
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਐਲਾਨੇ ਜਾਣ ’ਤੇ ਹਲਕਾ ਸੰਗਰੂਰ ’ਚ ਖ਼ੁਸ਼ੀ ਦਾ ਮਾਹੌਲ
ਸੰਗਰੂਰ, 6 ਫ਼ਰਵਰੀ (ਬਲਵਿੰਦਰ ਭੁੱਲਰ): ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਤੋਂ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਪਿਛੋਂ ਸਮੁੱਚੇ ਸੰਗਰੂਰ ਹਲਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ ਤੇ ਕਾਂਗਰਸੀਆਂ ਵਲੋਂ ਢੋਲ ਢਮੱਕਿਆਂ ਤੇ ਥਾਂ ਥਾਂ ਅਤੇ ਲੱਡੂ ਵੰਡੇ ਜਾ ਰਹੇ ਹਨ।
ਅੱਜ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ’ਤੇ ਕਾਂਗਰਸੀ ਸਮਰਥਕਾਂ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਖ਼ੁਸ਼ੀ ਜ਼ਾਹਰ ਕਰਦਿਆਂ ਕਾਂਗਰਸ ਪਾਰਟੀ ਦੇ ਪੱਖ ਵਿਚ ਨਾਹਰੇਬਾਜ਼ੀ ਕੀਤੀ। ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਚੰਨੀ ਸਾਹਿਬ ਨੂੰ ਮੁੜ ਤੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਕਾਰਨ ਕਾਂਗਰਸੀ ਵਰਕਰਾਂ ਵਿਚ ਵੱਡਾ ਜ਼ੋਸ਼ ਹੈ ਅਤੇ ਇਸ ਐਲਾਨ ਨਾਲ ਸਮੁੱਚੇ ਪੰਜਾਬ ਵਿਚ ਕਾਂਗਰਸ ਦੇ ਪੱਖ ਵਿਚ ਹਵਾ ਚਲ ਪਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਮੁੜ ਤੋਂ ਬਣੇਗੀ ਅਤੇ ਗ਼ਰੀਬਾਂ ਦੇ ਰਖਵਾਲੇ ਚਰਨਜੀਤ ਸਿੰਘ ਚੰਨੀ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਸਿੰਗਲਾ ਨੇ ਕਿਹਾ ਕਿ ਇਕੋ ਇਕ ਕਾਂਗਰਸ ਪਾਰਟੀ ਹੈ ਜਿਹੜੀ ਜੋ ਕਹਿੰਦੀ ਹੈ, ਉਹ ਕਰਦੀ ਹੈ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਦਲਿਤ ਮੁੱਖ ਮੰਤਰੀ ਸਬੰਧੀ ਮਹਿਜ ਬਿਆਨਬਾਜ਼ੀ ਹੀ ਕੀਤੀ ਹੈ ਜਦੋਂ ਕਿ ਕਾਂਗਰਸ ਪਾਰਟੀ ਨੇ ਇਕ ਯੋਗ ਦਲਿਤ ਆਗੂ ਨੂੰ ਅਪਣੇ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਸਾਰਿਆਂ ਦੇ ਮੂੰਹ ਬੰਦ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਅਪਣੇ 100 ਦਿਨਾਂ ਵਿਚ ਜਿਸ ਤਰ੍ਹਾਂ ਦੇ ਕੰਮ ਕਰ ਕੇ ਵਿਖਾਏ ਉਸ ਵਿਚ ਸਮੁੱਚੇ ਸੂਬੇ ਵਿਚ ਉਨ੍ਹਾਂ ਦੇ ਹੱਕ ਵਿਚ ਲਹਿਰ ਬਣੀ ਹੋਈ ਹੈ ਜਿਸ ਕਾਰਨ ਆਉਣ ਵਾਲੇ ਪੰਜ ਸਾਲਾਂ ਵਿਚ ਕਾਂਗਰਸ ਸਥਿਰ ਸਰਕਾਰ ਬਣਾ ਕੇ ਪੰਜਾਬ ਨੂੰ ਤਰੱਕੀ ਦੀਆਂ ਬਰੂਹਾਂ ’ਤੇ ਲੈ ਕੇ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ।