸ ਨੇ ਇਸ ਨੂੰ ਪੋਇਟਕ ਜਸਟਿਸ ਦਸਿਆ ਹੈ | ਅਰੂਸਾ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗ਼ੈਰ ਲੋਕਤੰਤਰੀ ਤਰੀਕੇ ਨਾਲ ਹਟਾ ਕੇ ਕਾਂਗਰਸ ਨੇ ਇਕ ਕਮਜ਼ੋਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ | ਉਨ੍ਹਾਂ ਕੈਪਟਨ ਨੂੰ ਫ਼ਾਈਟਰ ਦਸਦੇ ਹੋਏ ਕਿਹਾ ਉਹ ਸਾਫ਼ ਸੁਥਰੇ ਨੇਤਾ ਹਨ ਅਤੇ ਅਜਿਹੇ ਨੇਤਾ ਦੀ ਅੱਜ ਲੋੜ ਹੈ |
ਅਰੂਸਾ ਆਲਮ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਬਾਰੇ ਵੀ ਟਿਪਣੀ ਕਰਦਿਆਂ ਕਿਹਾ, ਕਿ ਉਹ ਜੋ ਮਰਜ਼ੀ ਕਹੀ ਜਾਣ ਪਰ ਉਨ੍ਹਾਂ ਉਪਰ ਵੀ ਗੰਭੀਰ ਦੋਸ਼ ਲੱਗ ਰਹੇ ਹਨ | ਕਿਹਾ ਜਾਂਦਾ ਹੈ ਕਿ ਸਿੱਧੂ ਮੁੰਬਈ ਵਿਚ ਬੈਠਦੇ ਸਨ ਅਤੇ ਉਨ੍ਹਾਂ ਦਾ ਮੰਤਰਾਲਾ ਨਵਜੋਤ ਕੌਰ ਸਿੱਧੂ ਚਲਾਉਂਦੀ ਸੀ |