
ਜੇਕਰ ਮੈਨੂੰ ਫੈਸਲੇ ਲੈਣ ਦੀ ਤਾਕਤ ਮਿਲੀ ਤਾਂ ਮੈਂ ਪੰਜਾਬ 'ਚੋਂ ਮਾਫੀਆ ਦਾ ਖ਼ਾਤਮਾ ਕਰ ਦਿਆਂਗਾ
ਚੰਡੀਗੜ੍ਹ - ਅੱਜ ਕਾਂਗਰਸ ਦੀ ਵਰਚੁਅਲ ਰੈਲੀ ਹੋ ਰਹੀ ਹੈ। ਇਸ ਵਰਚੁਅਲ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਵਿਰੋਧੀਆਂ ਨੂੰ ਰਗੜੇ ਵੀ ਲਗਾਏ ਤੇ ਕਿਹਾ ਕਿ ਅੱਜ ਫੈਸਲੇ ਦੀ ਘੜੀ ਹੈ। ਸਿੱਧੂ ਨੇ ਸੀਐਮ ਦੇ ਚਿਹਰੇ 'ਤੇ ਦਾਅਵਾ ਛੱਡਦੇ ਹੋਏ ਆਤਮ ਸਮਰਪਣ ਕਰ ਦਿੱਤਾ। ਸਿੱਧੂ ਨੇ ਕਿਹਾ ਕਿ ਮੈਨੂੰ ਕੋਈ ਲਾਲਸਾ ਨਹੀਂ ਹੈ ਪਰ ਮੈਨੂੰ ਦਰਸ਼ਨੀ ਘੋੜਾ ਨਾ ਬਣਨ ਦਿਓ, ਮੈਨੂੰ ਫੈਸਲੇ ਲੈਣ ਦੀ ਸ਼ਕਤੀ ਦਿਓ।
Navjot Sidhu
ਪੰਜਾਬ ਲਈ ਰੱਖੇ ਜਾਣ ਵਾਲੇ ਨੀਂਹ ਦਾ ਉਹ ਪਹਿਲਾ ਪੱਧਰ ਬਣਨ ਲਈ ਤਿਆਰ ਹਨ। ਸਿੱਧੂ ਨੇ ਕਿਹਾ ਕਿ ਮੈਂ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ। ਸਿੱਧੂ ਨੇ ਕਿਹਾ ਕਿ ਜੇਕਰ ਮੈਨੂੰ ਫੈਸਲੇ ਲੈਣ ਦੀ ਤਾਕਤ ਮਿਲੀ ਤਾਂ ਮੈਂ ਪੰਜਾਬ 'ਚੋਂ ਮਾਫੀਆ ਦਾ ਖ਼ਾਤਮਾ ਕਰ ਦਿਆਂਗਾ। ਜੇਕਰ ਮੈਨੂੰ ਸੀਐਮ ਚਿਹਰਾ ਨਾ ਬਣਾਇਆ ਤਾਂ ਜਿਸ ਨੂੰ ਬਣਾਇਆ ਜਾਵੇਗਾ ਉਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ।
Navjot Sidhu
ਨਵਜੋਤ ਸਿੱਧੂ ਨੇ ਕਿਹਾ ਕਿ ਉਹ 13 ਸਾਲ ਭਾਜਪਾ ਵਿਚ ਰਹੇ ਪਰ ਉਨ੍ਹਾਂ ਤੋਂ ਸਿਰਫ਼ ਪ੍ਰਚਾਰ ਹੀ ਕਰਵਾਇਆ ਗਿਆ, ਕਿਤੇ ਇੱਧਰ ਤੇ ਕਿਤੇ ਓਧਰ। ਕਾਂਗਰਸ ਨੇ ਸਿਰਫ਼ 4 ਸਾਲਾਂ ਵਿਚ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਫੀ ਕੋਸਿਆ। ਸਿੱਧੂ ਨੇ ਪੰਜਾਬ ਵਿਚ ਚਰਨਜੀਤ ਚੰਨੀ ਨੂੰ ਦਲਿਤ ਮੁੱਖ ਮੰਤਰੀ ਬਣਾਉਣ ਲਈ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ। ਇਸ ਰੈਲੀ 'ਚ ਰਾਹੁਲ ਗਾਂਧੀ ਜਲਦ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ।
Navjot Sidhu
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ’ਚ ਇਸ ਵਾਰ ਫ਼ਿਰ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਨਸ਼ਾ ਤਸਕਰਾਂ ਦਾ ਖ਼ਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ਾ ਮੁਕਤ ਪੰਜਾਬ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੈਨੀਫੈਸਟੋ ’ਚ ਸਾਰੇ ਸਰਕਾਰੀ ਕੰਮਾਂ ਨੂੰ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਘਰ ਬੈਠ ਕੇ ਬਰਥ ਸਰਟੀਫਿਕੇਟ, ਡੈਥ ਸਰਟੀਫੀਕੇਟ, ਲਾਇਸੈਂਸ, ਸਾਰੇ ਸਰਕਾਰੀ ਜਸਤਾਵੇਜ਼ ਮਿਲ ਸਕਣ। ਸਿੰਗਲ ਵਿੰਡੋ ਸਿਸਟ ਬਣਾਇਆ ਜਾਵੇਗਾ। ਸਿੱਧੂ ਨੇ ਇਕ ਵਾਰ ਫਿਰ ਕਿਹਾ ਕਿ ਜਾਂ ਤਾਂ ਪੰਜਾਬ ’ਚ ਮਾਫੀਆ ਰਹੇਗਾ ਜਾਂ ਸਿੱਧੂ ਰਹੇਗਾ।
Navjot Sidhu
ਸਿੱਧੂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਨ੍ਹਾਂ ਨੂੰ ਸੱਤਾ ਜਾਂ ਅਹੁਦੇ ਦਾ ਕੋਈ ਲਾਲਸਾ ਨਹੀਂ ਹੈ। ਉਹ ਸਿਰਫ਼ ਪੰਜਾਬ ਅਤੇ ਕਾਂਗਰਸ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਰ ਔਰਤ ਨੂੰ ਸਿਲੰਡਰ, ਪੜ੍ਹਨ ਵਾਲੀਆਂ ਕੁੜੀਆਂ ਨੂੰ ਵਜ਼ੀਫਾ ਰਾਸ਼ੀ ਅਤੇ ਪੰਜਾਬ ’ਚ ਪੰਚਾਇਤੀ ਰਾਜ ਕਾਇਮ ਕਰਕੇ ਰਾਜੀਵ ਗਾਂਧੀ ਦੇ ਸੁਫ਼ਨੇ ਨੂੰ ਚਾਰ ਚੰਨ ਲਗਾਉਣਾ ਮੇਰਾ ਸੁਫ਼ਨਾ ਹੈ। ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਦਰਸ਼ਨੀ ਘੋੜਾ ਬਣ ਕੇ ਨਹੀਂ ਰਹਿਣਾ ਚਾਹੁੰਦਾ ਸਗੋਂ ਪੰਜਾਬ ਦੀ ਮਜ਼ਬੂਤ ਨੀਂਹ ਬਣ ਕੇ ਰਹਿਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਵੀ ਬਣਦੇ ਤਾਂ ਵੀ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ।