
ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਮੌਕੇ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਮੱਥਾ ਟੇਕਿਆ
ਪਟਿਆਲਾ, 5 ਜਨਵਰੀ (ਦਲਜਿੰਦਰ ਸਿੰਘ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਮਹਾਨ ਵਿਰਾਸਤ ਅਤੇ ਇਤਿਹਾਸ ਨੂੰ ਸਮੋਈ ਬੈਠੀ ਹੈ। ਅੱਜ ਲੋੜ ਹੈ ਕਿ ਸਾਡੀ ਅਜੌਕੀ ਪੀੜ੍ਹੀ ਗੌਰਵਮਈ ਇਤਿਹਾਸ ਨਾਲ ਜੁੜ ਕੇ ਅਪਣੀਆਂ ਕਦਰਾਂ-ਕੀਮਤਾਂ ਅਤੇ ਰਵਾਇਤੀ ਪ੍ਰੰਪਰਾਵਾਂ ਦੀ ਧਾਰਨੀ ਬਣੇ। ਗਿਆਨੀ ਹਰਪ੍ਰੀਤ ਸਿੰਘ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮਨਾਏ ਜਾ ਰਹੇ ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੌਰਾਨ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਚਲ ਰਹੇ ਧਾਰਮਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਗਿਆਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦਾ ਸਮੁੱਚਾ ਜੀਵਨ ਅਜਿਹੀ ਜੀਵਨ ਜਾਂਚ ਪ੍ਰਦਾਨ ਕਰਦਾ ਹੈ ਕਿ ਮਨੁੱਖ ਬਾਣੀ ਤੇ ਬਾਣੇ ਦਾ ਧਾਰਨੀ ਹੋ ਕੇ ਹਰ ਪੱਖੋਂ ਸੁਹੇਲੇ ਹੋ ਸਕਦਾ ਅਤੇ ਅੱਜ ਲੋੜ ਹੈ ਕਿ ਅਸੀਂ ਖਾਲਸਾਈ ਪ੍ਰੰਪਰਾਵਾਂ ਦੇ ਧਾਰਨੀ ਹੋਈਏ ਅਤੇ ਕੌਮ ਦੇ ਮਹਾਨ ਗੌਰਵਮਈ ਇਤਿਹਾਸ ਨਾਲ ਜੁੜਨ ਦਾ ਉਪਰਾਲਾ ਕਰੀਏ। ਧਾਰਮਕ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਸਤਵਿੰਦਰ ਸਿੰਘ ਟੋਹੜਾ, ਹੈਡ ਗ੍ਰੰਥੀ ਪ੍ਰਿਤਪਾਲ ਸਿੰਘ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਪ੍ਰਬੰਧਕਾਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਰੋਪਾਉ ਨਾਲ ਸਨਮਾਨਤ ਕੀਤਾ।
ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਰਣਧੀਰ ਸਿੰਘ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਗੁਰਦੁਆਰਾ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਆਸਥਾ ਦਾ ਪ੍ਰਗਟਾਵਾ ਕੀਤਾ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ’ਚ ਚੱਲੇ ਧਾਰਮਕ ਦੀਵਾਨਾਂ ਵਿਚ ਢਾਡੀ-ਕਵੀਸ਼ਰੀ ਜਥਿਆਂ ਵਿਚ ਗੁਰਪਿਆਰ ਸਿੰਘ ਜੌਹਰ, ਸੁਖਜਿੰਦਰ ਸਿੰਘ ਚੰਗਿਆੜਾ, ਹਰਪ੍ਰੀਤ ਸਿੰਘ ਮਸਤਾਨਾ, ਭਾਈ ਲਖਵਿੰਦਰ ਸਿੰਘ, ਭਾਈ ਸ਼ੀਤਮਲ ਸਿੰਘ ਮਿਸ਼ਰਾ, ਭਾਈ ਮਹਿੰਦਰ ਸਿੰਘ ਸਿਵੀਆ ਆਦਿ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਇਸ ਮੌਕੇ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਮੀਤ ਮੈਨੇਜਰ ਭਾਗ ਸਿੰਘ, ਮੈਨੇ. ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਸਾਬਕਾ ਮੈਂਬਰ ਬੀਬੀ ਕਮਲੇਸ਼, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ, ਭਾਈ ਦਰਸ਼ਨ ਸਿੰਘ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਰਣਧੀਰ ਸਿੰਘ ਧੀਰਾ, ਆਤਮ ਪ੍ਰਕਾਸ਼ ਸਿੰਘ ਬੇਦੀ ਆਦਿ ਹਾਜ਼ਰ ਸਨ।
ਫੋਟੋ ਨੰ 5ਪੀਏਟੀ. 3